-0.8 C
Toronto
Thursday, December 4, 2025
spot_img
Homeਪੰਜਾਬਲਤੀਫਪੁਰਾ ਉਜਾੜਾ: ਮਲਬੇ ਹੇਠ ਦੱਬੀਆਂ ਪਈਆਂ ਨੇ ਸੱਧਰਾਂ

ਲਤੀਫਪੁਰਾ ਉਜਾੜਾ: ਮਲਬੇ ਹੇਠ ਦੱਬੀਆਂ ਪਈਆਂ ਨੇ ਸੱਧਰਾਂ

ਪੀੜਤ ਲੋਕਾਂ ਦੀ ਪੀੜ ਹਾਲੇ ਵੀ ਘਟਦੀ ਦਿਖਾਈ ਨਹੀਂ ਦੇ ਰਹੀ
ਜਲੰਧਰ/ਬਿਊਰੋ ਨਿਊਜ਼ : ਲਤੀਫ਼ਪੁਰਾ ਵਿੱਚ ਹੱਸਦੇ-ਵੱਸਦੇ ਘਰਾਂ ਨੂੰ ਮਲਬੇ ਵਿੱਚ ਬਦਲ ਦੇਣ ਦੀ ਸਰਕਾਰੀ ਕਾਰਵਾਈ ਨੂੰ ਤਿੰਨ ਹਫ਼ਤੇ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ, ਪਰ ਪੀੜਤ ਲੋਕਾਂ ਦੀ ਪੀੜ ਹਾਲੇ ਵੀ ਘਟਦੀ ਦਿਖਾਈ ਨਹੀਂ ਦੇ ਰਹੀ। ਸਖ਼ਤ ਮਿਹਨਤ ਕਰਕੇ ਆਪਣੇ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰ ਰਹੇ ਇਨ੍ਹਾਂ ਪਰਿਵਾਰਾਂ ਦੇ ਸਿਰ ਤੋਂ ਛੱਤ ਖੋਹ ਲੈਣ ਮਗਰੋਂ ਇਨ੍ਹਾਂ ਦੇ ਦੁੱਖ ਕਈ ਗੁਣਾ ਵੱਧ ਗਏ ਹਨ।
ਲਤੀਫ਼ਪੁਰਾ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਰੀਟਾ ਦਾ ਵੀ ਇਥੇ ਘਰ ਸੀ। ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਹ ਸਿਲਾਈ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੀ ਰਹੀ ਹੈ। ਉਸ ਦੇ ਢਾਹੇ ਗਏ ਘਰ ਦੇ ਮਲਬੇ ਵਿੱਚ ਉਸ ਦੀ ਉਹ ਸਿਲਾਈ ਮਸ਼ੀਨ ਵੀ ਦੱਬ ਗਈ, ਜੋ ਉਸ ਦੀ ਕਮਾਈ ਦਾ ਇਕਲੌਤਾ ਸਾਧਨ ਸੀ। ਕਾਫੀ ਜੱਦੋ-ਜਹਿਦ ਮਗਰੋਂ ਉਸ ਨੇ ਆਪਣੀ ਮਸ਼ੀਨ ਤਾਂ ਮਲਬੇ ਹੇਠੋਂ ਕੱਢ ਲਈ ਹੈ, ਪਰ ਸਰਕਾਰ ਦੀ ਇਸ ਕਾਰਵਾਈ ਨੇ ਉਸ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਉਸ ਦੀ ਇਕ ਧੀ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਹੀ ਹੈ, ਲੜਕਾ ਬਾਰ੍ਹਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਦਸ ਵਰ੍ਹਿਆਂ ਦੀ ਦੂਜੀ ਧੀ ਬਚਪਨ ਤੋਂ ਹੀ ਬਿਮਾਰ ਹੈ। ਲੋਕ ਆਪਣੇ ਘਰਾਂ ਦੇ ਮਲਬੇ ਦੀ ਰਾਖੀ ਬੈਠੇ ਹਨ। ਉਨ੍ਹਾਂ ਨੂੰ ਡਰ ਹੈ ਕਿ ਜੇਕਰ ਉਹ ਇਥੋਂ ਹਿੱਲੇ ਤਾਂ ਸਰਕਾਰ ਉਨ੍ਹਾਂ ਦੇ ਘਰਾਂ ਦਾ ਮਲਬਾ ਵੀ ਲੈ ਜਾਵੇਗੀ।
ਦਲਿਤ ਪਰਿਵਾਰ ਨਾਲ ਸਬੰਧਤ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਗੋਵਰਧਨ ਦਾਸ 1947 ਵੇਲੇ ਪਾਕਿਸਤਾਨ ਤੋਂ ਉੱਜੜ ਕੇ ਲਤੀਫ਼ਪੁਰੇ ਆ ਵਸੇ।
ਨਰਿੰਦਰ ਬਚਪਨ ਵਿੱਚ ਪੋਲੀਓ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਇੱਕ ਲੱਤ ਠੀਕ ਤਰ੍ਹਾਂ ਕੰਮ ਨਹੀਂ ਕਰਦੀ। ਫਿਰ ਵੀ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਦੇ ਦੋ ਬੱਚੇ ਖਾਲਸਾ ਕਾਲਜ ਵਿੱਚ ਬੀਸੀਏ ਦੀ ਪੜ੍ਹਾਈ ਕਰ ਰਹੇ ਹਨ। ਉਹ ਕਿਸੇ ਤਰ੍ਹਾਂ ਆਪਣੇ ਘਰ ਦੀ ਡਗਮਗਾ ਰਹੀ ਆਰਥਿਕਤਾ ਨੂੰ ਸੰਭਾਲਣ ਦਾ ਯਤਨ ਕਰ ਰਿਹਾ ਸੀ, ਪਰ ਸਰਕਾਰ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਨੂੰ ਇੱਕ ਹੀ ਪਲ ਵਿੱਚ ਸੜਕ ‘ਤੇ ਲੈ ਆਂਦਾ ਹੈ। ਉਸ ਨੂੰ ਆਸ ਹੈ ਕਿ ਉਨ੍ਹਾਂ ਦੇ ਹੱਕ ਦੀ ਲੜਾਈ ਲੜ ਰਹੇ ਪੰਜਾਬ ਵਾਸੀ ਇਸ ਸੰਘਰਸ਼ ਵਿੱਚ ਜ਼ਰੂਰ ਕਾਮਯਾਬ ਹੋਣਗੇ ਤੇ ਉਨ੍ਹਾਂ ਦੇ ਸਿਰਾਂ ‘ਤੇ ਇੱਕ ਵਾਰ ਮੁੜ ਛੱਤ ਬਣੇਗੀ।

 

RELATED ARTICLES
POPULAR POSTS