-2.4 C
Toronto
Wednesday, January 21, 2026
spot_img
Homeਪੰਜਾਬਦਸੂਹਾ ਦੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ 'ਚ ਬਣੇ ਪਹਿਲੇ ਸਿੱਖ ਅਫ਼ਸਰ

ਦਸੂਹਾ ਦੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ‘ਚ ਬਣੇ ਪਹਿਲੇ ਸਿੱਖ ਅਫ਼ਸਰ

ਦਸੂਹਾ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਦਸੂਹਾ ਦੇ ਜੰਮਪਲ ਕਰਮਜੀਤ ਸਿੰਘ ਤਲਵਾੜ ਨੇ ਨਿਊਜ਼ੀਲੈਂਡ ਵਿੱਚ ਮਨਿਸਟਰੀ ਆਫ ਜਸਟਿਸ ਸਰਵਿਸਿਜ਼ ਨਾਲ ਸਬੰਧਤ ‘ਇਸ਼ੂਇੰਗ ਅਫਸਰ’ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਸ ਉਪਲਬਧੀ ਨਾਲ ਵਿਸ਼ਵ ਭਰ ਵਿੱਚ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਉਹ ਧਾਰਮਿਕ ਸਿੱਖ ਆਗੂ ਜੋਗਿੰਦਰ ਸਿੰਘ ਤਲਵਾੜ ਦੇ ਪੁੱਤਰ ਹਨ। ਇਸ ਤੋਂ ਪਹਿਲਾਂ ਤਲਵਾੜ ਨਿਊਜ਼ੀਲੈਂਡ ਦੇ ਨੌਰਥ ਸ਼ੋਰ ਇਲਾਕੇ ਦੇ ਇਕਲੌਤੇ ‘ਜਸਟਿਸ ਆਫ ਪੀਸ’ (ਜੇਪੀ) ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਨਿਊਜ਼ੀਲੈਂਡ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਅੰਮ੍ਰਿਤਧਾਰੀ ਸਿੱਖ ਇਸ਼ੂਇੰਗ ਅਫਸਰ ਬਣਿਆ ਹੋਵੇ। ਤਲਵਾੜ ਦੀ ਇਸ ਉਪਲਬਧੀ ‘ਤੇ ਦੇਸ਼ਾਂ ਵਿਦੇਸ਼ਾਂ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨ੍ਹਾਂ ਨੂੰ ਇਹ ਵੱਕਾਰੀ ਜ਼ਿੰਮੇਵਾਰੀ ਨਿਊਜ਼ੀਲੈਂਡ ਦੇ ‘ਅਟਾਰਨੀ ਜਨਰਲ’ ਵੱਲੋਂ ਆਗਾਮੀ ਤਿੰਨ ਸਾਲ ਲਈ ਸੌਂਪੀ ਗਈ ਹੈ। ਉਨ੍ਹਾਂ ਨੂੰ ਕਿਸੇ ਮੁਲਜ਼ਮ ਖਿਲਾਫ ਕਾਨੂੰਨੀ ਕਾਰਵਾਈ ਦੌਰਾਨ ਸਬੂਤਾਂ ਦੀ ਜਾਂਚ ਕਰਨ ਮਗਰੋਂ ਵਾਰੰਟ ਜਾਰੀ ਕਰਨ ਸਬੰਧੀ ਸਮੁੱਚੇ ਕਾਰਜਾਂ ਦਾ ਅਧਿਕਾਰ ਹੋਵੇਗਾ।
ਜ਼ਿਕਰਯੋਗ ਹੈ ਕਿ ਕਰੀਬ 27 ਸਾਲ ਤੋਂ ਪਰਿਵਾਰ ਸਣੇ ਨਿਊਜ਼ੀਲੈਡ ਵਿੱਚ ਰਹਿ ਰਹੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ਸਕੂਲ ਬੋਰਡ ਦੇ ਤਿੰਨ ਵਾਰ ਟਰੱਸਟੀ ਵੀ ਬਣੇ। ਇਸ ਤੋਂ ਇਲਾਵਾ ਉਹ 2009 ਤੋਂ ਮੈਰਿਜ ਸੈਲੀਬ੍ਰੈਂਟ ਅਤੇ ਨੌਰਥ ਸ਼ੋਰ ਨਿਊਜ਼ੀਲੈਂਡ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ।

 

 

RELATED ARTICLES
POPULAR POSTS