ਕੇਜਰੀਵਾਲ ਨੇ ਨੋਟਾਂ ’ਤੇ ਭਗਵਾਨ ਦੀ ਤਸਵੀਰ ਛਾਪਣ ਦੀ ਕੀਤੀ ਸੀ ਅਪੀਲ
ਚੰਡੀਗੜ੍ਹ/ਬਿੳੂਰੋ ਨਿੳੂਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ ਭਗਵਾਨ ਗਣੇਸ਼ ਅਤੇ ਦੇਵੀ ਲੱਛਮੀ ਦੀਆਂ ਤਸਵੀਰਾਂ ਛਾਪਣ ਦੀ ਮੰਗ ਕੀਤੀ ਗਈ ਸੀ। ਕੇਜਰੀਵਾਲ ਦੀ ਇਸ ਮੰਗ ਤੋਂ ਇਕ ਦਿਨ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਪੁੱਛਿਆ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਨੂੰ ਨਵੇਂ ਨੋਟਾਂ ’ਤੇ ਕਿਉਂ ਨਾ ਛਾਪਿਆ ਜਾਵੇ। ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਿਵਾੜੀ ਨੇ ਟਵੀਟ ਕੀਤਾ ਕਿ ਕਰੰਸੀ ਨੋਟਾਂ ਦੀ ਨਵੀਂ ਸੀਰੀਜ਼ ’ਤੇ ਡਾਕਟਰ ਭੀਮ ਰਾਓ ਅੰਬੇਡਕਰ ਦੀ ਤਸਵੀਰ ਕਿਉਂ ਨਹੀਂ ਹੋਣੀ ਚਾਹੀਦੀ? ਇੱਕ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਅਤੇ ਦੂਜੇ ਪਾਸੇ ਡਾ.ਬੀਆਰ ਅੰਬੇਡਕਰ ਦੀ ਤਸਵੀਰ। ਜ਼ਿਕਰਯੋਗ ਹੈ ਕਿ ਪਿਛਲੇ ਦਿਨ ਇਕ ਪੱਤਰਕਾਰ ਸੰਮੇਲਨ ਵਿਚ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਭਾਰਤੀ ਕਰੰਸੀ ਨੋਟਾਂ ’ਤੇ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਦੀ ਤਸਵੀਰ ਛਾਪੀ ਜਾਵੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸਰਕਾਰੀ ਦਫਤਰਾਂ ਵਿਚ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਸਨ। ਮੀਡੀਆ ਹਲਕਿਆਂ ਵਿਚ ਚਰਚਾ ਚੱਲ ਰਹੀ ਹੈ ਕਿ ਹੁਣ ਫੋਟੋਆਂ ਨੂੰ ਲੈ ਕੇ ਵੀ ਰਾਜਨੀਤੀ ਹੋਣ ਲੱਗੀ ਹੈ।