ਭਲਕੇ ਸ਼ੁੱਕਰਵਾਰ ਨੂੰ ਜੇਲ੍ਹ ਵਿਚੋਂ ਹੋਵੇਗੀ ਰਿਹਾਈ
ਲੁਧਿਆਣਾ/ਬਿਊਰੋ ਨਿਊਜ਼
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਾਰੇ ਮਾਮਲਿਆਂ ’ਚ ਜ਼ਮਾਨਤ ਮਿਲ ਗਈ ਹੈ। ਧਿਆਨ ਰਹੇ ਕਿ ਸਿਮਰਜੀਤ ਬੈਂਸ ਜਬਰ ਜਨਾਹ ਦੇ ਮਾਮਲੇ ’ਚ ਬਰਨਾਲਾ ਦੀ ਜੇਲ੍ਹ ’ਚ ਬੰਦ ਹੈ ਅਤੇ ਹੁਣ ਸਾਰੇ ਮਾਮਲਿਆਂ ਵਿਚ ਜ਼ਮਾਨਤ ਮਿਲਣ ਕਰਕੇ ਉਨ੍ਹਾਂ ਦਾ ਜੇਲ੍ਹ ’ਚੋਂ ਬਾਹਰ ਆਉਣ ਦਾ ਰਸਤਾ ਸਾਫ ਹੋ ਗਿਆ ਹੈ। ਭਲਕੇ 10 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਬਰਨਾਲਾ ਜੇਲ੍ਹ ’ਚੋਂ ਰਿਹਾਅ ਹੋ ਕੇ ਬਾਹਰ ਆਉਣਗੇ। ਸਿਮਰਜੀਤ ਸਿੰਘ ਬੈਂਸ ਨੂੰ ਜ਼ਮਾਨਤ ਮਿਲਣ ਅਤੇ ਉਨ੍ਹਾਂ ਦੇ ਜੇਲ੍ਹ ’ਚੋਂ ਬਾਹਰ ਆਉਣ ਦੀ ਸੂਚਨਾ ਮਗਰੋਂ ਉਨ੍ਹਾਂ ਦੇ ਸਮਰਥਕ ਖੁਸ਼ ਹਨ। ਉਧਰ, ਬੈਂਸ ਦੇ ਸਵਾਗਤ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਬੈਂਸ ਸਮਰਥਕਾਂ ਨੂੰ ਭਲਕੇ ਸ਼ੁੱਕਰਵਾਰ ਨੂੰ ਬਰਨਾਲਾ ਜੇਲ੍ਹ ਦੇ ਬਾਹਰ ਪੁੱਜਣ ਲਈ ਆਖਿਆ ਗਿਆ ਹੈ ਤਾਂ ਜੋ ਸਿਮਰਜੀਤ ਸਿੰਘ ਬੈਂਸ ਰੋਡ ਸ਼ੋਅ ਕਰਦੇ ਹੋਏ ਲੁਧਿਆਣਾ ਪੁੱਜਣ। ਜ਼ਿਕਰਯੋਗ ਹੈ ਕਿ ਅਕਾਲੀ ਦਲ (ਬਾਦਲ) ਤੋਂ ਵੱਖ ਹੋ ਕੇ ਆਪਣੀ ‘ਲੋਕ ਇਨਸਾਫ਼ ਪਾਰਟੀ’ ਬਣਾਉਣ ਵਾਲੇ ਬੈਂਸ ਨੇ 8 ਮਹੀਨੇ ਪਹਿਲਾਂ ਅਦਾਲਤ ਵਿਚ ਜਬਰ ਜਨਾਹ ਦੇ ਕੇਸ ਵਿਚ ਆਤਮ-ਸਮਰਪਣ ਕੀਤਾ ਸੀ। ਜਬਰ ਜਨਾਹ ਕੇਸ ਵਿਚ ਜ਼ਮਾਨਤ ਮਿਲਣ ਪਿੱਛੋਂ ਦੂਜੇ ਹੋਰਨਾਂ 16 ਕੇਸਾਂ ਵਿਚ ਵੀ ਬੈਂਸ ਨੂੰ ਜ਼ਮਾਨਤ ਮਿਲ ਗਈ ਹੈ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਿਮਰਜੀਤ ਬੈਂਸ ਨੂੰ ਅਦਾਲਤ ਤੋਂ ਮਿਲੀ ਰਾਹਤ ਉਨ੍ਹਾਂ ਦੀ ਪਾਰਟੀ ਲਈ ਫਾਇਦੇਮੰਦ ਵੀ ਹੋ ਸਕਦੀ ਹੈ।