Breaking News
Home / ਪੰਜਾਬ / ਫਾਸਟਵੇਅ ਦਾ ਦਫ਼ਤਰ ਘੇਰਨ ਗਈ ਟੀਮ ਇਨਸਾਫ਼ ‘ਤੇ ਪੁਲਿਸ ਵੱਲੋਂ ਲਾਠੀਚਾਰਜ

ਫਾਸਟਵੇਅ ਦਾ ਦਫ਼ਤਰ ਘੇਰਨ ਗਈ ਟੀਮ ਇਨਸਾਫ਼ ‘ਤੇ ਪੁਲਿਸ ਵੱਲੋਂ ਲਾਠੀਚਾਰਜ

BAINS-PROTEST copy copyਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 15 ਖਿਲਾਫ ਕੇਸ ਦਰਜ, ਮੀਡੀਆ ਕਰਮੀ ਵੀ ਬਣੇ ਲਾਠੀਚਾਰਜ ਦਾ ਨਿਸ਼ਾਨਾ
ਲੁਧਿਆਣਾ : ਪੰਜਾਬੀ ਚੈਨਲ ‘ਤੇ ਟੀਮ ਇਨਸਾਫ਼ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਇੰਟਰਵਿਊ ਤੋਂ ਬਾਅਦ ‘ਜ਼ੀ ਪੰਜਾਬੀ ਹਰਿਆਣਾ-ਹਿਮਾਚਲ’ ਚੈਨਲ ਦਾ ਪ੍ਰਸਾਰਨ ਕੇਬਲ ‘ਤੇ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਸੋਮਵਾਰ ਨੂੰ ਟੀਮ ਇਨਸਾਫ਼ ਨੇ ਲੁਧਿਆਣਾ ਸਥਿਤ ਫਾਸਟਵੇਅ ਕੇਬਲ ਦਾ ਦਫ਼ਤਰ ਘੇਰਿਆ। ਇਸ ਮੌਕੇ ਪੁਲਿਸ ਨੇ ਦਫ਼ਤਰ ਵਿੱਚ ਜਾ ਰਹੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਟੀਮ ਇਨਸਾਫ਼ ਦੇ ਮੈਂਬਰਾਂ ‘ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਦੌਰਾਨ ਪੁਲਿਸ ਵੱਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਕੀਤੀ ਗਈ ਖਿੱਚ-ਧੂਹ ਵਿੱਚ ਉਨ੍ਹਾਂ ਦੀ ਪੱਗ ਲਹਿ ਗਈ ਅਤੇ ਸਾਰੇ ਕੱਪੜੇ ਫਟ ਗਏ। ਪੁਲਿਸ ਲਾਠੀਚਾਰਜ ਤੋਂ ਬਾਅਦ ਕੁਝ ਸਮਰੱਥਕਾਂ ਨੇ ਪਥਰਾਅ ਵੀ ਕੀਤਾ। ਇਸ ਘਟਨਾ ਵਿੱਚ ਵਿਧਾਇਕ ਬੈਂਸ, ਕੌਂਸਲਰ ਪਰਮਿੰਦਰ ਸਿੰਘ ਸੋਮਾ ਅਤੇ ਦੋ ਦਰਜਨ ਤੋਂ ਵੱਧ ਟੀਮ ਇਨਸਾਫ਼ ਦੇ ਮੈਂਬਰ ਫੱਟੜ ਹੋ ਗਏ। ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ ਟੀਮ ਇਨਸਾਫ਼ ਦੀਆਂ ਔਰਤ ਮੈਂਬਰਾਂ ਨਾਲ ਵੀ ਕਾਫ਼ੀ ਧੱਕਾਮੁੱਕੀ ਹੋਈ। ਲਾਠੀਚਾਰਜ ਦੌਰਾਨ ਪੁਰਸ਼ ਪੁਲੀਸ ਮੁਲਾਜ਼ਮਾਂ ਨੇ ਵੀ ਔਰਤਾਂ ਨੂੰ ਧੱਕੇ ਮਾਰੇ, ਜਿਸ ਕਾਰਨ ਔਰਤਾਂ ਦੇ ਸੱਟਾਂ ਲੱਗੀਆਂ ਅਤੇ ਕੱਪੜੇ ਵੀ ਫਟੇ। ઠਪੁਲਿਸ ਨੇ ਇਸ ਮਾਮਲੇ ਸਬੰਧੀ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ 15 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੈਨਲ ਦਾ ਪ੍ਰਸਾਰਨ ਬੰਦ ਕੀਤੇ ਜਾਣ ਖ਼ਿਲਾਫ਼ ਟੀਮ ਇਨਸਾਫ਼ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਸੋਮਵਾਰ ਨੂੰ ਫਾਸਟਵੇਅ ਕੇਬਲ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਨਗੇ। ਇਸ ਕਾਰਨ ਫਿਰੋਜ਼ਪੁਰ ਰੋਡ ਸਥਿਤ ਫਾਸਟਵੇਅ ਕੇਬਲ ਦੇ ਦਫ਼ਤਰ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਸੀ। ਇਸ ਦੌਰਾਨ ਕਰੀਬ 500 ਤੋਂ ਵੱਧ ਟੀਮ ਇਨਸਾਫ਼ ਸਮਰੱਥਕ ਮੌਕੇ ‘ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਨਾਲ ਪਹੁੰਚੇ, ਜਿਨ੍ਹਾਂ ਨੇ ਪਹਿਲਾਂ ਬੀਆਰਐਸ ਨਗਰ ਸਥਿਤ ਸਕੂਲ ਦੇ ਬਾਹਰ ਫਾਸਟਵੇਅ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵਿਧਾਇਕ ਸਿਮਰਜੀਤ ਸਿੰਘ ਬੈਂਸ ਕਿਸੇ ਦੀ ਨਿੱਜੀ ਕਾਰ ਵਿੱਚ ਉਥੇ ਪਹੁੰਚੇ। ਉਨ੍ਹਾਂ ਦੇ ਪਹੁੰਚਣ ਤੋਂ ਬਾਅਦ ਸਮਰੱਥਕ ਜੋਸ਼ ਵਿੱਚ ਆ ਗਏ ਅਤੇ ਉਨ੍ਹਾਂ ਨੇ ਦਫ਼ਤਰ ਦੇ ਅੰਦਰ ਜਾ ਕੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ।
ਮੀਡੀਆ ਕਰਮੀ ਨੇ ਕੀਤੀ ਸ਼ਿਕਾਇਤ
ਥਾਣਾ ਸੀਆਈਏ ਸਟਾਫ ਦੇ ਇੰਚਾਰਜ ਹਰਪਾਲ ਸਿੰਘ ਨੇ ਮੀਡੀਆ ਕਰਮੀਆਂ ਵੱਲੋਂ ਪਛਾਣ ਦੱਸੇ ਜਾਣ ਦੇ ਬਾਵਜੂਦ ਉਨ੍ਹਾਂ ‘ਤੇ ਲਾਠੀਚਾਰਜ ਕੀਤਾ। ਇੱਕ ਹਿੰਦੀ ਦੈਨਿਕ ਅਤੇ ਅੰਗਰੇਜ਼ੀ ਅਖ਼ਬਾਰ ਦੇ ਫੋਟੋਗ੍ਰਾਫ਼ਰ ਦੇ ਕੈਮਰਿਆਂ ਨੂੰ ਨੁਕਸਾਨ ਪਹੁੰਚਿਆ। ਇਸ ਦੌਰਾਨ ਮੀਡੀਆ ਕਰਮੀਆਂ ਨੇ ਥਾਣਾ ਸਰਾਭਾ ਨਗਰ ਅਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨਾਲ ਮੁਲਾਕਾਤ ਕੀਤੀ ਅਤੇ ਸਬੰਧਤ ਪੁਲਿਸ ਅਫ਼ਸਰ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ। ਔਲਖ ਨੇ ਭਰੋਸਾ ਦਿਵਾਇਆ ਕਿ ਜਲਦੀ ਹੀ ਜਾਂਚ ਕਰਕੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।
ਬੰਦ ਨਹੀਂ ਹੈ ‘ਜ਼ੀ ਪੰਜਾਬੀ’ ਚੈਨਲ: ਫਾਸਟਵੇਅ ਸੀਈਓ
ਫਾਸਟਵੇਅ ਦੇ ਸੀ.ਈ.ਓ.ਪਿਊਸ਼ ਮਹਾਜਨ ਦਾ ਕਹਿਣਾ ਹੈ ਕਿ ਨੈੱਟਵਰਕ ‘ਤੇ ‘ਜ਼ੀ ਪੰਜਾਬੀ’ ਚੈਨਲ ਬੰਦ ਨਹੀਂ ਹੈ। ਉਨ੍ਹਾਂ ਕਿਹਾ ਕਿ ਫਾਸਟਵੇਅ ਦੇ ਪਲੈਟੀਨਮ ਪੈਕੇਜ ਅਤੇ ਐਚ.ਡੀ. ‘ਤੇ ਇਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ੀ ਗਰੁੱਪ ਦਾ ਫਾਸਟਵੇਅ ਨਾਲ 31 ਮਾਰਚ 2016 ਨੂੰ ਸਮਝੌਤਾ ਸੀ, ਉਦੋਂ ਤੱਕ ਹੀ ਫਾਸਟਵੇਅ ਇਸ ਚੈਨਲ ਨੂੰ ਵਿਖਾਉਣ ਲਈ ਪਾਬੰਦ ਸੀ। ਹੁਣ ਜ਼ੀ ਵੱਲੋਂ ਨਿਰਧਾਰਿਤ ਕੀਤੀ ਗਈ ਫੀਸ ਅਦਾ ਕਰਨ ‘ਤੇ ਹੀ ‘ਜ਼ੀ ਪੰਜਾਬੀ ਚੈਨਲ’ ਵੇਖਿਆ ਜਾ ਸਕਦਾ ਹੈ। ઠ

Check Also

ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ

ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …