ਸੀਨੀਅਰ ਆਗੂਆਂ ਦਾ ਮੰਨਣਾ-ਪਾਰਟੀ ਨੂੰ ਹੋ ਸਕਦਾ ਹੈ ਜ਼ਿਆਦਾ ਨੁਕਸਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਲਏ ਜਾਣ ਦਾ ਮਾਮਲਾ ਭਵਿੱਖ ਲਈ ਵੱਡੀ ਰਾਜਸੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸ ਦਾ ਤਾਜ਼ਾ ਅਸਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 26 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਹੀ ਦੇਖਿਆ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਡੇਰੇ ਦੇ ਸ਼ਰਧਾਲੂਆਂ ਦੀਆਂ ਵੋਟਾਂ ਮੰਗਣ ਵਾਲੇ ਅਕਾਲੀ ਨੇਤਾਵਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਬਣਾਈ ਕਮੇਟੀ ਨੂੰ ਵੀ ਜਲਦਬਾਜ਼ੀ ਵਿੱਚ ਚੁੱਕਿਆ ਕਦਮ ਕਰਾਰ ਦੇ ਕੇ ਆਲੋਚਨਾ ਵੀ ਕੀਤੀ ਹੈ। ਮਾਮਲੇ ਨੂੰ ਲਮਕਾਉਣ ਵਜੋਂ ਕਾਂਗਰਸ ਨਾਲ ਸਬੰਧਤ ਡੇਰੇ ‘ਤੇ ਜਾਣ ਵਾਲੇ ਸਿੱਖ ਨੇਤਾਵਾਂ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸੱਦਣ ਦੀ ਗੱਲ ਚੱਲ ਰਹੀ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਮੇਟੀ ਬਣਾਉਣ ਤੋਂ ਪਹਿਲਾਂ ਵਿਚਾਰ-ਚਰਚਾ ਕਰ ਲੈਣੀ ਚਾਹੀਦੀ ਸੀ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤੇ ਜਾਣ ਦੀ ਸੰਭਾਵਨਾ ਦਾ ਵਿਰੋਧ ਕੀਤਾ। ਦੂਜੇ ਪਾਸੇ ਸੀਨੀਅਰ ਆਗੂਆਂ ਨੇ ਤਰਕ ਦਿੱਤਾ ਕਿ ਇਸ ਮਾਮਲੇ ਨੂੰ ਲਮਕਾਇਆ ਨਹੀਂ ਜਾਣਾ ਚਾਹੀਦਾ। ਉੰਝ ਵੀ ਇਹ ਮਾਮਲਾ ਅਜਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਭੁੱਲ ਬਖ਼ਸ਼ਾਏ ਬਿਨਾਂ ਸਰਨਾ ਨਹੀ।
ਸੀਨੀਅਰ ਆਗੂਆਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਡੇਰੇ ਦੀ ਹਮਾਇਤ ਨਾਲ ਪਾਰਟੀ ਨੂੰ ਭਵਿੱਖ ਵਿੱਚ ਸਿਆਸੀ ਤੌਰ ਉੱਤੇ ਭਾਰੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਆਗੂਆਂ ਮੁਤਾਬਕ ਪਾਰਟੀ ਦਾ ਮੁੱਖ ਆਧਾਰ ਸਿੱਖ ਵੋਟਰ ਪਾਰਟੀ ਤੋਂ ਦੂਰ ਜਾ ਸਕਦਾ ਹੈ। ਡੇਰਾ ਮੁਖੀ ਖਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2007 ਵਿੱਚ ਜਾਰੀ ਹੁਕਮਨਾਮੇ ਨੂੰ ਲਾਗੂ ਕਰਨ ਲਈ ਤੂਲ ਵੀ ਅਕਾਲੀ ਨੇਤਾਵਾਂ ਵੱਲੋਂ ਹੀ ਦਿੱਤੀ ਗਈ ਸੀ। ਵਿਧਾਨ ਸਭਾ ਚੋਣਾਂ ਦੌਰਾਨ ਵੀ ਪਾਰਟੀ ਵੱਲੋਂ ਸਿੱਖ ਵੋਟ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲ ਭੁਗਤਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਸਿੱਖ ਵੋਟਰਾਂ ਨੂੰ ਪਾਰਟੀ ਨਾਲ ਰੱਖਣ ਅਤੇ ਵਿਵਾਦ ਸਮਾਪਤ ਕਰਨ ਦਾ ਇੱਕੋ-ਇੱਕ ਤਰੀਕਾ ਇਸ ਮਾਮਲੇ ਦਾ ਛੇਤੀ ਤੋਂ ਛੇਤੀ ਨਿਪਟਾਰਾ ਹੈ। ਇਸ ਦੌਰਾਨ ਪਾਰਟੀ ਦੇ ਇੱਕ ਸੰਸਦ ਮੈਂਬਰ ਨੇ ਮੰਨਿਆ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਹ ਮਾਮਲਾ ਅਕਾਲੀ ਦਲ ਦੇ ਰਾਜਸੀ ਵਿਰੋਧੀਆਂ ਵੱਲੋਂ ਅਸਰਦਾਰ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਇਸ ਤੋਂ ਪਾਰਟੀ ਦੇ ਦਿੱਲੀ ਇਕਾਈ ਦੇ ਆਗੂਆਂ ਵਿੱਚ ਸਹਿਮ ਹੈ।
ਅਕਾਲੀ ਉਮੀਦਵਾਰ ਹੁਣ ਧਾਰਮਿਕ ਸਜ਼ਾ ਭੁਗਤਣ ਲਈ ਕਾਹਲੇ
ਬਠਿੰਡਾ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਸਿਰਸਾ ਵਿੱਚ ਸਿਆਸੀ ਹਮਾਇਤ ਮੰਗਣ ਗਏ ਅਕਾਲੀ ਉਮੀਦਵਾਰ ਹੁਣ ਧਾਰਮਿਕ ਸਜ਼ਾ ਭੁਗਤਣ ਲਈ ‘ਬੇਤਾਬ’ ਹਨ। ਅਕਾਲੀ ਉਮੀਦਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦਾ ਭਾਵੇਂ ਅਫਸੋਸ ਨਹੀਂ, ਪਰ ਉਹ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਨੂੰ ਮੰਨਣ ਲਈ ਤਿਆਰ ਬਰ ਤਿਆਰ ਹਨ। ਕੈਬਨਿਟ ਮੰਤਰੀ ਅਤੇ ਹਲਕਾ ਮੌੜ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਨੇ ਵਿਅਕਤੀ ਵਿਸ਼ੇਸ਼ ਦੀ ਥਾਂ ਪਾਰਟੀ ਪੱਧਰ ‘ਤੇ ਅਕਾਲੀ ਦਲ ਨੂੰ ਸਿਆਸੀ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵੋਟ ਮੰਗਣਾ ਉਮੀਦਵਾਰ ਦਾ ਹੱਕ ਹੈ ਅਤੇ ਇਸੇ ਕਰਕੇ ਹੀ ਡੇਰਾ ਸਿਰਸਾ ਗਏ ਸਨ। ਡੇਰਿਆਂ ਦੀ ਵੋਟ ਨੂੰ ਲਾਂਭੇ ਰੱਖੀਏ ਤਾਂ ਪਿੱਛੇ 24 ਫੀਸਦੀ ਵੋਟ ਬਚਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਅਤੇ ਉਥੋਂ ਜੋ ਸਜ਼ਾ ਲਾਈ ਜਾਵੇਗੀ, ਉਹ ਭੁਗਤਣ ਲਈ ਤਿਆਰ ਹਨ। ਸੂਤਰਾਂ ਅਨੁਸਾਰ ਜਾਂਚ ਕਮੇਟੀ ਵੱਲੋਂ ਡੇਰਾ ਸਿਰਸਾ ਜਾਣ ਵਾਲੇ ਜਿਹੜੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਸ ਵਿੱਚ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਵੀ ਸ਼ਾਮਲ ਹੈ। ਰੱਖੜਾ ਦਾ ਕਹਿਣਾ ਸੀ ਕਿ ਉਹ ਤਾਂ ਡੇਰਾ ਸਿਰਸਾ ਗਏ ਹੀ ਨਹੀਂ। ਕੋਟਕਪੂਰਾ ਤੋਂ ਅਕਾਲੀ ਉਮੀਦਵਾਰ ਮਨਤਾਰ ਸਿੰਘ ਬਰਾੜ ਵੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਜਾਣ ਵਾਲੀ ਧਾਰਮਿਕ ਸਜ਼ਾ ਲਈ ਤਿਆਰ ਹੈ। ਕੁਝ ਹੋਰਨਾਂ ਉਮੀਦਵਾਰਾਂ ਨੇ ਵੀ ਇਹੋ ਗੱਲ ਆਖੀ ਹੈ।
ਉਧਰ, ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਕਮੇਟੀ ਮੈਂਬਰ ਬਲਦੇਵ ਸਿੰਘ ਨੇ ਦੱਸਿਆ ਕਿ ਕਿ ਉਨ੍ਹਾਂ ਕਾਫ਼ੀ ਤੱਥ ਇਕੱਤਰ ਕਰ ਲਏ ਹਨ ਅਤੇ ਜਲਦੀ ਹੀ ਮਾਮਲੇ ਨੂੰ ਨਿਪਟਾ ਦਿੱਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵੀ ਕਾਹਲਾ ਹੈ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਡੇਰਾ ਵਿਵਾਦ ਨੂੰ ਸਮਾਪਤ ਕਰ ਦਿੱਤਾ ਜਾਵੇ ਤਾਂ ਜੋ ਦਿੱਲੀ ਚੋਣਾਂ ਉੱਤੇ ਪੈਣ ਵਾਲੇ ਸੰਭਾਵੀ ਅਸਰ ਨੂੰ ਪ੍ਰਭਾਵਹੀਣ ਕੀਤਾ ਜਾ ਸਕੇ।
22 ਸਿੱਖ ਆਗੂਆਂ ਨੇ ਕੀਤੀ ਹੁਕਮਨਾਮੇ ਦੀ ‘ਉਲੰਘਣਾ’ઠ
ਅੰਮ੍ਰਿਤਸਰ : ਲਗਭਗ ਦੋ ਦਰਜਨ ਸਿੱਖ ਆਗੂਆਂ ਨੇ ਡੇਰਾ ਸਿਰਸਾ ਜਾ ਕੇ ਸਿਆਸੀ ਸਮਰਥਨ ਪ੍ਰਾਪਤ ਕਰਨ ઠਅਤੇ ਅਸ਼ੀਰਵਾਦ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ। ਇਨ੍ਹਾਂ ਆਗੂਆਂ ਵਿੱਚ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਸਮੇਤ ਕਾਂਗਰਸ ਅਤੇ ‘ਆਪ’ ਆਦਿ ਪਾਰਟੀਆਂ ਦੇ ਸਿੱਖ ਉਮੀਦਵਾਰ ਸ਼ਾਮਲ ਹਨ। ਇਹ ਤੱਥ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਹੁਣ ਤੱਕ ਇਸ ਮਾਮਲੇ ਵਿੱਚ ਸਬੂਤਾਂ ਵਜੋਂ ਅਖਬਾਰਾਂ ਦੀਆਂ ઠਕਾਤਰਾਂ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਇੱਕ ਵੀਡੀਓ ਮਿਲੀ ਹੈ। ਜਾਂਚ ਕਮੇਟੀ ਵੱਲੋਂ ਇਨ੍ਹਾਂ ਖਬਰਾਂ ਅਤੇ ਵੀਡੀਓ ਕਲਿੱਪ ਦੇ ਆਧਾਰ ‘ਤੇ ਹੀ ਡੇਰਾ ਸਿਰਸਾ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲਿਆਂ ਦੀ ਸ਼ਨਾਖ਼ਤ ਕੀਤੀ ਗਈ ਹੈ। ਇਨ੍ਹਾਂ ਵਿੱਚ ਲਗਭਗ 22 ਸਿੱਖ ਆਗੂ ਸ਼ਾਮਲ ਹਨ। ਇਹ ਆਗੂ ਹਾਕਮ ਧਿਰ ਸਮੇਤ ਕਾਂਗਰਸ ਅਤੇ ਹੋਰ ਪਾਰਟੀਆਂ ਨਾਲ ਸਬੰਧਤ ਹਨ।
ਡੇਰਾ ਵਿਵਾਦ ਸਬੰਧੀ ਬਣਾਈ ਜਾਂਚ ਕਮੇਟੀ ਦੀ ਮਿਆਦ ਹੋਈ ਖਤਮ
ਪਟਿਆਲਾ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਸਿੱਖ ਉਮੀਦਵਾਰਾਂ ਵੱਲੋਂ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲੈਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਠਿਤ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦੀ ਮਿਆਦ ਜਾਂਚ ਦੇ ਬਗੈਰ ਹੀ ਬਿਨਾ ਕਿਸੇ ਸਿੱਟੇ ‘ਤੇ ਅੱਪੜਿਆਂ ਖਤਮ ਹੋ ਗਈ। ਉਧਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਬਡੂੰਗਰ ਦਾ ਕਹਿਣਾ ਹੈ ਕਿ ਉਹ ਜਾਂਚ ਕਮੇਟੀ ‘ਚ ਦਖਲਅੰਦਾਜ਼ੀ ਨਹੀਂ ਕਰਨਗੇ, ਜੇਕਰ ਕਮੇਟੀ ਸਮਝੇਗੀ ਕਿ ਮਿਆਦ ਖਤਮ ਹੋ ਗਈ ਹੈ ਤਾਂ ਉਹ ਆਪ ਪਹੁੰਚ ਕਰਨਗੇ। ਦੱਸਣਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਧਿਰ ਅਕਾਲੀ ਦਲ ਸਮੇਤ ਵੱਖ-ਵੱਖ ਰਾਜਸੀ ਪਾਰਟੀਆਂ ਦੇ ਸਿੱਖ ਉਮੀਦਵਾਰਾਂ ਵੱਲੋਂ 2007 ਦੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਉਲੰਘ ਕੇ ਡੇਰਾ ਸਿਰਸਾ ਤੋਂ ਸਿਆਸੀ ਹਮਾਇਤ ਲਈ ਸੀ। ਅਜਿਹੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਇਤਰਾਜ਼ ਜ਼ਾਹਿਰ ਕੀਤਾ ਗਿਆ ਸੀ। ਅਜਿਹੇ ‘ਚ ਲੰਘੀ 6 ਫਰਵਰੀ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ‘ਤੇ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕਰਦਿਆਂ ਅਹਿਦ ਲਿਆ ਸੀ ਕਿ ਇਹ ਜਾਂਚ ਇੱਕ ਹਫ਼ਤੇ ਵਿਚ ਨਿਬੇੜ ਲਈ ਜਾਵੇਗੀ। ਪ੍ਰੰਤੂ ਹਫ਼ਤਾ ਲੰਘਣ ਦੇ ਬਾਵਜੂਦ ਜਾਂਚ ਕਮੇਟੀ ਕਿਸੇ ਵੀ ਸਿੱਟੇ ‘ਤੇ ਨਹੀਂ ਅੱਪੜੀ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਾਂਚ ਕਮੇਟੀ ਨੇ ਹਾਲੇ ਕੁਝ ਵੀ ਰਿਪੋਰਟ ਨਹੀਂ ਦਿੱਤੀ। ਜੇ ਜਾਂਚ ਕਮੇਟੀ ਹੋਰ ਸਮਾਂ ਚਾਹੇਗੀ ਤਾਂ ਸ੍ਰੋਮਣੀ ਕਮੇਟੀ ਵਿਚਾਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ 17 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਜਾਂਚ ਕਮੇਟੀ ਦੀ ਮਿਆਦ ਵਧਾਏ ਜਾਣ ‘ਤੇ ਵਿਚਾਰ ਕੀਤਾ ਜਾਵੇਗਾ।