ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਏਜੀ ਹੋਣਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਵਿਨੋਦ ਘਈ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਹੋਣਗੇ। ਉਨ੍ਹਾਂ ਨੇ ਇਸ ਗੱਲ ਦੀ ਖੁਦ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਵਿਚ ਕਿਸੇ ਨੂੰ ਨਹੀਂ ਜਾਣਦੇ ਅਤੇ ਸਰਕਾਰ ਨੇ ਖੁਦ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਵਿਨੋਦ ਘਈ ਨੇ ਕਿਹਾ ਕਿ ਉਹ ਸਰਕਾਰ ਵਲੋਂ ਦਾਇਰ ਮਾਮਲਿਆਂ ਦੀ ਜ਼ੋਰਦਾਰ ਢੰਗ ਨਾਲ ਪੈਰਵੀ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਲੰਘੇ ਮਾਰਚ ਮਹੀਨੇ ਨਿਯੁਕਤ ਕੀਤਾ ਗਿਆ ਸੀ। ਅਨਮੋਲ ਰਤਨ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਭੇਜਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਏ.ਜੀ. ਦਾ ਅਸਤੀਫਾ 19 ਜੁਲਾਈ ਨੂੰ ਹੀ ਸਰਕਾਰ ਕੋਲ ਪਹੁੰਚ ਗਿਆ ਸੀ। ਜਿਸ ਤਰੀਕ ਨੂੰ ਅਨਮੋਲ ਰਤਨ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਉਸੇ ਦਿਨ ਹੀ ਬੰਦੀ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ ਸੀ। ਜਿਸ ਦੌਰਾਨ ਉਨ੍ਹਾਂ ਦੇ ਦਫਤਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਪੰਜ ਵਾਰ ਰਿਹਾਈ ਦੀ ਮਨਜੂਰੀ ਭੇਜ ਚੁੱਕੀ ਹੈ। ਇਹ ਮਾਮਲਾ ਦਿੱਲੀ ਸਰਕਾਰ ਕੋਲ ਪੈਂਡਿੰਗ ਹੈ। ਹਾਲਾਂਕਿ ਅਨਮੋਲ ਰਤਨ ਸਿੰਘ ਸਿੱਧੂ ਨੇ ਆਪਣੇ ਅਸਤੀਫੇ ਪਿੱਛੇ ਨਿੱਜੀ ਕਾਰਨ ਦੱਸਿਆ ਹੈ।
ਨਵੇਂ ਏਜੀ ਵਿਨੋਦ ਘਈ ਦੀ ਨਿਯੁਕਤੀ ‘ਤੇ ਘਿਰੀ ਪੰਜਾਬ ਸਰਕਾਰ
ਰਾਮ ਰਹੀਮ, ਡਾ. ਵਿਜੇ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਦੀ ਵਕਾਲਤ ਵੀ ਕਰ ਚੁੱਕੇ ਹਨ ਘਈ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਲਗਾਏ ਗਏ ਨਵੇਂ ਐਡਵੋਕੇਟ ਜਨਰਲ ਵਿਨੋਦ ਘਈ ਦੇ ਮਾਮਲੇ ਵਿਚ ਪੰਜਾਬ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਦੇ ਨਾਲ-ਨਾਲ ਬੁੱਧੀਜੀਵੀਆਂ ਨੇ ਵੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਕਿਉਂਕਿ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਐਡਵੋਕੇਟ ਜਨਰਲ ਵਿਨੋਦ ਘਈ ਇਸ ਤੋਂ ਪਹਿਲਾਂ ਕਈ ਵੱਡੇ ਮਾਮਲਿਆਂ ਵਿਚ ਪੰਜਾਬ ਸਰਕਾਰ ਨੂੰ ਚਿੱਤ ਕਰ ਚੁੱਕੇ ਹਨ। ਵਿਨੋਦ ਘਈ ਬੇਅਦਬੀ ਦੇ ਕੇਸ ਵਿਚ ਘਿਰੇ ਡੇਰਾ ਮੁਖੀ ਰਾਮ ਰਹੀਮ, ਬਰਖਾਸਤ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਭਾਰਤ ਭੂਸ਼ਣ ਆਸ਼ੂ ਅਤੇ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਕਈ ਹੋਰ ਵੱਡੀਆਂ ਹਸਤੀਆਂ ਦੇ ਵਕੀਲ ਵੀ ਰਹਿ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਦੀ ਨਿਯੁਕਤੀ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਤਜ਼ਰਬੇਕਾਰ ਵਕੀਲ ਵਿਨੋਦ ਘਈ ਨੂੰ ਸਰਕਾਰ ਨਾਲ ਇਸ ਲਈ ਜੋੜਿਆ ਗਿਆ ਹੈ ਤਾਂ ਜੋ ਪੰਜਾਬ ਸਰਕਾਰ ਨੂੰ ਪੈਂਡਿੰਗ ਕੇਸਾਂ ਵਿਚ ਇਨਸਾਫ਼ ਮਿਲ ਸਕੇ। ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਚੰਨੀ ਸਰਕਾਰ ਦੇ ਪਦਚਿੰਨ੍ਹਾਂ ‘ਤੇ ਚੱਲ ਰਹੀ ਹੈ। ਮਾਨ ਸਰਕਾਰ ਨੇ ਵੀ ਚੰਨੀ ਸਰਕਾਰ ਦੀ ਤਰਜ ‘ਤੇ ਪਹਿਲਾਂ ਡੀਜੀਪੀ, ਫਿਰ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਇਆ ਗਿਆ ਅਤੇ ਹੁਣ ਐਡਵੋਕੇਟ ਜਨਰਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਸ਼ਾਸਨਿਕ ਅਸਥਿਰਤਾ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ।
Check Also
ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੱਧੂ ਚਲਾਉਣਗੇ ਹੁਣ ਯੂ ਟਿਊਬ ਚੈਨਲ
ਕਿਹਾ : ਆਪਣੀ ਜ਼ਿੰਦਗੀ ਨਾਲ ਜੁੜੇ ਤੱਥਾਂ ਨੂੰ ਚੈਨਲ ’ਤੇ ਕਰਾਂਗਾ ਸ਼ੇਅਰ ਅੰਮਿ੍ਰਤਸਰ/ਬਿਊਰੋ ਨਿਊਜ਼ : …