ਭਾਜਪਾ ਦੀਆਂ ਸਟੇਜਾਂ ‘ਤੇ ਬੋਲਣ ਤੋਂ ਮਾਮਲਾ ਗਰਮਾਇਆ
ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਤੋਂ ਸ਼ਾਹੀ ਪਰਿਵਾਰ ਦੀ ਨੂੰਹ ਤੇ ਕਾਂਗਰਸੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਭਾਰਤੀ ਜਨਤਾ ਪਾਰਟੀ ਦੀਆਂ ਸਟੇਜਾਂ ਤੋਂ ਬੋਲਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ, ਹਾਲਾਂਕਿ ਪ੍ਰਨੀਤ ਕੌਰ ਆਪਣੇ ਆਪ ਨੂੰ ਕਾਂਗਰਸ ਦੀ ਵਫ਼ਾਦਾਰ ਹੋਣ ਬਾਰੇ ਕਹਿ ਰਹੇ ਹਨ ਪਰ ਪਟਿਆਲਾ ਦੀ ਕਾਂਗਰਸੀ ਲੀਡਰਸ਼ਿਪ ਅਤੇ ਉਸ ਦੇ ਵਿਰੁੱਧ ਚੋਣ ਲੜਨ ਵਾਲੇ ਡਾ. ਧਰਮਵੀਰ ਗਾਂਧੀ ਨੇ ਵੀ ਪ੍ਰਨੀਤ ਕੌਰ ਨੂੰ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਲਈ ਧੋਖੇਬਾਜ਼ ਕਰਾਰ ਦੇ ਦਿੱਤਾ ਹੈ।
ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪ੍ਰਨੀਤ ਇਸ ਵੇਲੇ ਨਾ ਤਾਂ ਕਾਂਗਰਸ ਦੇ ਪੱਖ ਵਿਚ ਖੜ੍ਹੇ ਨਜ਼ਰ ਆ ਰਹੇ ਹਨ, ਨਾ ਹੀ ਉਹ ਪਟਿਆਲਾ ਹਲਕੇ ਦੇ ਲੋਕਾਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ।
ਜੇਕਰ ਉਹ ਭਾਜਪਾ ਨਾਲ ਵੀ ਖੜ੍ਹੇ ਹਨ ਤਾਂ ਉਨ੍ਹਾਂ ਨੂੰ ਸ਼ਰ੍ਹੇਆਮ ਕਾਂਗਰਸ ਛੱਡ ਕੇ ਭਾਜਪਾ ਨਾਲ ਹੋ ਕੇ ਚੱਲਣਾ ਚਾਹੀਦਾ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਪਟਿਆਲਾ ਲਈ ਕੋਈ ਵੱਡਾ ਪੈਕੇਜ ਲਿਆਉਣਾ ਚਾਹੀਦਾ ਹੈ। ਹੁਣ ਸਪਸ਼ਟ ਹੋ ਗਿਆ ਹੈ ਕਿ ਉਹ ਆਪਣੀ ਧੀ ਜੈ ਇੰਦਰ ਕੌਰ ਨੂੰ ਭਾਜਪਾ ਦੀ ਟਿਕਟ ਦਿਵਾਉਣ ਲਈ ਪਟਿਆਲਾ ਵਾਸੀਆਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧੋਖੇਬਾਜ਼ ਐਮਪੀ ਨੂੰ ਲੋਕ ਨੇੜੇ ਨਾ ਲੱਗਣ ਦੇਣ।
ਉਨ੍ਹਾਂ ਕਾਂਗਰਸ ਲੀਡਰਸ਼ਿਪ ਨੂੰ ਕਿਹਾ ਹੈ ਕਿ ਕਾਂਗਰਸ ਲੀਡਰਸ਼ਿਪ ਬਿਨਾਂ ਕੋਈ ਦੇਰੀ ਕੀਤਿਆਂ ਪ੍ਰਨੀਤ ਕੌਰ ਨੂੰ ਕਾਂਗਰਸ ਵਿਚੋਂ ਕੱਢੇ।
ਦੂਜੇ ਪਾਸੇ ਕਾਂਗਰਸ ਦੇ ਪਟਿਆਲਾ ਤੋਂ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ ਹੈ ਕਿ ਉਹ ਕਾਂਗਰਸ ਹਾਈਕਮਾਂਡ ਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਪਟਿਆਲਾ ਦੀ ਸੰਸਦ ਮੈਂਬਰ ਖਿਲਾਫ ਕਾਰਵਾਈ ਕਰਨੀ ਬਣਦੀ ਹੈ। ਪ੍ਰਨੀਤ ਕੌਰ ਨੇ ਮੁੜ ਕਿਹਾ ਹੈ ਕਿ ਉਹ ਕਾਂਗਰਸ ਦੀ ਵਫ਼ਾਦਾਰ ਹੈ।