ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਦੀ ਬੀਤੇ ਐਤਵਾਰ ਮਰੋਕ ਲਾਅ ਆਫਿਸ ਵਿਚ ਹੋਈ ਜਨਰਲ ਬਾਡੀ ਮੀਟਿੰਗ ਵਿਚ ਤਰਕਸ਼ੀਲ ਵਿਚਾਰਾਂ ਦੇ ਪਸਾਰ ਨੂੰ ਜਾਰੀ ਰਖਦੇ ਹੋਏ, ਡਾ. ਬਲਜਿੰਦਰ ਸੇਖੋਂ ਨੇ ਬਲੱਡ ਪ੍ਰੈਸ਼ਰ ਬਾਰੇ ਅਤੇ ਬਲਵਿੰਦਰ ਬਰਨਾਲਾ ਨੇ ਮਾਨਸਿਕ ਰੋਗਾਂ ਬਾਰੇ ਲੈਕਚਰ ਦਿੱਤੇ ਅਤੇ ਬਾਅਦ ਵਿਚ ਇਨ੍ਹਾਂ ਵਿਸ਼ਿਆਂ ‘ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਡਾ. ਬਲਜਿੰਦਰ ਸੇਖੋਂ ਨੇ ਆਪਣੇ ਲੈਕਚਰ ਵਿਚ ਬਲੱਡ ਪ੍ਰੈਸ਼ਰ ਦੇ ਵਿਸ਼ੇ ‘ਤੇ ਸਾਇੰਸ ਅਧਾਰਤ ਜਾਣਕਾਰੀ ਦੇ ਨਾਲ-ਨਾਲ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਆਮ ਡਾਕਟਰਾਂ ਵਲੋਂ ਖਾਸ ਕਰ ਪੰਜਾਬ ਵਿਚ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੁਰੂ ਕਰਨ ਵੇਲੇ ਕਹੇ ਸ਼ਬਦ ਕਿ ਇਸ ਨੂੰ ਰਹਿੰਦੀ ਉਮਰ ਤੱਕ ਖਾਣਾ ਹੀ ਖਾਣਾ ਹੈ, ਗਲਤ ਧਾਰਨਾ ਹੈ। ਬਲੱਡ ਪ੍ਰੈਸ਼ਰ ਨੂੰ ਬਹੁਕੌਮੀ ਕੰਪਨੀਆਂ ਅਪਣੇ ਮੁਨਾਫੇ ਖਾਤਰ ਉਮਰ ਭਰ ਦੀ ਬਿਮਾਰੀ ਦੱਸ ਕੇ ਕਰੋੜਾਂ ਡਾਲਰ ਕਮਾ ਰਹੀਆਂ ਹਨ। ਇਸ ਬਿਮਾਰੀ ਦਾ ਆਪਣੀ ਖੁਰਾਕ ਵਿਚ ਪੋਟਾਸ਼ੀਅਮ ਵਧਾ ਕੇ ਅਤੇ ਸੋਡੀਅਮ (ਆਮ ਲੂਣ) ਘਟਾ ਕੇ ਪੱਕਾ ਇਲਾਜ ਕੀਤਾ ਜਾ ਸਕਦਾ ਹੈ ਪਰ ਕਿਸੇ ਵੀ ਦਵਾਈ ਨੂੰ ਇੱਕ ਦਮ ਛਡਣਾ ਠੀਕ ਨਹੀਂ, ਇਹ ਹੌਲੀ ਹੌਲੀ ਆਪਣਾ ਬਲੱਡ ਪ੍ਰੈਸ਼ਰ ਮਿਣਦੇ ਹੋਏ ਛੱਡੀਆਂ ਜਾ ਸਕਦੀਆਂ ਹਨ। ਉਨ੍ਹਾਂ ਉਹ ਖਾਣ ਵਾਲੀਆਂ ਵਸਤਾਂ ਬਾਰੇ ਵੀ ਦੱਸਿਆ ਜਿਨ੍ਹਾਂ ਵਿਚ ਸੋਡੀਅਮ ਘੱਟ ਅਤੇ ਪੋਟਾਸ਼ੀਅਮ ਵੱਧ ਹੁੰਦਾ ਹੈ, ਜਿਵੇਂ ਕੇਲਾ, ਸੰਤਰਾ, ਐਵੋਕੈਡੋ, ਮੁੰਗਫਲੀ, ਖਜੂਰਾਂ, ਛੋਲੇ, ਰਾਜਮਾਂਹ ਆਦਿ। ਪਰ ਉਸ ਤੋਂ ਵੀ ਜ਼ਿਆਦਾ ਜਰੂਰੀ ਹੈ ਕਿ ਮਰੀਜ਼ ਅਪਣੀਆਂ ਮਾਨਸਿਕ ਸੋਚਾਂ ਫਿਕਰਾਂ ਨੂੰ ਤਿਆਗੇ।
ਬਲਵਿੰਦਰ ਬਰਨਾਲਾ ਨੇ ਮਾਨਸਿਕ ਰੋਗਾਂ ਬਾਰੇ ਅਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਨ੍ਹਾਂ ਰੋਗਾਂ ਵਿਚ ਪ੍ਰਮੁੱਖ ਭੂਮਿਕਾ ਮਰੀਜ਼ ਦਾ ਵਾਤਾਵਰਣ ਹੀ ਨਿਭਾਉਂਦਾ ਹੈ। ਜੇਕਰ ਕਿਸੇ ਦਾ ਪਰਿਵਾਰ ਸੁੱਖ ਸ਼ਾਂਤੀ ਵਿਚ ਜੀਅ ਰਿਹਾ ਹੈ ਤਾਂ ਆਮ ਤੌਰ ‘ਤੇ ਇਹ ਮੁਸ਼ਕਲਾਂ ਨਹੀਂ ਆਉਂਦੀਆਂ ਪਰ ਜਦ ਪਰਿਵਾਰ ਵਿਚ ਤਣਾਓ ਆ ਜਾਵੇ ਤੱਦ ਹੀ ਕੁਝ ਵਿਅੱਕਤੀ ਇਨ੍ਹਾਂ ਕਠਿਨ ਸਥਿਤੀਆਂ ਦਾ ਟਾਕਰਾ ਨਹੀਂ ਕਰ ਸਕਦੇ ਅਤੇ ਮਾਨਸਿੱਕ ਰੋਗੀ ਬਣ ਜਾਂਦੇ ਹਨ। ਅਜਿਹੇ ਤਣਾਓ ਕਾਰਨ ਉਨ੍ਹਾਂ ਦੇ ਦਿਮਾਗ ਵਿਚਲੇ ਰਸਾਇਣਾਂ ਵਿਚ ਅਸੰਤੁਲਨ ਆ ਜਾਂਦਾ ਹੈ, ਜਿਸ ਨੂੰ ਠੀਕ ਕਰਨ ਵਿਚ ਕੁਝ ਦਵਾਈਆਂ ਵੀ ਸਹਾਇਕ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਠੀਕ ਤਰੀਕੇ ਨਾਲ, ਮਾਹਿਰ ਡਾਕਟਰ ਵਲੋਂ ਸਮੋਹਕ ਨੀਂਦ ਦੀ ਵਰਤੋਂ ਵੀ ਕਾਰਗਰ ਸਿੱਧ ਹੋ ਜਾਂਦੀ ਹੈ, ਪਰ ਕਿਸੇ ਅਣਜਾਣ ਵਲੋਂ ਇਸ ਦੀ ਵਰਤੋਂ ਨੁਕਸਾਨ ਵੀ ਕਰ ਸਕਦੀ ਹੈ। ਕਈ ਲੋਕ ਖੁਦ ਹੀ ਸਮੋਹਕ ਨੀਂਦ ਦੀ ਵਰਤੋਂ ਕਰਦਿਆਂ ਅਪਣੇ ਆਪ ਨੂੰ ਕਿਸੇ ਦੈਵੀ ਸ਼ਕਤੀ ਦਾ ਧਾਰਕ ਮੰਨ ਲੈਂਦੇ ਹਨ, ਇਹ ਵੀ ਖਤਰਨਾਕ ਸਿੱਧ ਹੋ ਸਕਦਾ ਹੈ। ਮੀਟਿੰਗ ਵਿੱਚ ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ 10 ਜੁਲਾਈ ਨੂੰ ਕੀਤੇ ਜਾਣ ਵਾਲੇ ਵਿਸ਼ੇਸ਼ ਸੈਮੀਨਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਪ੍ਰੋਗਰਾਮ ਵਿਚ ਰਜਿਦਰ ਭਦੌੜ, ਜਿਨ੍ਹਾਂ ਨੂੰ ਪੰਜਾਬ ਵਿਚ ਵਹਿਮਾਂ ਭਰਮਾਂ ਵਿਚ ਫਸੇ ਲੋਕਾਂ ਦੇ ਮਨਾਂ ਵਿਚੋਂ ਸਰਲ ਸਪੱਸ਼ਟ ਸ਼ਬਦਾਂ ਵਿਚ ਭਰਮ ਤੋੜਨ ਦਾ ਲੰਬਾ ਤਜਰਬਾ ਹੈ ਅਤੇ ਸੁਰਜੀਤ ਦੌਧਰ ਜੋ ਆਪਣੇ ਨਿਵੇਕਲੇ ਰੌਚਿਕ ਢੰਗ ਨਾਲ ਵੱਡੇ ਇਕੱਠਾਂ ਵਿਚ ਹੱਥ ਰੇਖਾਵਾਂ ਅਤੇ ਗ੍ਰਿਹਾਂ ‘ਤੇ ਅਧਾਰਤ ਜੋਤਿਸ਼ ਦੇ ਦਾਅਵਿਆਂ ਨੂੰ ਝੁਠਲਾਉਂਦੇ ਰਹੇ ਹਨ ਅਪਣੇ ਵਿਚਾਰ ਰੱਖਣਗੇ ਅਤੇ ਨਾਲ ਹੀ ਰਾਮ ਕੁਮਾਰ ਜੀ ਦੀ ਭਦੌੜ ਮੰਡਲੀ ਵਲੋਂ, ਜਿਸ ਦਾ ਪੰਜਾਬ ਦੇ ਗਾਣ ਵਜਾਣ ਦੇ ਗੰਧਲੇ, ਲੋਕਾਂ ਨੂੰ ਅਸਲ ਮੁਦਿਆਂ ਤੋਂ ਭਟਕਾਉਣ ਵਾਲੇ ਮਾਹੌਲ ਵਿਚ, ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਜੁੜੀਆਂ ਰਚਨਾਵਾਂ ਲੋਕਾਂ ਵਿਚ ਸੰਗੀਤ ਨਾਲ ਲਿਜਾਣ ਦਾ ਲੰਬਾ ਤਜਰਬਾ ਹੈ, ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ ਬਲਰਾਜ ਸ਼ੌਕਰ (647 679 4398) ਜਾਂ ਅਮਨਦੀਪ ਮੰਡੇਰ (647 782 8334) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਤਾਸ਼ ਦਾ ਟੂਰਨਾਮੈਂਟ 18 ਜੂਨ ਨੂੰ
ਬਰੈਂਪਟਨ : Friends Club ਵਲੋਂ ਦੂਜਾ ਸੀਪ ਟੂਰਨਾਮੈਂਟ 18 ਜੂਨ ਦਿਨ ਸ਼ਨੀਵਾਰ ਨੂੰ Blue Oak Park Brampton (11 Sugarcane Ct) ਵਿਖੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਐਂਟਰੀਆਂ 12.30 ਤੋਂ 1 ਵਜੇ ਤਕ ਪੈਣਗੀਆਂ, ਐਂਟਰੀ ਫੀਸ 10 ਡਾਲਰ ਹੋਵੇਗੀ। ਪਹਿਲਾ ਇਨਾਮ 700 ਡਾਲਰ, ਦੂਜਾ 500, ਤੀਜਾ 300, ਚੌਥਾ 200 ਡਾਲਰ ਹੋਵੇਗਾ ਅਤੇ ਟਰਾਫੀਆਂ ਵੀ ਦਿਤੀਆਂ ਜਾਣਗੀਆਂ। ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਸਾਰੇ ਖਿਡਾਰੀ ਤਾਸ਼ ਆਪਣੀ ਲੈ ਕੇ ਆਉਣ ਜੀ। ਹੋਰ ਜਾਣਕਾਰੀ ਲਈ ਗੁਰਜੀਤ ਨਾਲ ਫੋਨ ਨੰਬਰ 647 330 7400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।