Breaking News
Home / ਪੰਜਾਬ / ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਸ਼ੁਰੂ

ਮੁਹਾਲੀ ਤੇ ਰੂਪਨਗਰ ਜ਼ਿਲ੍ਹੇ ‘ਚ ਆਮਦਨ ਤੋਂ ਵੱਧ ਬਹੁ-ਕਰੋੜੀ ਜ਼ਮੀਨਾਂ ਖ਼ਰੀਦਣ ਦਾ ਆਰੋਪ
ਮੁਹਾਲੀ : ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਖ਼ਿਲਾਫ਼ ਕਾਨੂੰਨੀ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵੱਲੋਂ ਜਿੱਥੇ ਪਿਛਲੇ ਦਿਨੀਂ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਕਰਕੇ ਆਪਣਾ ਮੇਅਰ ਬਣਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ, ਉੱਥੇ ਹੀ ਹੁਣ ਵਿਜੀਲੈਂਸ ਨੇ ਬਲਬੀਰ ਸਿੱਧੂ ਖ਼ਿਲਾਫ਼ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਧੂ ‘ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ ਅਤੇ ਰੂਪਨਗਰ ਜ਼ਿਲ੍ਹੇ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜ਼ਮੀਨਾਂ ਖ਼ਰੀਦਣ ਦਾ ਆਰੋਪ ਹੈ। ਪੰਜਾਬ ਵਿੱਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਦੋਵੇਂ ਭਰਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਧਰ ਬਲਬੀਰ ਸਿੱਧੂ ਨੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਇਹ ਸਾਰਾ ਕੁੱਝ ਸਿਆਸੀ ਬਦਲਾਖ਼ੋਰੀ ਦਾ ਨਤੀਜਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਬੀਰ ਸਿੱਧੂ ਵੱਲੋਂ ਆਪਣੀ ਪਤਨੀ ਅਤੇ ਬੇਟੇ ਦੇ ਨਾਂ ‘ਤੇ ਖਰੀਦੀ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਲਗਜ਼ਰੀ ਗੱਡੀਆਂ ਵੀ ਜਾਂਚ ਦੇ ਘੇਰੇ ਵਿੱਚ ਆ ਗਈਆਂ ਹਨ। ਸਿੱਧੂ ਦੇ ਛੋਟੇ ਭਰਾ ਜੀਤੀ ਸਿੱਧੂ ਦੀ ਮੁਹਾਲੀ ਵਿੱਚ ਰੀਅਲ ਅਸਟੇਟ ਲੈਂਡ ਚੈਸਟਰ ਕੰਪਨੀ ਵੱਲੋਂ ਖਰੀਦੀ ਗਈ 70 ਏਕੜ ਦੀ ਜਾਇਦਾਦ ਅਤੇ ਸਿੱਧੂ ਪਰਿਵਾਰ ‘ਤੇ ਲੱਗੇ ਜ਼ਮੀਨਾਂ ‘ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੀ ਵੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੱਤਾ ਪਰਿਵਰਤਨ ਤੋਂ ਬਾਅਦ ਹੀ ਸਿੱਧੂ ਪਰਿਵਾਰ ਸੂਬਾ ਸਰਕਾਰ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਕੁੱਝ ਸਮਾਂ ਪਹਿਲਾਂ ਹੀ ਸਰਕਾਰ ਨੇ ਪਿੰਡ ਬਲੌਂਗੀ ਸਥਿਤ ਬਾਲ ਗੋਪਾਲ ਗਊਸ਼ਾਲਾ ਦੀ ਜ਼ਮੀਨ ਨੂੰ ਲੈ ਕੇ ਸਿੱਧੂ ਪਰਿਵਾਰ ਨੂੰ ਘੇਰਨ ਅਤੇ ਪੁਲਿਸ ਦੀ ਮਦਦ ਨਾਲ ਗਊਸ਼ਾਲਾ ਵਾਲੀ ਜ਼ਮੀਨ ਦਾ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਿੱਧੂ ਅਤੇ ਉਨ੍ਹਾਂ ਦੇ ਸਮਰਥਕਾਂ ਅੱਗੇ ਪੁਲਿਸ ਬੇਵੱਸ ਨਜ਼ਰ ਆਈ। ਬਾਅਦ ਵਿੱਚ ਉੱਚ ਅਦਾਲਤ ਨੇ ਗਊਸ਼ਾਲਾ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਅਗਲੇ ਹੁਕਮਾਂ ਤੱਕ ਸਟੇਅ ਆਰਡਰ ਜਾਰੀ ਕੀਤੇ।
ਮੀਡੀਆ ‘ਤੇ ਭੜਕੇ ਸਾਬਕਾ ਮੰਤਰੀ ਬਲਬੀਰ ਸਿੱਧੂ
ਕਿਹਾ : ਮੈਨੂੰ ਵਿਜੀਲੈਂਸ ਨੇ ਕੋਈ ਨੋਟਿਸ ਨਹੀਂ ਭੇਜਿਆ
ਮੋਹਾਲੀ : ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੇ ਖਿਲਾਫ ਵਿਜੀਲੈਂਸ ਜਾਂਚ ਦੀਆਂ ਲੱਗੀਆਂ ਖ਼ਬਰਾਂ ਤੋਂ ਬਾਅਦ ਮੀਡੀਆ ‘ਤੇ ਭੜਕ ਉਠੇ। ਉਨ੍ਹਾਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਨੂੰ ਵਿਜੀਲੈਂਸ ਵੱਲੋਂ ਕੋਈ ਨੋਟਿਸ ਨਹੀਂ ਭੇਜਿਆ ਗਿਆ ਅਤੇ ਮੀਡੀਆ ਨੂੰ ਜਾਂਚ ਸਬੰਧੀ ਖਬਰਾਂ ਲਗਾਉਣ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਮੈਨੂੰ ਵਿਜੀਲੈਂਸ ਵੱਲੋਂ ਭੇਜਿਆ ਗਿਆ ਕੋਈ ਨੋਟਿਸ ਪ੍ਰਾਪਤ ਹੋਇਆ ਹੈ ਜਾਂ ਨਹੀਂ ਪ੍ਰੰਤੂ ਮੀਡੀਆ ਵੱਲੋਂ ਅਜਿਹਾ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਖਬਰਾਂ ਪ੍ਰਕਾਸ਼ਿਤ ਕਰਨ ਨੂੰ ਪਹਿਲ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਹਰ ਇਨਸਾਨ ਨੂੰ ਤਰੱਕੀ ਕਰਨ ਦਾ ਹੱਕ ਹੈ। ਬਲਬੀਰ ਸਿੱਧੂ ਨੇ ਅੱਗੇ ਕਿਹਾ ਕਿ ਅਸੀਂ ਨਾ ਤਾਂ ਕਿਸੇ ਤਰ੍ਹਾਂ ਦੀ ਜ਼ਮੀਨ ‘ਤੇ ਨਜਾਇਜ਼ ਕਬਜ਼ਾ ਕੀਤਾ ਅਤੇ ਨਾ ਹੀ ਕੋਈ ਨਾਜਾਇਜ਼ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੀ ਸੇਵਾ ਪੂਰੀ ਇਮਾਨਦਾਰੀ ਨਾਲ ਕਰ ਰਹੇ ਅਤੇ ਅੱਗੇ ਤੋਂ ਵੀ ਕਰਦੇ ਰਹਾਂਗੇ।

 

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …