18.8 C
Toronto
Wednesday, August 19, 2026
spot_img
Homeਪੰਜਾਬਆਮ ਆਦਮੀ ਪਾਰਟੀ ਰੁੱਸੇ ਆਗੂਆਂ ਨੂੰ ਲੱਗੀ ਮਨਾਉਣ

ਆਮ ਆਦਮੀ ਪਾਰਟੀ ਰੁੱਸੇ ਆਗੂਆਂ ਨੂੰ ਲੱਗੀ ਮਨਾਉਣ

ਆਮ ਆਦਮੀ ਪਾਰਟੀ ਰੁੱਸੇ ਆਗੂਆਂ ਨੂੰ ਲੱਗੀ ਮਨਾਉਣਅਰਵਿੰਦ ਕੇਜਰੀਵਾਲ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਲਈ ਭੇਜਿਆ ਵਫ਼ਦ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਦੋਫਾੜ ਹੋਈ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੜ ਇਕ ਧਾਗੇ ਵਿਚ ਪਰੋਣ ਲਈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੁੱਸਿਆਂ ਨੂੰ ਮਨਾਉਣ ਦੀ ਨਵੀਂ ਰਣਨੀਤੀ ਉਲੀਕੀ ਹੈ। ਇਸ ਤਹਿਤ ਸੁੱਚਾ ਸਿੰਘ ਛੋਟੇਪੁਰ ਨੂੰ ਮਨਾ ਕੇ ਉਨ੍ਹਾਂ ਦੀ ਘਰ ਵਾਪਸੀ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਕੇਜਰੀਵਾਲ ਦੇ ਕਹਿਣ ‘ਤੇ ਛੋਟੇਪੁਰ ਨੂੰ ਮਨਾਉਣ ਲਈ ‘ਆਪ’ ਆਗੂਆਂ ਦਾ ਵਫ਼ਦ ਉਨ੍ਹਾਂ ਨੂੰ ਮਿਲਿਆ। ਸੋਮਵਾਰ ਨੂੰ ਪਾਰਟੀ ਦੇ ਸੂਬਾ ਉਪ ਪ੍ਰਧਾਨ ਡਾ. ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਛੋਟੇਪੁਰ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਦੀ ਪੁਸ਼ਟੀ ਕਰਦਿਆਂ ਛੋਟੇਪੁਰ ਨੇ ਦੱਸਿਆ ਕਿ ਕੇਜਰੀਵਾਲ ਦੇ ਕਹਿਣ ‘ਤੇ ਉਕਤ ਆਗੂ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਨੇ ਪਾਰਟੀ ‘ਚ ਵਾਪਸੀ ਦਾ ਪ੍ਰਸਤਾਵ ਰੱਖਿਆ ਜਿਸ ਦੇ ਜਵਾਬ ਵਿਚ ਮੈਂ ਉਨ੍ਹਾਂ ਨੂੰ ਕਿਹਾ ਕਿ ਜੋ ਪਾਰਟੀ ਨੇ ਮੇਰੇ ਨਾਲ ਕੀਤਾ ਅਤੇ ਮੇਰੇ ਸਾਥੀਆਂ ਨਾਲ ਹੋਇਆ, ਉਸ ਦਾ ਦਰਦ ਅਜੇ ਮੈਂ ਭੁੱਲਿਆ ਨਹੀਂ ਹਾਂ। ਸਦਮੇ ਵਿਚੋਂ ਬਾਹਰ ਨਹੀਂ ਨਿਕਲ ਸਕਿਆ ਹਾਂ। ਛੋਟੇਪੁਰ ਨੇ ਕਿਹਾ ਕਿ ਆਪ ਆਗੂਆਂ ਨੂੰ ਮੈਂ ਆਪਣੇ ਪੱਖ ਤੋਂ ਜਾਣੂੰ ਕਰਵਾ ਦਿੱਤਾ ਹੈ ਅਤੇ ਆਪਣਾ ਸੁਨੇਹਾ ਤੇ ਕੁਝ ਮਹੱਤਵਪੂਰਨ ਗੱਲਾਂ ਵੀ ਉਨ੍ਹਾਂ ਰਾਹੀਂ ਕੇਜਰੀਵਾਲ ਤੱਕ ਭੇਜ ਦਿੱਤੀਆਂ ਹਨ। ਇੱਥੇ ਇਹ ਦੱਸਣਯੋਗ ਹੈ ਕਿ ਛੋਟੇਪੁਰ ਵਿਰੁੱਧ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਖ਼ਰੀਦੋ-ਫਰੋਖ਼ਤ ਦਾ ਇਲਜ਼ਾਮ ਲਾ ਕੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਨਾਂ ਦੀ ਵੱਖਰੀ ਪਾਰਟੀ ਵੀ ਬਣਾ ਲਈ ਸੀ। ਹੁਣ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਗੰਭੀਰ ਸੰਕਟ ਵਿਚ ਆ ਗਈ। ਖਹਿਰਾ ਤੇ ਉਨ੍ਹਾਂ ਨਾਲ ਸੱਤ ਵਿਧਾਇਕ ਬਗ਼ਾਵਤ ‘ਤੇ ਉੱਤਰ ਆਏ ਤੇ ਖ਼ੁਦਮੁਖ਼ਤਿਆਰੀ ਦੀ ਮੰਗ ਕਰਨ ਲੱਗੇ। ਪਾਰਟੀ ਵਿਚ ਵਿਰੋਧੀ ਸੁਰਾਂ ਦੇ ਉੱਠਦਿਆਂ ਹੀ ਦਮਨ ਕਰਨ ਵਾਲੇ ਕੇਜਰੀਵਾਲ ਨੇ ਇਸ ਤੋਂ ਬਾਅਦ ਨਰਮੀ ਦਿਖਾਉਣ ਵਿਚ ਹੀ ਭਲਾਈ ਸਮਝੀ ਤੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਬੇਸ਼ੱਕ, ਹਾਈ ਕਮਾਨ ਪੱਖੀ ‘ਆਪ’ ਦੇ ਪੰਜਾਬ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਬੋਲਦੇ ਰਹਿੰਦੇ ਹਨ, ਉੱਥੇ ਹੀ ਕੇਜਰੀਵਾਲ ਖਹਿਰਾ ਦੇ ਮਸਲੇ ਨੂੰ ਪਰਿਵਾਰਕ ਮਤਭੇਦ ਦਾ ਨਾਂ ਦੇ ਕੇ ਸੁਲਝਾਉਣ ਦਾ ਦਾਅਵਾ ਕਰਦੇ ਰਹੇ ਹਨ।
ਸੋਮਵਾਰ ਸਵੇਰੇ ਹੋਈ ਬੈਠਕ ਬਾਰੇ ਡਾ. ਬਲਵੀਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਦਿਲ ਵਿਚ ਛੋਟੇਪੁਰ ਲਈ ਬੜੀ ਇੱਜ਼ਤ ਹੈ ਅਤੇ ਉਨ੍ਹਾਂ ਨਾਲ ਹੋਈ ਮੀਟਿੰਗ ਵਿਚ ਪੰਜਾਬ ਦੇ ਹਾਲਾਤ ਬਾਰੇ ਹੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਛੋਟੇਪੁਰ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਕੋਈ ਆਪਣੀ ਸ਼ਰਤ ਰੱਖੀ ਹੈ। ਇਹ ਇਕ ਸਰਸਰੀ ਮਿਲਣੀ ਸੀ।

RELATED ARTICLES
POPULAR POSTS