ਪ੍ਰਾਜੈਕਟ ‘ਤੇ ਆਵੇਗੀ ਔਸਤਨ 285 ਕਰੋੜ ਰੁਪਏ ਲਾਗਤ
30 ਮਹੀਨਿਆਂ ਵਿੱਚ ਪੂਰਾ ਹੋਵੇਗਾ ਪ੍ਰਾਜੈਕਟ
ਚੰਡੀਗੜ੍ਹ/ਬਿਊਰੋ ਨਿਊਜ਼ : ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀਬੀਐੱਮਬੀ) ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ 42 ਮੈਗਾਵਾਟ ਵਾਲੇ ਬੱਗੀ ਹਾਈਡਰੋ ਪ੍ਰਾਜੈਕਟ ਦੇ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਸ਼ਿਮਲਾ ਵਿੱਚ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਬੀਬੀਐੱਮਬੀ ਚੇਅਰਮੈਨ ਸੰਜੈ ਸ੍ਰੀਵਾਸਤਵ ਦੀ ਹਾਜ਼ਰੀ ਵਿੱਚ 42 ਮੈਗਾਵਾਟ ਵਾਲੇ ਬੱਗੀ ਹਾਈਡਰੋ ਪ੍ਰਾਜੈਕਟ ਦੀ ਉਸਾਰੀ ਲਈ ਸਮਝੌਤੇ ‘ਤੇ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਡਾਇਰੈਕਟੋਰੇਟ ਆਫ ਐਨਰਜੀ (ਡੀਓਈ) ਦੇ ਡਾਇਰੈਕਟਰ ਹਰੀਕੇਸ਼ ਮੀਨਾ ਅਤੇ ਬੀਬੀਐੱਮਬੀ ਵੱਲੋਂ ਸਕੱਤਰ ਸਤੀਸ਼ ਸਿੰਗਲਾ ਨੇ ਦਸਤਖਤ ਕੀਤੇ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਗੀ ਪ੍ਰਾਜੈਕਟ ਦੀ ਉਸਾਰੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕੀਤੀ ਜਾਵੇਗੀ। ਬੀਬੀਐੱਮਬੀ ਚੇਅਰਮੈਨ ਸੰਜੈ ਸ੍ਰੀਵਾਸਤਵ ਨੇ ਦੱਸਿਆ ਕਿ ਬੱਗੀ ਹਾਈਡਰੋਇਲੈੱਕਟ੍ਰਿਕ ਪ੍ਰਾਜੈਕਟ ‘ਤੇ ਔਸਤਨ 285 ਕਰੋੜ ਰੁਪਏ ਲਾਗਤ ਆਵੇਗੀ।
ਉਸਾਰੀ ਦਾ ਕੰਮ ਸ਼ੁਰੂ ਤੋਂ ਬਾਅਦ ਇਹ ਪ੍ਰਾਜੈਕਟ 30 ਮਹੀਨਿਆਂ ਵਿੱਚ ਪੂਰਾ ਹੋਵੇਗਾ। ਇਸ ਮੌਕੇ ਸੰਸਦ ਮੈਂਬਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਰੇਸ਼ ਕਸ਼ਯਪ, ਬੀਬੀਐੱਮਬੀ ਮੈਂਬਰ ਹਰਮਿੰਦਰ ਸਿੰਘ ਚੁੱਘ, ਵਿੱਤ ਸਲਾਹਕਾਰ ਅਤੇ ਮੁੱਖ ਲੇਖਾ ਅਧਿਕਾਰੀ ਜੇਐੱਸ ਕਾਹਲੋਂ ਅਤੇ ਵਿਸ਼ੇਸ਼ ਸਕੱਤਰ ਅਜੈ ਸ਼ਰਮਾ ਵੀ ਹਾਜ਼ਰ ਸਨ।