Breaking News
Home / ਪੰਜਾਬ / ਘਾਟੀ ‘ਚ ਖਰਾਬ ਮਾਹੌਲ ਦੇ ਦੋ ਸਾਲ ਬਾਅਦ ਗੁਰਦੁਆਰਾ

ਘਾਟੀ ‘ਚ ਖਰਾਬ ਮਾਹੌਲ ਦੇ ਦੋ ਸਾਲ ਬਾਅਦ ਗੁਰਦੁਆਰਾ

ਸ੍ਰੀ ਪੱਥਰ ਸਾਹਿਬ ਵਿਚ ਦਸ ਗੁਣਾ ਵਧ ਗਈ ਸੰਗਤ ਦੀ ਆਮਦ
ਜਲੰਧਰ : ਲੱਦਾਖ ਸਥਿਤ ਗੁਰਦੁਆਰਾ ਪੱਥਰ ਸਾਹਿਬ ਵਿਚ ਇਸ ਸਾਲ ਸ਼ਰਧਾਲੂਆਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇਸ ਗੁਰਦੁਆਰੇ ਵਿਚ ਰੋਜ਼ਾਨਾ ਪੰਜ ਹਜ਼ਾਰ ਦੇ ਕਰੀਬ ਸ਼ਰਧਾਲੂ ਮੱਥਾ ਟੇਕਣ ਪਹੁੰਚ ਰਹੇ ਹਨ। 2016 ਤੋਂ ਪਾਕਿ ਦਹਿਸ਼ਤਗਰਦਾਂ ਖਿਲਾਫ ਸ਼ੁਰੂ ਹੋਏ ਅਪਰੇਸ਼ਨ ਆਲ ਆਊਟ, ਬੁਰਹਾਨ ਬਾਨੀ ਦੀ ਮੌਤ ਅਤੇ ਸਰਜੀਕਲ ਸਟਰਾਈਕ ਤੋਂ ਬਾਅਦ ਸ੍ਰੀਨਗਰ ਮਾਰਗ ਤੋਂ ਲੇਹ ਜਾਣ ਵਾਲੇ ਯਾਤਰੀਆਂ ਦੀ ਸੰਖਿਆ ਵਿਚ ਗਿਰਾਵਟ ਦਰਜ ਕੀਤੀ ਗਈ ਸੀ। ਤਦ ਇੱਥੇ ਸੀਜ਼ਨ ਵਿਚ ਸ਼ਰਧਾਲੂਆਂ ਦੀ ਸੰਖਿਆ 500 ਤੋਂ 1000 ਦੇ ਵਿਚਕਾਰ ਰਹਿ ਗਈ ਸੀ। ਇਸ ਗੁਰਦੁਆਰੇ ਦਾ ਨਿਰਮਾਣ ਫੌਜ ਵਲੋਂ ਕੀਤਾ ਗਿਆ ਹੈ ਅਤੇ ਪ੍ਰਬੰਧ ਵੀ ਫੌਜ ਵਲੋਂ ਹੀ ਚਲਾਇਆ ਜਾਂਦਾ ਹੈ। ਲੇਹ ਸਥਿਤ ਫੌਜ ਦੀ 14 ਕੋਰ ਵਿਚ ਤੈਨਾਤ ਵੱਖ-ਵੱਖ ਯੂਨਿਟਾਂ ਨੂੰ ਇਸ ਗੁਰਦੁਆਰੇ ਵਿਚ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।
2016 ਤੋਂ ਪਹਿਲੀ ਸਿੱਖ ਰੈਜੀਮੈਂਟ ਗੁਰਦੁਆਰੇ ਦਾ ਪ੍ਰਬੰਧ ਚਲਾ ਰਹੀ ਹੈ। ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਵਾਲਿਆਂ ‘ਚ ਲੇਹ ਲੱਦਾਖ ਘੁੰਮਣ ਜਾਣ ਵਾਲੇ ਯਾਤਰੀਆਂ ਤੋਂ ਇਲਾਵਾ ਸਥਾਨਕ ਲੋਕ ਵੀ ਸ਼ਾਮਲ ਹਨ।
ਕਿਸੇ ਕਮੇਟੀ ਦੀ ਬਜਾਏ ਫੌਜ ਕਰਦੀ ਹੈ ਸਾਰਾ ਬੰਦੋਬਸਤ
ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੂਬੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਫੌਜ ਦੀਆਂ ਵੱਖ-ਵੱਖ ਬਟਾਲੀਅਨਾਂ ਅਤੇ ਯੂਨਿਟਾਂ ਨੂੰ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਮੌਕਾ ਮਿਲਦਾ ਹੈ। ਸਿੱਖ ਰੈਜੀਮੈਂਟ ਨੂੰ ਦਹਾਕਿਆਂ ਬਾਅਦ ਇਹ ਮੌਕਾ ਮਿਲਿਆ ਹੈ। ਸਾਡੇ ਜਵਾਨ ਸਿਫਟਾਂ ਵਿਚ ਗੁਰਦੁਆਰਾ ਸਾਹਿਬ ਵਿਚ ਲੰਗਰ ਤੋਂ ਲੈ ਕੇ ਸਾਰੇ ਪ੍ਰਬੰਧਾਂ ਤੱਕ ਦੇ ਕੰਮਾਂ ਵਿਚ ਜੁਟੇ ਰਹਿੰਦੇ ਹਨ। ਇੱਥੇ ਮਈ ਮਹੀਨੇ ਤੋਂ ਲੈ ਕੇ ਸਤੰਬਰ ਤੱਕ ਸ਼ਰਧਾਲੂਆਂ ਦੀ ਭੀੜ ਰਹਿੰਦੀ ਹੈ। ਸਿਵਲੀਅਨ ਨੂੰ ਖਾਸ ਹਦਾਇਤ ਇਹ ਹੈ ਕਿ ਇੱਥੇ ਉਨ੍ਹਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ।
ਲੱਦਾਖ ਸਥਿਤ ਗੁਰੂਧਾਮ ਦੀ ਯਾਤਰਾ ਮਈ ਤੋਂ ਸਤੰਬਰ ਤੱਕ, 5000 ਸ਼ਰਧਾਲੂ ਪਹੁੰਚ ਰਹੇ ਹਨ ਰੋਜ਼
ਕੀ ਹੈ ਇਤਿਹਾਸ : ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਵਿਸ਼ਵ ਯਾਤਰਾ (ਉਦਾਸੀ) ਦੌਰਾਨ ਤਿੱਬਤ ਅਤੇ ਨੇਪਾਲ ਹੁੰਦੇ ਹੋਏ ਆਏ ਸਨ। ਮੰਨਿਆ ਜਾਂਦਾ ਹੈ ਕਿ ਇਸੇ ਸਥਾਨ ‘ਤੇ ਉਨ੍ਹਾਂ ਨੇ ਇਕ ਰਾਖਸ਼ ਦੇ ਡਰ ਤੋਂ ਸਥਾਨਕ ਲੋਕਾਂ ਨੂੰ ਰਾਹਤ ਦਿਵਾਈ ਸੀ। ਰਾਖਸ਼ ਨੇ ਭਗਤੀ ਵਿਚ ਬੈਠੇ ਗੁਰੂ ਨਾਨਕ ਦੇਵ ਜੀ ‘ਤੇ ਇਕ ਚੱਟਾਨ ਸੁੱਟੀ ਸੀ। ਉਹ ਚੱਟਾਨ ਗੁਰੂ ਸਾਹਿਬ ਜੀ ਦੀ ਪਿੱਠ ਨਾਲ ਜਾ ਟਕਰਾਈ। ਅੱਜ ਵੀ ਇਹ ਚੱਟਾਨ ਗੁਰਦੁਆਰਾ ਸਾਹਿਬ ਵਿਚ ਸਥਿਤ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਸ ‘ਤੇ ਗੁਰੂ ਨਾਨਕ ਦੇਵ ਜੀ ਦੀ ਪਿੱਠ ਅਤੇ ਰਾਖਸ਼ ਦੇ ਘੁਟਨੇ ਦੀ ਛਾਪ ਮੌਜੂਦ ਹੈ। ਇਸੇ ਚੱਟਾਨ ਦੇ ਚੱਲਦੇ ਗੁਰੂਘਰ ਦਾ ਨਾਮ ਪੱਥਰ ਸਾਹਿਬ ਪਿਆ। ਜਲੰਧਰ ਤੋਂ ਲੱਗਭਗ 850 ਕਿਲੋਮੀਟਰ ਦੂਰ ਇਹ ਗੁਰਦੁਆਰਾ ਸਾਹਿਬ ਲੇਹ-ਕਾਰਗਿਲ ਮਾਰਗ ‘ਤੇ ਸਥਿਤ ਹੈ। ਲੇਹ ਸ਼ਹਿਰ ਦੀ ਦੂਰੀ ਇੱਥੋਂ 23 ਕਿਲੋਮੀਟਰ ਹੈ। ਸ੍ਰੀਨਗਰ-ਲੇਹ ਮਾਰਗ ਅਕਤੂਬਰ ਵਿਚ ਬਰਫਬਾਰੀ ਮਈ ਮਹੀਨੇ ਤੱਕ ਬੰਦ ਰਹਿੰਦਾ ਹੈ। ਲੇਹ ਏਅਰਪੋਰਟ ਦੇ ਚੱਲਦੇ ਹਵਾਈ ਮਾਰਗ ਨਾਲ ਸਾਲ ਦੇ 12 ਮਹੀਨੇ ਇੱਥੇ ਪਹੁੰਚਿਆ ਜਾ ਸਕਦਾ ਹੈ।
ਗੁਰਦੁਆਰਾ ਸਾਹਿਬ ਦਾ ਨਿਰਮਾਣ ਫੌਜ ਨੇ ਹੀ ਕਰਵਾਇਆ
ਲੰਗਰ ਸਵੇਰੇ 7.30 ਵਜੇ ਤੋਂ ਰਾਤ 9.30 ਵਜੇ
ਸ਼ਰਧਾਲੂਆਂ ਦੇ ਠਹਿਰਣ ਦੀ ਫਿਲਹਾਲ ਕੋਈ ਵਿਵਸਥਾ ਨਹੀਂ

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …