250 ਦੇ ਲੱਗਭੱਗ ਦੌੜਾਕਾਂ ਤੇ ਵਾੱਕਰਾਂ ਨੇ ਹਾਫ-ਮੈਰਾਥਨ, 12 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ‘ਚ ਲਿਆ ਹਿੱਸਾ,ਟੀ.ਪੀ.ਏ.ਆਰ. ਕਲੱਬ ਦੇ 86 ਮੈਂਬਰ ਹੋਏ ਸ਼ਾਮਲ, ਛੋਟੇ ਬੱਚਿਆਂ ਦੀ ਇਕ ਕਿਲੋਮੀਟਰ ਦੌੜ ਵੀ ਹੋਈ
ਬਰੈਂਪਟਨ/ਡਾ. ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਇੰਸਪੀਰੇਸ਼ਨਲ ਸਟੈੱਪਸ-2022 ਲੰਘੇ ਐਤਵਾਰ 28 ਅਗਸਤ ਨੂੰ ਡਿਕਸੀ ਗੁਰੂਘਰ ਦੇ ਸਾਹਮਣਿਉਂ ਆਰੰਭ ਹੋਈ ਅਤੇ ਇੱਥੇ ਹੀ ਇਸ ਦੀ ਸਮਾਪਤ ਹੋਈ। ਬਰੈਂਪਟਨ, ਮਿਸੀਸਾਗਾ, ਮਾਲਟਨ, ਕੈਲਾਡਨ, ਸਕਾਰਬਰੋ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਤੋਂ ਇਸ ਵਿਚ 250 ਦੇ ਲੱਗਭੱਗ ਦੌੜਾਕ ਅਤੇ ਪੈਦਲ ਚੱਲਣ ਵਾਲੇ ਸ਼ਾਮਲ ਹੋਏ। ਬਰੈਂਪਟਨ ਵਿਚ ਪਿਛਲੇ 7-8 ਸਾਲ ਤੋਂ ਸਰਗਰਮ ਟੀ.ਪੀ.ਏ.ਆਰ. ਕਲੱਬ ਦੇ 86 ਮੈਂਬਰਾਂ ਨੇ ਇਸ ਵਿਚ ਭਾਗ ਲਿਆ। ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਪਹਿਨੀ ਉਹ ਦੂਰੋਂ ਹੀ ਸਾਰਿਆਂ ਦੀ ਖਿੱਚ ਦਾ ਸਬੱਬ ਬਣ ਰਹੇ ਸਨ।
ਇਸ ‘ਇੰਸਪੀਰੇਸ਼ਨਲ ਸਟੈੱਪਸ-2022’ ਦੀ ਇਹ ਵਿਸ਼ੇਸ਼ਤਾ ਰਹੀ ਕਿ ਇਸ ਵਾਰ ਇਹ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂਘਰ ਦੇ ਸਾਹਮਣੇ ਵਾਲੀ ਪਾਰਕਿੰਗ ਤੋਂ ਸ਼ੁਰੂ ਕੀਤੀ ਗਈ ਅਤੇ ਇਸ ਦੀ ਸਮਾਪਤੀ ਵੀ ਇੱਥੇ ਹੀ ਹੋਈ। ਇਸ ਤੋਂ ਪਹਿਲਾਂ ਫ਼ੁੱਲ-ਮੈਰਾਥਨ, ਹਾਫ਼-ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵੱਖ-ਵੱਖ ਗੁਰੂ ਘਰਾਂ ਸਕਾਰਬਰੋ ਗੁਰੂਘਰ, ਰਾਮਗੜ੍ਹੀਆ ਸਿੱਖ ਗੁਰੂਘਰ, ਸਿੱਖ ਸਪਿਰਿਚੂਸਲ ਸੈਟਰ ਅਤੇ ਮਾਲਟਨ ਗੁਰੂਘਰ ਤੋਂ ਆਰੰਭ ਹੁੰਦੀਆਂ ਸਨ ਅਤੇ ਡਿਕਸੀ ਗੁਰੂਘਰ ਵਿਖੇ ਇਨ੍ਹਾਂ ਦੀ ਸਮਾਪਤੀ ਹੁੰਦੀ ਸੀ। ਪਰ ਇਸ ਵਾਰ ਫਿੰਚ ਰੋਡ ‘ਤੇ ਉਸਾਰੀ ਅਤੇ ਮੁਰੰਮਤ ਦਾ ਕੰਮ ਚੱਲਦੇ ਹੋਣ ਕਾਰਨ ਪ੍ਰਬੰਧਕਾਂ ਵੱਲੋਂ ਇਹ ਨਵਾਂ ਤਜਰਬਾ ਕੀਤਾ ਗਿਆ। ਫੁੱਲ-ਮੈਰਾਥਨ ਇਸ ਵਾਰ ਨਹੀਂ ਕਰਵਾਈ ਗਈ ਅਤੇ ਬਾਕੀ ਦੌੜਾਂ ਦਾ ਰੂਟ ਸੜਕੀ ਰਸਤੇ ਦੀ ਬਜਾਏ ਬਹੁਤਾ ਈਟੋਬੌਕੋਕ ਟਰੇਲ ਵਾਲਾ ਹੀ ਰੱਖਿਆ ਗਿਆ। ਪੰਜ ਕਿਲੋਮੀਟਰ ਦੌੜਨ ਵਾਲਿਆਂ ਤੇ ਵਾੱਕਰਾਂ ਨੂੰ ਟਰੇਲ ਦੇ ਉੱਤਰ ਵਾਲੇ ਪਾਸੇ ਅਤੇ ਹਾਫ ਮੈਰਾਥਨ ਤੇ 12 ਕਿਲੋਮੀਟਰ ਦੌੜਨ ਵਾਲਿਆਂ ਨੂੰ ਇਸ ਦੇ ਦੱਖਣ ਦਿਸ਼ਾ ਵੱਲ ਤੋਰਿਆ ਗਿਆ ਇਸ ਦੇ ਬਾਰੇ ਵਿਸਤ੍ਰਿਤ ਜਾਣਕਾਰੀ ਦੌੜਾਕਾਂ ਨੂੰ ਨਕਸ਼ੇ ਸਮੇਤ ਰੇਸ-ਕਿੱਟਾਂ ਰਾਹੀਂ ਪਹਿਲਾਂ ਹੀ ਪਹੁੰਚਾ ਦਿੱਤੀ ਗਈ ਅਤੇ ਇਹ ਅਖ਼ਬਾਰਾਂ, ਰੇਡੀਓ ਤੇ ਹੋਰ ਸੰਚਾਰ ਸਾਧਨਾਂ ਰਾਹੀਂ ਵੀ ਪ੍ਰਚਾਰੀ ਗਈ।
ਦੌੜ ਅਤੇ ਵਾੱਕਿੰਗ ਦੇ ਇਸ ਮਹਾਨ ਈਵੈਂਟ ਵਿਚ ਜਿੱਥੇ ਨੌਜੁਆਨਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ, ਉੱਥੇ ਸੀਨੀਅਰ ਸਿਟੀਜ਼ਨ ਅਤੇ ਬੱਚਆਂ ਨੇ ਵੀ ਇਸ ਦੇ ਲਈ ਪੂਰਾ ਜੋਸ਼ ਅਤੇ ਉਤਸ਼ਾਹ ਵਿਖਾਇਆ। ਪ੍ਰਬੰਧਕੀ ਟੀਮ ਦੇ ਕੋਲ ਬਾਕਾਇਦਾ ਰਜਿਸਟਰ ਹੋਏ ਦੌੜਾਕਾਂ ਤੇ ਵਾੱਕਰਾਂ ਵਿਚ 79 ਸਾਲ ਦੇ ਹਰਚੰਦ ਸਿੰਘ ਬਾਸੀ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ 75 ਸਾਲਾ ਪ੍ਰਧਾਨ ਜੰਗੀਰ ਸਿੰਘ ਸੈਂਹਬੀ, 72 ਸਾਲ ਦੇ ਹਜ਼ੂਰਾ ਸਿੰਘ ਬਰਾੜ ਤੇ ਏਸੇ ਹੀ ਉਮਰ ਦੇ ਇਨ੍ਹਾਂ ਸਤਰਾਂ ਦੇ ਲੇਖਕ ਡਾ. ਸੁਖਦੇਵ ਸਿੰਘ ਝੰਡ ਅਤੇ ਹੋਰ ਵੀ ਕਈ ਸ਼ਾਮਲ ਸਨ। ਉਂਜ, ਪੰਜ ਕਿਲੋਮੀਟਰ ਦੌੜਨ ਵਾਲਿਆਂ ਵਿਚ ਇਕ 81 ਸਾਲ ਦੇ ਇਕ ਬਜ਼ੁਰਗ ਗੁਰਦੇਵ ਸਿੰਘ ਤੱਖੜ ਵੀ ਸ਼ਾਮਲ ਸਨ।
ਬਰੈਂਪਟਨ ਨਾਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਸਾਬਕਾ ਫ਼ੈੱਡਰਲ ਮੰਤਰੀ ਨਵਦੀਪ ਬੈਂਸ ਨੇ ਇਸ ਈਵੈਂਟ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਛੋਟੇ ਬੱਚਿਆਂ ਦੀ ਇਕ ਕਿਲੋਮੀਟਰ ਦੌੜ ਵੀ ਕਰਵਾਈ ਗਈ ਜਿਸ ਵਿਚ ਬਹੁਤ ਸਾਰੇ ਬੱਚਿਆਂ ਨੇ ਭਾਗ ਲਿਆ। ਇਸ ਦੇ ਲਈ ਉਨ੍ਹਾਂ ਦੇ ਮਾਪੇ ਵਧਾਈ ਦੇ ਹੱਕਦਾਰ ਹਨ।
ਇਸ ਮਾਣਮੱਤੇ ਈਵੈਂਟ ‘ਇੰਸਪੀਰੇਸ਼ਨਲ ਸਟੈੱਪਸ-2022’ ਵਿਚ ਹਾਫ਼-ਮੈਰਾਥਨ ਵਿਚ ਪੁਰਸ਼ਾਂ ਵਿਚ ਬਹਾਦਰ ਸ਼ੌਕਰ ਇਕ ਘੰਟਾ 36 ਮਿੰਟ 19 ਸਕਿੰਟ ਅਤੇ ਇਸਤਰੀਆਂ ਵਿਚ ਮਨੀਸ਼ਾ ਔਜਲਾ ਨੇ ਦੋ ਘੰਟੇ 51 ਮਿੰਟ 53 ਸਕਿੰਟਾਂ ਨਾਲ ਸੱਭ ਤੋਂ ਤੇਜ਼ ਦੌੜਾਕ ਵਜੋਂ ਮੈਡਲ ਪ੍ਰਾਪਤ ਕੀਤੇ। ਏਸੇ ਤਰ੍ਹਾਂ 12 ਕਿਲੋਮੀਟਰ ਦੌੜ ਵਿਚ ਪੁਰਸ਼ਾਂ ਵਿਚ ਜੈਵੀਰ ਸੰਧਰ 50 ਮਿੰਟ ਤੇ 33 ਸਕਿੰਟ ਅਤੇ ਇਸਤਰੀਆਂ ਵਿਚ ਜਸਵਿੰਦਰ ਮੱਲ੍ਹੀ ਨੇ ਇਕ ਘੰਟਾ, 11 ਮਿੰਟ, 48 ਸਕਿੰਟ ਵਿਚ ਇਹ ਦੌੜ ਪੂਰੀ ਕਰਕੇ ਮੈਡਲ ਲਏ, ਅਤੇ 5 ਕਿਲੋਮੀਟਰ ਦੌੜ ਵਿਚ ਪੁਰਸ਼ਾਂ ਵਿਚ ਕਰਮਵੀਰ ਸਹੋਤਾ ਨੇ 20 ਮਿੰਟ 40 ਸਕਿੰਟ ਤੇ ਇਸਤਰੀਆਂ ਵਿਚ ਗੁਰਸਿਮਰਨ ਗਿੱਲ ਨੇ ਇਹ ਦੌੜ 25 ਮਿੰਟ 24 ਸਕਿੰਟ ਵਿਚ ਦੌੜ ਕੇ ਜੇਤੂ ਮੈਡਲ ਪ੍ਰਾਪਤ ਕੀਤੇ। ਬੱਚਿਆਂ ਦੀ ਇਕ ਕਿਲੋਮੀਟਰ ਦੌੜ ਵਿਚ ਇਕ ਸਾਲ ਦੀ ਬਾਨੀ ਕਾਹਲੋਂ ਸੱਭ ਤੋਂ ਛੋਟੀ ਦੌੜਾਕ ਸੀ। ਦੌੜਾਕਾਂ ਤੇ ਵਾੱਕਰਾਂ ਦੀ ਸਹੂਲਤ ਲਈ ਪ੍ਰਬੰਧਕਾਂ ਵੱਲੋਂ ਰਸਤੇ ਵਿਚ ਵੱਖ-ਵੱਖ ਥਾਵਾਂ ‘ਤੇ ਵਾਟਰ-ਸਟੇਸ਼ਨਾਂ ਉਤੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ। ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ, ਸਕੱਤਰ ਡਾ. ਜੈਪਾਲ ਸਿੱਧੂ ਅਤੇ ਸਮੂਹ ਮੈਂਬਰਾਂ ਵੱਲੋਂ ਡਿਕਸੀ ਗੁਰੂਘਰ ਦੀ ਮੈਨੇਜਮੈਂਟ ਅਤੇ ਜੀ.ਟੀ.ਏ.ਏ. ਏਅਰ ਫਲਾਈਟ ਦੇ ਪ੍ਰਬੰਧਕਾਂ ਨੂੰ ਪਲੇਕਸ ਦੇ ਨਾਲ ਸਨਮਾਨਿਤ ਕੀਤਾ ਗਿਆ। ਬਰੈਂਪਟਨ ਦੇ ਵਸਨੀਕ ਪੰਜਾਬੀ ਕਮਿਊਨਿਟੀ ਦੇ ਉੱਘੇ ਬਾੱਕਸਰ ਸੰਦੀਪ ਚੱਕਰੀਆ ਨੂੰ ਇਸ ਮੌਕੇ ‘ਸੋਮਲ ਵਾਚ ਕੰਪਨੀ’ ਦੇ ਸੁੱਚਾ ਸਿੰਘ ਸੋਮਲ ਵੱਲੋਂ ਇਕ ਸ਼ਾਨਦਾਰ ਗੁੱਟ-ਘੜੀ ਨਾਲ ਸਨਮਾਨਿਤ ਕੀਤਾ ਗਿਆ। ਇੰਸਪੀਰੇਸ਼ਨਲ ਸਟੈੱਪਸ -2022 ਵਿਚ ਹਿੱਸਾ ਲੈਣ ਵਾਲੇ ਦੌੜਾਕਾਂ, ਵਾੱਕਰਾਂ ਅਤੇ ਅਤੇ ਉਨ੍ਹਾਂ ਦੇ ਸਮੱਰਥਕਾਂ ਦੇ ਚਾਹ-ਪਾਣੀ, ਸਨੈਕਸ ਅਤੇ ਭੋਜਨ ਆਦਿ ਦਾ ਬਹੁਤ ਵਧੀਆ ਪ੍ਰਬੰਧ ਡਿਕਸੀ ਗੁਰੂਘਰ ਦੀ ਮੈਨੇਜਮੈਂਟ ਵੱਲੋਂ ਕੀਤਾ ਗਿਆ।
ਇਸ ਈਵੈਂਟ ਬਾਰੇ ਵਧੇਰੇ ਜਾਣਕਾਰੀ [email protected] ‘ਤੇ ਜਾ ਕੇ ਜਾਂ 416-564-3939 ‘ਤੇ ਫ਼ੋਨ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।