ਸੈਨਿਕ ਦੇ ਸ਼ਹੀਦ ਹੋਣ ‘ਤੇ ਪੰਜਾਬ ਸਰਕਾਰ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਦੇਵੇਗੀ ਮੱਦਦ : ਭਗਵੰਤ ਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਰਗਿਲ ਵਿਜੇ ਦਿਵਸ ‘ਤੇ ਭਾਰਤ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਪੂਰੇ ਭਾਰਤ ਵਾਸੀਆਂ ਵਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕਿਹਾ ਕਿ ‘ਕਾਰਗਿਲ ਵਿਜੇ ਦਿਵਸ’ ਹਥਿਆਰਬੰਦ ਸੈਨਾਵਾਂ ਦੀ ਬੇਮਿਸਾਲ ਬਹਾਦਰੀ ਦਾ ਪ੍ਰਤੀਕ ਹੈ ਅਤੇ ਲੋਕ ਭਾਰਤ ਮਾਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਹਮੇਸ਼ਾ ਰਿਣੀ ਰਹਿਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਬਹਾਦਰ ਸਪੂਤਾਂ ਨੂੰ ਸਲਾਮ ਕੀਤਾ, ਜਿਨ੍ਹਾਂ ਨੇ ਮਾਤ ਭੂਮੀ ਦੀ ਰੱਖਿਆ ਲਈ ਅਦੁੱਤੀ ਸਾਹਸ ਦਾ ਪ੍ਰਦਰਸ਼ਨ ਕੀਤਾ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਚੰਡੀਗੜ੍ਹ ‘ਚ ਬੋਗਨਵਿਲਾ ਵਾਰ ਮੈਮੋਰੀਅਲ ਵਿਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਘਰਾਂ ਵਿਚ ਏ.ਸੀ. ਅਤੇ ਹੀਟਰ ਲਗਾ ਕੇ ਸੌਂਦੇ ਹਾਂ ਅਤੇ ਸਾਡੇ ਫੌਜੀ ਜਵਾਨ ਗਰਮੀ ਅਤੇ ਸਰਦੀ ਦੇ ਮੌਸਮ ਵਿਚ ਡਿਊਟੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਸੈਨਿਕਾਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮੱਦਦ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਭਲਾਈ ਲਈ ਜੋ ਵੀ ਜ਼ਰੂਰਤ ਹੋਵੇਗੀ, ਸਰਕਾਰ ਉਹ ਜ਼ਰੂਰ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਲੱਦਾਖ ਦੇ ਕਾਰਗਿਲ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਤਿੰਨ ਮਹੀਨਿਆਂ ਦੀ ਲੜਾਈ ਤੋਂ ਬਾਅਦ ਜਿੱਤ ਦਾ ਐਲਾਨ ਕਰਦੇ ਹੋਏ 26 ਜੁਲਾਈ 1999 ਨੂੰ ‘ਆਪਰੇਸ਼ਨ ਵਿਜੇ’ ਦੀ ਸਫਲਤਾ ਦਾ ਐਲਾਨ ਕੀਤਾ ਸੀ। ਇਸਦੇ ਚੱਲਦਿਆਂ ਦੇਸ਼ ਦੀਆਂ ਤਿੰਨੇ ਸੈਨਾਵਾਂ ਦੇ ਮੁਖੀਆਂ, ਮੰਤਰੀਆਂ ਤੇ ਹੋਰ ਹਸਤੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।