ਬਰੈਂਪਟਨ/ਬਿਊਰੋ ਨਿਊਜ਼ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਵਲੋਂ ਸਾਲਾਨਾ ਪ੍ਰੋਗਰਾਮ ਨੁੰ ਅੰਤਿਮ ਰੂਪ ਦੇਣ ਲਈ ਜਨਰਲ ਬਾਡੀ ਦੀ ਮੀਟਿੰਗ ਪਰਮਜੀਤ ਬੜਿੰਗ ਦੀ ਪਰਧਾਨਗੀ ਹੇਠ ਹੋਈ। ਇਹ ਪ੍ਰੋਗਰਾਮ 29 ਜੁਲਾਈ ਦਿਨ ਐਤਵਾਰ ਸਵੇਰੇ 10:30 ਤੋਂ 4:00 ਵਜੇ ਤੱਕ ਡਿਕਸੀ ਅਤੇ ਸੈਂਡਲਵੁੱਡ ਇੰਟਰਸੈਕਸ਼ਨ ‘ਤੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿੱਚ ਹੋ ਰਿਹਾ ਹੈ। ਚਾਹ ਪਾਣੀ ਤੋਂ ਬਾਅਦ ਬਲਵਿੰਦਰ ਬਰਾੜ ਨੇ ਸਾਰੇ ਮੈਂਬਰਾਂ ਨੂੰ ਜੀਅ ਆਇਆਂ ਕਹਿਣ ਦੇ ਨਾਲ ਹੀ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਨਵੇਂ ਕਲੱਬਾਂ ਦੀ ਜਾਣ ਪਹਿਚਾਣ ਕਰਵਾਈ। ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਸਿਲਸਲੇਵਾਰ ਰਿਪੋਰਟ ਪੇਸ਼ ਕੀਤੀ। ਉਸ ਨੇ ਦੱਸਿਆ ਕਿ ਪਿਛਲੇ ਸਾਲ ਸੌਕਰ ਸੈਂਟਰ ਦੇ ਹਾਲ ਦੇ ਇੱਕ ਭਾਗ ਵਿੱਚ ਪ੍ਰੋਗਰਾਮ ਲਈ ਤੰਗੀ ਮਹਿਸੂਸ ਕੀਤੀ ਗਈ ਸੀ। ਬਹੁਤ ਸਾਰੇ ਲੋਕਾਂ ਨੂੰ ਖੜ੍ਹੇ ਹੋ ਕੇ ਪ੍ਰੋਗਰਾਮ ਦੇਖਣਾ ਪਿਆ ਸੀ। ਇਸ ਸਾਲ ਐਸੋਸੀਏਸ਼ਨ ਦਾ ਘੇਰਾ ਵੀ ਵਿਸ਼ਾਲ ਹੋਇਆ ਹੈ। ਇਹ ਸਭ ਕੁੱਝ ਨੂੰ ਮੱਦੇ ਨਜਰ ਰਖਦੇ ਹੋਏ ਹਾਲ ਦੇ ਦੋ ਭਾਗ ਬੁੱਕ ਕਰਵਾਏ ਗਏ ਹਨ ਤਾਂ ਕਿ ਕਿਸੇ ਕਿਸਮ ਦੀ ਤੰਗੀ ਮਹਿਸੂਸ ਨਾ ਹੋਵੇ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈਆਂ ਵੱਖ ਵੱਖ ਕਮੇਟੀਆਂ ਨੂੰ ਫਾਈਨਲ ਕੀਤਾ ਗਿਆ। ਸੁਰ ਸਾਗਰ ਟੀ ਵੀ ਦੇ ਸੱਤਪਾਲ ਜੌਹਲ ਵਲੋਂ ਐਸੋਸੀਏਸ਼ਨ ਨੂੰ ਸੱਦਾ ਪੱਤਰ ਮਿਲਣ ਦੀ ਸੂਚਨਾ ਸਾਂਝੀ ਕਰਨ ਤੇ ਸਾਰੇ ਮੈਂਬਰਾਂ ਨੇ ਇੱਕ ਸੁਰ ਹੋ ਕੇ ਰਾਇ ਦਿੱਤੀ ਕਿ ਇਸ ਪ੍ਰੋਗਰਾਮ ਸਬੰਧੀ ਟੀ ਵੀ ਰਾਹੀਂ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਜਾਇਆ ਜਾਵੇ। ਐਸੋਸੀਏਸ਼ਨ ਦੀ ਤਿੰਨ ਮੈਂਬਰੀ ਕਮੇਟੀ 23 ਜੁਲਾਈ ਸ਼ਾਮ 7:45 ਤੇ ਸੁਰ ਸਾਗਰ ਟੀ ਵੀ ਪ੍ਰੋਗਰਾਮ ਵਿੱਚ ਲੋਕਾਂ ਦੇ ਰੂ ਬ ਰੂ ਹੋਵੁਗੀ।
ਇਸ ਮੀਟਿੰਗ ਦੌਰਾਨ ਕਰਤਾਰ ਸਿੰਘ ਚਾਹਲ ਨੇ ਡਿਸਪਲੇਅ ਕਰਨ ਲਈ ਕਲੱਬਾਂ ਤੋਂ ਬੈਨਰ ਇਕੱਠੇ ਕੀਤੇ ਅਤੇ ਰਹਿੰਦੇ ਕਲੱਬਾਂ ਤੋਂ ਫੋਨ ਕਰ ਕੇ ਬੈਨਰ ਪ੍ਰਾਪਤ ਕਰਨ ਲਈ ਡਿਉਟੀ ਲਾਈ ਗਈ। ਕਮਿਊਨਿਟੀ ਆਗੂਆਂ ਨੂੰ ਪੇਸ਼ ਕੀਤਾ ਜਾਣ ਵਾਲਾ ਮੰਗ ਪੱਤਰ ਤਿਆਰ ਕਰਨ ਲਈ ਐਗਜੈਕਟਿਵ ਕਮੇਟੀ ਨੂੰ ਜਿੰਮੇਵਾਰੀ ਸੌਂਪੀ ਗਈ। ਮੀਟਿੰਗ ਦੌਰਾਨ ਪ੍ਰੋ: ਰਾਮ ਸਿੰਘ ਨੇ ਸੀਨੀਅਰਜ਼ ਅਬਿਊਜ਼ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਚਾਰ ਨਵੇਂ ਕਲੱਬਾਂ ਰੌਬਸਟ-ਪੋਸਟ, ਹਾਰਟ ਲੇਕ, ਡਾਨ ਮਾਨੇਕਰ ਅਤੇ ਬਰੈਡਨ ਦੁਆਰਾ ਐਸ਼ੋਸੀਏਸ਼ਨ ਵਿੱਚ ਸ਼ਾਮਲ ਹੋਣ ਤੇ ਜਨਰਲ ਬਾਡੀ ਵਲੋਂ ਤਾੜੀਆਂ ਮਾਰ ਕੇ ਸਵਾਗਤ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪ੍ਰੋਗਰਾਮ ਸਮੇਂ ਮਾਇਕ ਸਹਾਇਤਾ ਲਈ ਇੱਕ ਬੌਕਸ ਰੱਖਿਆ ਜਾਵੇ। ਜਨਰਲ ਬਾਡੀ ਵਿੱਚ ਸ਼ਾਮਲ ਬਹੁਤ ਸਾਰੇ ਮੈਂਬਰਾਂ ਨੇ ਤੁਰੰਤ ਹੀ ਮੌਕੇ ‘ਤੇ ਆਪਣਾ ਹਿੱਸਾ ਦੇ ਕੇ ਯੋਗਦਾਨ ਪਾਇਆ।
ਪ੍ਰੋਗਰਾਮ ਸਮੇਂ ਸੀਨੀਅਰਜ਼ ਦੀ ਜਾਣਕਾਰੀ ਵਿੱਚ ਵਾਧਾ ਕਰਨ ਹਿੱਤ ਪੰਜ ਸਟਾਲ ਲਾਏ ਜਾਣਗੇ। ਜਿਨ੍ਹਾਂ ਵਿੱਚ ਡੈਂਟਿਸਟ ਬਲਬੀਰ ਸੋਹੀ, ਤਰਕਸ਼ੀਲ ਸੁਸਾਇਟੀ, ਸਰੋਕਾਰਾਂ ਦੀ ਆਵਾਜ, ਲੋਟਸ ਫਿਊਨਰਲ ਹੋਮ ਅਤੇ ਪੀ ਸੀ ਐਚ ਐਸ ਸ਼ਾਮਲ ਹਨ। ਅਮਨ ਕਾਹਲੋਂ ਨੇ ਪੀ ਸੀ ਐਚ ਐਸ ਦੇ ਸਟਾਲ ਬਾਰੇ ਕਨਫਰਮ ਕਰ ਦਿੱਤਾ ਹੈ। ਬੁਲਾਰਿਆਂ ਵਿੱਚ ਸੁਖਮੰਦਰ ਰਾਮਪੁਰੀ, ਪ੍ਰ: ਰਾਮ ਸਿੰਘ, ਦੇਵ ਸੂਦ, ਬਲਵਿੰਦਰ ਬਰਾੜ, ਪ੍ਰੋ: ਨਿਰਮਲ ਧਾਰਨੀ ਅਤੇ ਜੰਗੀਰ ਸਿੰਘ ਆਦਿ ਹਨ। ਇਹਨਾਂ ਵਲੋਂ ਸੀਨੀਅਰਜ਼ ਦੀ ਪੈਨਸ਼ਨ , ਹੈਲਥ ਸਬੰਧੀ , ਖੂਨ ਦਾਨ ਅਤੇ ਅੰਗ ਦਾਨ ਅਤੇ ਸਮਾਜਿਕ ਸਮੱਸਿਆਵਾਂ ਬਾਰੇ ਵਿਚਾਰ ਰੱਖੇ ਜਾਣਗੇ। ਸੁਖਦੇਵ ਭਦੌੜ, ਸੁਮੀਤ/ਬਲਜੀਤ ਬੈਂਸ, ਇਕਬਾਲ ਬਰਾੜ ਅਤੇ ਭੁਪਿੰਦਰ ਰਤਨ ਗੀਤ ਪੇਸ਼ ਕਰਨਗੇ। ਗਿੱਧੇ ਅਤੇ ਭੰਗੜੇ ਦੀਆਂ ਆਈਟਮਾਂ ਤੋਂ ਬਿਨਾਂ ਕੁਲਦੀਪ ਗਰੇਵਾਲ ਅਤੇ ਸਾਥਣਾਂ ਵਲੋਂ ਸਕਿੱਟ ਪੇਸ਼ ਕੀਤਾ ਜਾਵੇਗਾ। ਇਸ ਪਰੋਗਰਾਮ ਵਿੱਚ ਪੰਜਾਬੀ ਦੇ ਪਰਸਿੱਧ ਲੇਖਕ ਵਰਿਆਮ ਸੰਧੂ, ਕੈਥ ਮੀਡਨ, ਲੋਟਸ ਫਿਊਨਲ ਹੋਮ ਸੰਸਥਾ ਅਤੇ ਫੂਡ ਬੈਂਕ ਦੇ ਕੁਲਬੀਰ ਸਿੰਘ ਗਿੱਲ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਹੋਣ ਵਾਲਿਆਂ ਵਿੱਚ ਪਰਸਿੱਧ ਲੇਖਕ ਬਲਬੀਰ ਮੋਮੀ ਅਤੇ ਹੋਰ ਕਈ ਸਮਾਜ ਸੇਵੀ ਵਿਅਕਤੀ ਸ਼ਾਮਲ ਹਨ। ਮੀਟਿੰਗ ਨੂੰ ਡਾ: ਬਲਬੀਰ ਕੌਰ ਸੋਹੀ ਜਿਹੜੇ ਸਕੂਲ ਟਰਸਟੀ ਦੀ ਚੋਣ ਲੜ ਰਹੇ ਹਨ ਨੇ ਵੀ ਸੰਬੋਧਨ ਕੀਤਾ। ਪਰਮਜੀਤ ਬੜਿੰਗ ਨੇ ਹਾਊਸ ਨੂੰ ਇਹ ਜਾਣਕਾਰੀ ਦਿੱਤੀ ਕਿ ਪਿਛਲੀ ਸਰਕਾਰ ਵਲੋਂ ਲਾਗੂ ਕੀਤਾ ਨਵਾਂ ਸੈਕਸ ਸਿਲੇਬਸ ਜਿਸ ਦਾ ਉਸ ਸਮੇਂ ਕਾਫੀ ਹਲਕਿਆਂ ਵਲੋਂ ਵਿਰੋਧ ਹੋਇਆ ਸੀ ਨਵੀਂ ਬਣੀ ਸਰਕਾਰ ਨੇ ਉਹ ਸਿਲੇਬਸ ਵਾਪਸ ਲੈ ਲਿਆ ਹੈ। ਇਸ ਦਾ ਸਾਰੇ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਬਲਦੇਵ ਸਹਿਦੇਵ ਨੇ ਪੰਜਾਬੀ ਸਭਿੱਆਚਾਰਕ ਸੱਥ ਦੇ ਹੋਣ ਵਾਲੇ ਅਗਲੇ ਪਰੋਗਰਾਮ ਬਾਰੇ ਸੂਚਨਾ ਦਿੱਤੀ। ਸਟੇਜ ਤੋਂ ਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ ਦੇ 28 ਜੂਨ ਨੂੰ ਹੋ ਰਹੇ ਪਰੋਗਰਾਮ ਦੀ ਸੂਚਨਾ ਵੀ ਸਾਂਝੀ ਕੀਤੀ ਗਈ।
ਐਸੋਸੀਏਸ਼ਨ ਵਿੱਚ ਸ਼ਾਮਲ ਸਾਰੇ ਕਲੱਬਾਂ ਨੇ ਕਿਹਾ ਕਿ ਉਹ ਆਪਣੇ ਆਪਣੇ ਕਲੱਬਾਂ ਦੇ ਵੱਧ ਤੋਂ ਵੱਧ ਮੈਂਬਰ ਲੈ ਕੇ ਆਉਣਗੇ। ਰੈੱਡ ਵਿੱਲੋ ਕਲੱਬ, ਪਾਨਾਹਿੱਲ ਕਲੱਬ ਅਤੇ ਜੇਮਜ਼ ਪੌਟਰ ਕਲੱਬਾਂ ਵਲੋਂ ਦੱਸਿਆਂ ਗਿਆ ਕਿ ਉਪਰੋਕਤ ਹਰ ਇੱਕ ਕਲੱਬ ਦੇ ਮੈਂਬਰ ਆਪਣੀ ਆਪਣੀ ਇੱਕ ਵੱਡੀ ਬੱਸ ਅਤੇ 8-10 ਕਾਰਾਂ ਦੇ ਕਾਫਲਿਆਂ ਦੇ ਰੂਪ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਐਸੋਸੀਏਸ਼ਨ ਵਲੋਂ ਹੋਰ ਕਲੱਬਾਂ ਨੂੰ ਵੀ ਇਹ ਸੁਝਾਅ ਦਿੱਤਾ ਗਿਆ ਕਿ ਉਹ ਵੀ ਮੈਂਬਰਾਂ ਦੀ ਸਹੂਲਤ ਲਈ ਇਸੇ ਤਰ੍ਹਾਂ ਕਰਨ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਲਈ ਐਸੋਸੀਏਸ਼ਨ ਦੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਜਾਵੇ। ਕਿਉਂਕਿ ਇਹ ਪਰੋਗਰਾਮ ਸੀਨੀਅਰਜ਼ ਦੇ ਸਰੋਕਾਰਾਂ ਨਾਲ ਸਬੰਧਤ ਹੈ ਇਸ ਲਈ ਐਸੋਸੀਏਸ਼ਨ ਵਲੋਂ ਸਾਰੇ ਸੀਨੀਅਰਜ਼ ਜੋ ਭਾਵੇਂ ਕਿਸੇ ਵੀ ਕਲੱਬ ਦੇ ਮੈਂਬਰ ਨਾ ਵੀ ਹੋਣ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਪ੍ਰੋਗਰਾਮ ਸਮੇਂ ਚਾਹ ਪਾਣੀ ਅਤੇ ਸਨੈਕਸ ਦਾ ਖੁੱਲ੍ਹਾ ਪ੍ਰਬੰਧ ਹੋ। ਵਧੇਰੇ ਜਾਣਕਾਰੀ ਲਈ ਪਰਮਜੀਤ ਬੜਿੰਗ 647-963 0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026 ਜਾਂ ਕਰਤਾਰ ਸਿੰਘ ਚਾਹਲ 647-854-8746 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …