ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਤੋਂ ਨਰਾਜ਼ ਹਨ ਕਿਸਾਨ
ਬਟਾਲਾ/ਬਿਊਰੋ ਨਿਊਜ਼
ਪੰਜਾਬ ਵਿਚ ਲੰਘੇ ਕੱਲ੍ਹ ਐਤਵਾਰ ਤੋਂ ਕਿਸਾਨਾਂ ਨੇ ਬਟਾਲਾ ਵਿਚ ਰੇਲ ਰੋਕੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਨਿਕਲਣ ਵਾਲੇ ਹਾਈਵੇ ਦੇ ਲਈ ਐਕੁਆਇਰ ਕੀਤੀਆਂ ਜ਼ਮੀਨਾਂ ਦਾ ਮੁਆਵਜ਼ਾ ਨਾ ਮਿਲਣ ਤੋਂ ਨਰਾਜ਼ ਕਿਸਾਨ ਅੰਮਿ੍ਰਤਸਰ-ਪਠਾਨਕੋਟ ਰੂਟ ’ਤੇ ਧਰਨਾ ਲਗਾ ਕੇ ਬੈਠ ਗਏ ਹਨ। ਇਸੇ ਦੌਰਾਨ ਬਟਾਲਾ ਦੇ ਰੇਲਵੇ ਸਟੇਸ਼ਨ ’ਤੇ ਵੀ ਕਿਸਾਨਾਂ ਵਲੋਂ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਤਿੰਨ ਮਹੀਨੇ ਪਹਿਲਾਂ ਸਰਕਾਰ ਵਲੋਂ ਦਿੱਤੇ ਗਏ ਭਰੋਸੇ ’ਤੇ ਬਟਾਲਾ ਅਤੇ ਗੁਰਦਾਸਪੁਰ ਵਿਚ ਕੀਤੇ ਗਏ ਰੇਲ ਰੋਕੇ ਅੰਦੋਲਨ ਨੂੰ ਮੁਅੱਤਲ ਕੀਤਾ ਸੀ। ਪਰ ਹੁਣ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਅੰਮਿ੍ਰਤਸਰ-ਪਠਾਨਕੋਟ ਰੇਲ ਮਾਰਗ ’ਤੇ ਬਟਾਲਾ ਵਿਚ ਅਣਮਿੱਥੇ ਸਮੇਂ ਲਈ ਰੇਲ ਰੋਕੇ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਮੀਡੀਆ ਦੀ ਰਿਪੋਰਟ ਅਨੁਸਾਰ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਦੋਂ ਤੱਕ ਕਿਸਾਨਾਂ ਧਰਨੇ ’ਤੇ ਬੈਠੇ ਰਹਿਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਐਕੁਆਇਰ ਕੀਤੀਆਂ ਗਈਆਂ ਜ਼ਮੀਨਾਂ ਦੀ ਇਕੋ ਜਿਹੀ ਕੀਮਤ ਨਹੀਂ ਮਿਲੀ ਹੈ ਅਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਮੁਆਵਜ਼ਾ ਮਿਲਿਆ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਦੀ ਆਲੋਚਨਾ ਵੀ ਕੀਤੀ ਹੈ।