
ਚੇਅਰਮੈਨ ਇੰਦਰਬੀਰ ਸਿੰਘ ਨਿੱਝਰ ਨੇ ਹਰ ਹਫਤੇ ਮੀਟਿੰਗ ਸੱਦਣ ਦਾ ਕੀਤਾ ਦਾਅਵਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਵੱਲੋਂ ਗਠਿਤ ਸਿਲੈਕਟ ਕਮੇਟੀ ਨੇ ਬੇਅਦਬੀ ਖਿਲਾਫ ਬਿੱਲ ਦੇ ਖਰੜੇ ’ਤੇ ਅੱਜ ਵੀਰਵਾਰ ਨੂੰ ਪਹਿਲੀ ਮੀਟਿੰਗ ਕੀਤੀ ਅਤੇ ਇਹ ਮੀਟਿੰਗ ਵਿਧਾਨ ਸਭਾ ਸਕੱਤਰੇਤ ਵਿੱਚ ਹੋਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਚੀਫ ਖਾਲਸਾ ਦੀਵਾਨ ਦੇ ਚੇਅਰਮੈਨ ਇੰਦਰਬੀਰ ਸਿੰਘ ਨਿੱਝਰ ਦੀ ਅਗਵਾਈ ਵਾਲੀ ਕਮੇਟੀ ਦੀ ਮੀਟਿੰਗ ਵਿੱਚ 15 ਮੈਂਬਰਾਂ ਵਿੱਚੋਂ 13 ਮੈਂਬਰ ਹਾਜ਼ਰ ਸਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਮੀਟਿੰਗ ਵਿੱਚ ਮੌਜੂਦ ਰਹੇ। ਮੀਟਿੰਗ ਤੋ ਬਾਅਦ ਚੇਅਰਮੈਨ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਅਗਲੀ ਮੀਟਿੰਗ ਹੁਣ ਮੰਗਲਵਾਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਦੇਸ਼ ਵਿਦੇਸ਼ ’ਚ ਇਸ ਬਾਰੇ ਬਣੇ ਕਾਨੂੰਨਾਂ ਦੀ ਘੋਖ ਕੀਤੀ ਜਾਵੇਗੀ ਅਤੇ ਆਮ ਲੋਕਾਂ ਦੇ ਸੁਝਾਅ ਵੀ ਲਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਹ ਹਰ ਹਫਤੇ ਮੀਟਿੰਗ ਕਰਨਗੇ। ਇਸ ਕਮੇਟੀ ਵਿਚ ਕਾਂਗਰਸ ਪਾਰਟੀ ਦੇ ਦੋ ਵਿਧਾਇਕ, ਭਾਜਪਾ ਦਾ ਇਕ ਵਿਧਾਇਕ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਵੀ ਇਕ ਵਿਧਾਨ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 11 ਮੈਂਬਰ ਇਸ ਕਮੇਟੀ ਵਿਚ ਸ਼ਾਮਲ ਹਨ।

