Breaking News
Home / ਪੰਜਾਬ / ਜਥੇਦਾਰਾਂ ਨੂੰ ਪੰਥਕ ਮੁੱਦਿਆਂ ਉਤੇ ਫ਼ੈਸਲਾ ਕਰਨ ਦਾ ਕੋਈ ਹੱਕ ਨਹੀਂ: ਪੰਜ ਪਿਆਰੇ

ਜਥੇਦਾਰਾਂ ਨੂੰ ਪੰਥਕ ਮੁੱਦਿਆਂ ਉਤੇ ਫ਼ੈਸਲਾ ਕਰਨ ਦਾ ਕੋਈ ਹੱਕ ਨਹੀਂ: ਪੰਜ ਪਿਆਰੇ

logo-2-1-300x105ਪੰਜ ਪਿਆਰਿਆਂ ਨੇ ਸਿੰਘ ਸਾਹਿਬਾਨ ਵਲੋਂ ਕੀਤੀ ਗਈ ਇਕੱਤਰਤਾ ਅਤੇ ਫੈਸਲਿਆਂ ‘ਤੇ ਕੀਤਾ ਕਿੰਤੂ
ਅੰਮ੍ਰਿਤਸਰ : ਪੰਜ ਤਖ਼ਤਾਂ ਦੇ ਜਥੇਦਾਰਾਂ ਵੱਲੋਂ ਕੀਤੀ ਗਈ ਇਕੱਤਰਤਾ ਅਤੇ ਇਕੱਤਰਤਾ ਦੌਰਾਨ ਗੁਰਮਤਿ ਤੇ ਮਿਸ਼ਨਰੀ ਕਾਲਜਾਂ ਦੇ ਸਿਲੇਬਸ ਨੂੰ ਇੱਕ ਕਰਨ ਦੇ ਕੀਤੇ ਗਏ ਫ਼ੈਸਲੇ ‘ਤੇ ਕਿੰਤੂ-ਪ੍ਰੰਤੂ ਸ਼ੁਰੂ ਹੋ ਗਈ ਹੈ। ਕਿੰਤੂ ਕਰਨ ਵਾਲਿਆਂ ਨੇ ਨਾ ਸਿਰਫ਼ ਤਖ਼ਤਾਂ ਦੇ ਜਥੇਦਾਰਾਂ ਦੀ ਭਰੋਸੇਯੋਗਤਾ ‘ਤੇ ਸਵਾਲੀਆ ਚਿੰਨ੍ਹ ਲਾਇਆ ਹੈ ਸਗੋਂ ਇਹ ਵੀ ਆਖਿਆ ਹੈ ਕਿ ਸਿਲੇਬਸ ਇੱਕ ਕਰਨ ਦੇ ਘੇਰੇ ਹੇਠ ਡੇਰਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਗਏ ਪੰਜ ਪਿਆਰਿਆਂ ਨੇ ਆਖਿਆ ਕਿ ਜਥੇਦਾਰਾਂ ਨੂੰ ਪੰਥਕ ਮਸਲਿਆਂ ਬਾਰੇ ਫ਼ੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸੰਗਤ ਉਨ੍ਹਾਂ ਨੂੰ ਨਕਾਰ ਚੁੱਕੀ ਹੈ। ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਚਨ ਸਿੰਘ ਅਤੇ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ। ਉਨ੍ਹਾਂ ਆਖਿਆ ਕਿ ਸੰਗਤ ਵੱਲੋਂ ਨਕਾਰੇ ਇਹ ਜਥੇਦਾਰ ਕੌਮੀ ਮੁੱਦਿਆਂ ਦੀ ਆੜ ਵਿੱਚ ਮੁੜ ਸੁਰਜੀਤ ਹੋਣਾ ਚਾਹੁੰਦੇ ਹਨ, ਜਿਸ ਬਾਰੇ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਵਰਜੀਨੀਆ ਦੇ ਗੁਰਦੁਆਰੇ ਵਿੱਚ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੀ ਹੋਈ ਉਲੰਘਣਾ ਬਾਰੇ ਉਨ੍ਹਾਂ ਆਖਿਆ ਕਿ ਇਸ ਸਬੰਧ ਵਿੱਚ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਜਲਦੀ ਆ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਿਦਵਾਨ ਪੰਜ ਬਾਣੀਆਂ ਬਾਰੇ ਵੀ ਗਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਆਪਣੇ ਫਰਜ਼ਾਂ ਨੂੰ ਸਹੀ ਢੰਗ ਨਾਲ ਨਿਭਾਇਆ ਹੁੰਦਾ ਤਾਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਬਾਰੇ ਅੱਜ ਕੋਈ ਭੁਲੇਖਾ ਜਾਂ ਦੁਬਿਧਾ ਪੈਦਾ ਨਹੀਂ ਹੋਣੀ ਸੀ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਜੁਗਤ ਤਿਆਰ ਕੀਤੀ ਜਾਵੇ, ਜਿਸ ਤਹਿਤ ਖ਼ਾਲਸਾ ਪੰਥ, ਪੰਥਕ ਸੰਸਥਾਵਾਂ ਤੇ ਤਖ਼ਤ ਸਾਹਿਬਾਨ ਦਾ ਪ੍ਰਬੰਧ ਪੰਥਕ ਜੁਗਤ ਅਨੁਸਾਰ ਹੋਵੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਜਥੇਦਾਰਾਂ ਨੂੰ ਅਜਿਹੇ ਫ਼ੈਸਲੇ ਕਰਨ ਤੋਂ ਪਹਿਲਾਂ ਪੰਥ ਤੋਂ ਆਪਣੇ ਬਾਰੇ ਮਾਨਤਾ ਲੈ ਲੈਣੀ ਚਾਹੀਦੀ ਹੈ। ਗੁਰਮਤਿ ਅਤੇ ਮਿਸ਼ਨਰੀ ਕਾਲਜ ਪਹਿਲਾਂ ਹੀ ਸਿੱਖ ਰਹਿਤ ਮਰਿਆਦਾ ਅਨੁਸਾਰ ਵਿਦਿਆ ਦੇ ਰਹੇ ਹਨ ਪ੍ਰੰਤੂ ਡੇਰਿਆਂ ਦੀ ਆਪੋ-ਆਪਣੀ ਮਰਿਆਦਾ ਹੈ। ਉਨ੍ਹਾਂ ਜਥੇਦਾਰਾਂ ਨੂੰ ਸਵਾਲ ਕੀਤਾ ਕਿ ਉਹ ਡੇਰਿਆਂ ਦੀ ਮਰਿਆਦਾ ਇੱਕ ਕਰਨ ਬਾਰੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਸਵੈ-ਪੜਚੋਲ ਕਰਨ ਲਈ ਆਖਿਆ।  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਗੁਰਮਤਿ ਅਤੇ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕਰਨ ਸਮੇਂ ਇਨ੍ਹਾਂ ਕਾਲਜਾਂ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਜੋ ਸਿਲੇਬਸ ਤਿਆਰ ਕੀਤਾ ਜਾਵੇ, ਉਸ ਨੂੰ ਸਾਰੇ ਡੇਰਿਆਂ ਆਦਿ ‘ਤੇ ਵੀ ਲਾਗੂ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਹੈ ਕਿ ਦਮਦਮੀ ਟਕਸਾਲ ਮਹਿਤਾ, ਦਮਦਮੀ ਟਕਸਾਲ ਅਜਨਾਲਾ ਅਤੇ ਸੰਗਰਾਵਾਂ ਨੂੰ ਵੀ ਇਸ ਸਿਲੇਬਸ ਦੇ ਘੇਰੇ ਵਿੱਚ ਲਿਆਂਦਾ ਜਾਵੇ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਅਜਿਹੇ ਫ਼ੈਸਲੇ ਕਰਨ ਤੋਂ ਪਹਿਲਾਂ ਜਥੇਦਾਰਾਂ ਨੂੰ ਪੰਥ ਕੋਲੋਂ ਆਪਣੇ ਬਾਰੇ ਮਾਨਤਾ ਲੈਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਥੇਦਾਰ ਡੇਰਿਆਂ ਵਿੱਚ ਮਰਿਆਦਾ ਨੂੰ ਇੱਕ ਕਰਨ ਵੱਲ ਧਿਆਨ ਦੇਣ ਅਤੇ ਸਵੈ ਪੜਚੋਲ ਵੀ ਕਰਨ।

Check Also

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਨੇ ਮਾਤਾ ਚਿੰਤਪੁਰਨੀ ਮੰਦਰ ’ਚ ਟੇਕਿਆ ਮੱਥਾ 

ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਹਿਮਾਚਲ …