ਟੋਰਾਂਟੋ/ਬਿਊਰੋ ਨਿਊਜ਼ : ਦੇਸ਼ ਵਿੱਚ ਐਸਟ੍ਰਾਜੈਨੇਕਾ ਵੈਕਸੀਨ ਦਾ ਟੀਕਾ ਲਵਾਏ ਜਾਣ ਤੋਂ ਬਾਅਦ ਕਥਿਤ ਤੌਰ ਉੱਤੇ ਕਲੌਟ ਬਣਨ ਕਾਰਨ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਬਿਲਕੁਲ ਸੇਫ ਹੈ।
ਹੈਲੀਫੈਕਸ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਅਜੇ ਵੀ ਵੈਕਸੀਨ ਵਿੱਚ ਪੂਰਾ ਭਰੋਸਾ ਹੈ। ਮੰਗਲਵਾਰ ਨੂੰ ਕਿਊਬਿਕ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਂਟਰੀਅਲ ਦੀ 34 ਸਾਲਾ ਮਹਿਲਾ ਦੀ ਮੌਤ ਬਲੱਡ ਕਲੌਟ ਕਾਰਨ ਹੋਈ ਸੀ। ਇਹ ਬਲੱਡ ਕਲੌਟ ਐਸਟ੍ਰਾਜੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਣਿਆ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।
ਟਰੂਡੋ ਨੇ ਆਖਿਆ ਕਿ ਕੈਨੇਡਾ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਦੀ ਹਰੇਕ ਡੋਜ ਹੈਲਥ ਕੈਨੇਡਾ ਵੱਲੋਂ ਸੇਫ ਕਰਾਰ ਦਿੱਤੀ ਜਾਂਦੀ ਹੈ। ਉਨ੍ਹਾਂ ਆਖਿਆ ਕਿ ਐਸਟ੍ਰਾਜੈਨੇਕਾ ਸਮੇਤ ਇੱਥੇ ਵਰਤੀਆਂ ਜਾਣ ਵਾਲੀਆਂ ਸਾਰੀਆਂ ਵੈਕਸੀਨਜ ਵਿੱਚ ਉਨ੍ਹਾਂ ਨੂੰ ਪੂਰਾ ਭਰੋਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪਿਛਲੇ ਹਫਤੇ ਉਨ੍ਹਾਂ ਨੇ ਆਪ ਐਸਟ੍ਰਾਜੈਨੇਕਾ ਦਾ ਟੀਕਾ ਲਵਾਇਆ ਸੀ ਤੇ ਉਨ੍ਹਾਂ ਨੂੰ ਇਸ ਵਿੱਚ ਕੋਈ ਹਿਚਕਿਚਾਹਟ ਵੀ ਨਹੀਂ ਹੋਈ।
ਉਨ੍ਹਾਂ ਅੱਗੇ ਆਖਿਆ ਕਿ ਕਿਸੇ ਇੱਕਲੇ ਕਾਰੇ ਮਾਮਲੇ ਵਿੱਚ ਬਲੱਡ ਕਲੌਟ ਬਣਨ ਦਾ ਖਤਰਾ ਕੋਵਿਡ-19 ਨਾਲ ਜੁੜੇ ਖਤਰੇ ਤੋਂ ਕਿਤੇ ਘੱਟ ਹੈ। ਇਸ ਦੌਰਾਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਤੇ ਹੋਰਨਾਂ ਗਰੁੱਪਜ ਵੱਲੋਂ ਕੋਵਿਡ-19 ਵੈਕਸੀਨ ਨੂੰ ਦੇਸ਼ ਦੇ ਹੌਟ ਸਪੌਟ ਵਾਲੇ ਇਲਾਕਿਆਂ ਵਿੱਚ ਭੇਜਣ ਦੀ ਮੰਗ ਵੀ ਕੀਤੀ ਗਈ। ਪਰ ਟਰੂਡੋ ਤੋਂ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਪ੍ਰੋਵਿੰਸਾਂ ਤੋਂ ਲੈ ਕੇ ਹੌਟ ਸਪੌਟ ਵਾਲੇ ਇਲਾਕਿਆਂ ਵਿੱਚ ਵੈਕਸੀਨ ਭੇਜਣਗੇ ਤਾਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਅਜਿਹੀ ਪਹੁੰਚ ਦੇ ਹੱਕ ਵਿੱਚ ਨਹੀਂ ਹਨ ਸਗੋਂ ਉਹ ਪ੍ਰਤੀ ਵਿਅਕਤੀ ਵੈਕਸੀਨ ਦੀ ਵੰਡ ਦੇ ਹੱਕ ਵਿੱਚ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …