ਚਰਨਜੀਤ ਚੰਨੀ ਨੇ ਐਸ ਸੀ ਤੇ ਬੀ ਸੀ ਵਿਧਾਇਕਾਂ ਨਾਲ ਕੀਤੀ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭਖਦਾ ਜਾ ਰਿਹਾ ਹੈ ਅਤੇ ਇਸ ਗਰਮਾਏ ਮਾਹੌਲ ਦਾ ਜ਼ਿਆਦਾ ਅਸਰ ਕਾਂਗਰਸ ਪਾਰਟੀ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਸ ਸੀ ਤੇ ਬੀ ਸੀ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਦੋ ਕੈਬਨਿਟ ਮੰਤਰੀ ਤੇ 10 ਵਿਧਾਇਕ ਸ਼ਾਮਲ ਹੋਏ ਹਨ। ਮੀਟਿੰਗ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੀਟਿੰਗ ਵਿਚ ਦਲਿਤਾਂ ਤੇ ਬੀ ਸੀ ਵਰਗ ਦੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ ਤੇ ਕੁਝ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਹੈ। ਹੁਣ ਇਹ ਵੀ ਮਾਮਲਾ ਅਹਿਮ ਹੁੰਦਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਪੰਜਾਬ ’ਚ ਕਿਸੇ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਕਿਉਂ ਨਹੀਂ ਬਣਾ ਰਹੀ।
ਨਵਜੋਤ ਸਿੰਘ ਸਿੱਧੂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਹਿਲਾਂ ਹੀ ਝੰਡਾ ਚੁੱਕਿਆ ਹੋਇਆ ਹੈ ਅਤੇ ਹੁਣ ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ ਅਤੇ ਗੁਰਪ੍ਰੀਤ ਕਾਂਗੜ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਵੱਖਰੇ ਤੌਰ ’ਤੇ ਚਰਚਾ ਕੀਤੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਮਾਮਲਿਆਂ ਬਾਰੇ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਰੱਦ ਕਰਨ ਮਗਰੋਂ ਕੈਪਟਨ ਅਮਰਿੰਦਰ ਸਵਾਲਾਂ ਵਿਚ ਘਿਰਦੇ ਜਾ ਰਹੇ ਹਨ। ਕੈਪਟਨ ਅਮਰਿੰਦਰ ਦਾ ਵਿਰੋਧ ਹੁੰਦਾ ਦੇਖ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਸ਼ਾਮ ਸੁੰਦਰ ਅਰੋੜਾ ਨੇ ਮੁੱਖ ਮੰਤਰੀ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਪੰਜਾਬ ਵਿਚ ਕਾਂਗਰਸ, ਸ਼ੋ੍ਰਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਪ੍ਰਮੁੱਖ ਪਾਰਟੀਆਂ ਹਨ ਅਤੇ ਇਨ੍ਹਾਂ ਵਿਚਾਲੇ ਹੀ ਤਿਕੋਣਾ ਮੁਕਾਬਲਾ ਹੋਣਾ ਹੈ। ਜੇਕਰ ਪੰਜਾਬ ਕਾਂਗਰਸ ਵਿਚ ਬਗਾਵਤ ਹੁੰਦੀ ਹੈ ਤਾਂ ਇਸ ਵਾਰ ਪੰਜਾਬ ਦੀ ਸਿਆਸੀ ਤਸਵੀਰ ਵੱਖਰੀ ਹੀ ਹੋਵੇਗੀ।