ਅੱਧੀ ਤੋਂ ਵੱਧ ਟੀਮ ਦੀ ਛਾਂਟੀ ਯਕੀਨੀ
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਗੁਜਰਾਤ ਚੋਣਾਂ ਤੋਂ ਵਿਹਲੇ ਹੁੰਦੇ ਹੀ ਪੰਜਾਬ ਭਾਜਪਾ ਦਾ ਪੁਨਰਗਠਨ ਕਰਨ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅਹੁਦਾ ਬਰਕਰਾਰ ਰਹੇਗਾ, ਪਰ ਉਨ੍ਹਾਂ ਦੀ ਅੱਧੀ ਤੋਂ ਵੱਧ ਟੀਮ ਦੀ ਛਾਂਟੀ ਤੈਅ ਮੰਨੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਵੇਂ ਅਹੁਦੇਦਾਰਾਂ ਵਿਚ 50 ਫੀਸਦੀ ਤੋਂ ਵੱਧ ਚਿਹਰੇ ਨਵੇਂ ਹੋਣਗੇ। ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਪੰਜਾਬ ਵਿਚ ਵੱਡੇ ਪੱਧਰ ‘ਤੇ ਸਿੱਖ ਆਗੂਆਂ ਨੂੰ ਸੂਬਾ ਟੀਮ ਵਿਚ ਜਗ੍ਹਾ ਦੇਵੇਗੀ। ਉਪ ਪ੍ਰਧਾਨਾਂ ਅਤੇ ਸਕੱਤਰਾਂ ਵਿਚੋਂ ਵੀ ਕਈਆਂ ਦੀ ਛਾਂਟੀ ਹੋਵੇਗੀ। ਕਾਂਗਰਸ ਤੋਂ ਭਾਜਪਾ ਵਿਚ ਸ਼ਾਮਲ ਹੋਏ ਫਤਹਿਜੰਗ ਸਿੰਘ ਬਾਜਵਾ, ਅਰਵਿੰਦ ਖੰਨਾ, ਡਾ. ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਕੇਵਲ ਸਿੰਘ ਢਿੱਲੋਂ, ਨਿਮਿਸ਼ਾ ਮਹਿਤਾ ਅਤੇ ਦਮਨ ਬਾਜਵਾ ਵਿਚੋਂ ਜ਼ਿਆਦਾਤਰ ਆਗੂਆਂ ਨੂੰ ਸੂਬਾ ਅਹੁਦੇਦਾਰ ਬਣਾਇਆ ਜਾ ਰਿਹਾ ਹੈ। ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸੂਬੇ ਦੀ ਕੋਰ ਕਮੇਟੀ ਵਿਚ ਲਿਆ ਜਾ ਸਕਦਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਕਰ ਲਿਆ ਸੀ। ਸੋ ਉਨ੍ਹਾਂ ਨੂੰ ਵੀ ਪਾਰਟੀ ਵਿਚ ਵੱਡਾ ਅਹੁਦਾ ਮਿਲ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਜਪਾ ਘੱਟੋ-ਘੱਟ ਚਾਰ ਆਗੂਆਂ ਨੂੰ ਕੋਰ ਕਮੇਟੀ ਵਿਚੋਂ ਬਾਹਰ ਕਰਨ ਜਾ ਰਹੀ ਹੈ। ਇਨ੍ਹਾਂ ਵਿਚੋਂ ਦੋ ਸਾਬਕਾ ਪ੍ਰਧਾਨ ਅਤੇ ਦੋ ਸਾਬਕਾ ਮੰਤਰੀ ਹਨ। ਜਿਹੜੇ ਵੀ ਕਾਂਗਰਸੀ ਆਗੂ ਭਾਜਪਾ ਵਿਚ ਸ਼ਾਮਲ ਹੋਏ ਹਨ, ਉਨ੍ਹਾਂ ਨੂੰ ਸਕਿਉਰਿਟੀ ਵੀ ਮੁਹੱਈਆ ਕਰਵਾਈ ਗਈ ਹੈ। ਹੁਣ ਜੇਕਰ ਇਨ੍ਹਾਂ ਆਗੂਆਂ ਨੂੰ ਭਾਜਪਾ ਵਿਚ ਅਹਿਮ ਅਹੁਦੇ ਮਿਲਦੇ ਹਨ ਤਾਂ ਹੋਰ ਵੀ ਕਈ ਆਗੂ ਭਾਜਪਾ ਦਾ ਰੁਖ਼ ਕਰ ਸਕਦੇ ਹਨ।
Check Also
ਬਿਕਰਮ ਮਜੀਠੀਆ ਨੇ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਦੀ ਤੁਲਨਾ ਤਾਲਿਬਾਨ ਨਾਲ ਕਰਨ ’ਤੇ ਚੁੱਕੇ ਸਵਾਲ
ਕਿਹਾ : ਬਿੱਟੂ ਸਪੱਸ਼ਟ ਕਰਨ ਕਿ ਉਨ੍ਹਾਂ ਦਾ ਬਿਆਨ ਨਿੱਜੀ ਹੈ ਜਾਂ ਫਿਰ ਭਾਜਪਾ ਦਾ …