ਇਸ ਬੀਮਾ ਯੋਜਨਾ ਨੂੰ ਮੁੜ ਤੋਂ ਕੀਤਾ ਜਾ ਰਿਹਾ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੁਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਵੀ 50 ਹਜ਼ਾਰ ਰੁਪਏ ਤੱਕ ਦਾ ਹੈਲਥ ਬੀਮਾ ਹੋਵੇਗਾ। ਹਾਦਸੇ ਦਾ ਸ਼ਿਕਾਰ ਹੋਣ ਜਾਂ ਕਿਸੇ ਹਾਦਸੇ ਵਿਚ ਅਪਾਹਜ ਹੋ ਜਾਣ ’ਤੇ ਵਿਦਿਆਰਥੀਆਂ ਦਾ ਡਾਕਟਰੀ ਖਰਚ ਇਸ ਬੀਮਾ ਯੋਜਨਾ ਨਾਲ ਕਵਰ ਹੋਵੇਗਾ। ਪੰਜਾਬ ਵਿਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਸ਼ੁਰੂ ਬੀਮਾ ਯੋਜਨਾ ਦੇ ਤਹਿਤ 19,200 ਸਰਕਾਰੀ ਸਕੂਲ ਕਵਰ ਹੋਣਗੇ। ਇਨ੍ਹਾਂ ਸਕੂਲਾਂ ਵਿਚ ਕਰੀਬ 26 ਲੱਖ ਵਿਦਿਆਰਥੀ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਸਿੱਖਿਆ ਵਿਭਾਗ ਪੰਜਾਬ ਦੇ ਅਸਿਸਟੈਂਟ ਡਾਇਰੈਕਟਰ ਰਾਜੇਸ਼ ਭਾਰਦਵਾਜ ਦਾ ਕਹਿਣਾ ਹੈ ਕਿ ਇਹ ਬੀਮਾ ਯੋਜਨਾ 2007 ਵਿਚ ਲਾਗੂ ਹੋਈ ਸੀ। ਹੁਣ ਫਿਰ ਤੋਂ ਇਸ ਨੂੰ ਲਾਗੂ ਕੀਤਾ ਗਿਆ ਹੈ। ਯੋਜਨਾ ਨੂੰ ਲੈ ਕੇ 1 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਜੋ ਵਿਦਿਆਰਥੀ ਜ਼ਰੂਰਤਮੰਦ ਹੋਵੇਗਾ, ਇਲਾਜ ਵਿਚ ਉਸਦੀ ਮੱਦਦ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਸਬੰਧੀ ਸਾਰੇ ਜ਼ਿਲ੍ਹਿਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।