ਪਾਕਿ ਤੋਂ ਆਇਆ ਸ਼ਹੀਦ ਭਗਤ ਸਿੰਘ ਦੀ ਬੇਗੁਨਾਹੀ ਦਾ ਸਬੂਤ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼ਹੀਦ-ਏ-ਆਜ਼ਮ ਨੂੰ ਇਨਸਾਫ਼ ਦਿਵਾਉਣ ਲਈ ਕਾਨੂੰਨੀ ਲੜਾਈ ਪਾਕਿਸਤਾਨ ਦੀ ਸਰਜ਼ਮੀਂ ‘ਤੇ ਲੜੀ ਜਾ ਰਹੀ ਹੈ, ਪਰ ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਵਿਚ ਉਨ੍ਹਾਂ ਦੀ ਮਦਦ ਹਿੰਦੁਸਤਾਨ ਕਰਨ ਵਾਲਾ ਹੈ। ਅਦਾਲਤ ਤੋਂ ਭਗਤ ਸਿੰਘ ਬੇਕਸੂਰ ਸਾਬਤ ਕਰਵਾਉਣ ਲਈ ਪਾਕਿਸਤਾਨ ਵਿਚ ਲੜਾਈ ਲੜ ਰਹੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਕੁਰੈਸ਼ੀ ਬੇਗੁਨਾਹੀ ਦਾ ਸਬੂਤ ਲੈ ਕੇ ਭਾਰਤ ਪੁੱਜੇ। ਭਗਤ ਸਿੰਘ ਦੇ ਗੁਨਾਹ ਨੂੰ ਲੈ ਕੇ ਬਰਤਾਨੀਆ ਹਕੂਮਤ ਵੱਲੋਂ ਤਿਆਰ 287 ਪੇਜ ਦੇ ਫ਼ੈਸਲੇ ਤੋਂ ਇਲਾਵਾ 4 ਕਿਤਾਬਾਂ ਦਾ ਦਸਤਾਵੇਜ਼ ਉਨ੍ਹਾਂ ਨੇ ਭਾਰਤੀ ਵਕੀਲ ਮੁਹੰਮਦ ਮੋਮਿਨ ਮਲਿਕ ਨੂੰ ਸੌਂਪਿਆ। ਮਲਿਕ ਇਨ੍ਹਾਂ ਦਸਤਾਵੇਜ਼ਾਂ ਦੇ ਅਧਿਐਨ ਤੋਂ ਬਾਅਦ ਪਾਕਿਸਤਾਨ ਜਾ ਕੇ ਇਸ ਕੇਸ ਦੀ ਪੈਰਵੀ ਕਰਨਗੇ। ਅੰਗਰੇਜ਼ ਅਫਸਰ ਸਾਂਡਰਸ ਦੀ ਹੱਤਿਆ ਦੇ ਦੋਸ਼ ਵਿਚ 23 ਮਾਰਚ 1931 ਨੂੰ ਭਗਤ ਸਿੰਘ ਨੂੰ ਲਾਹੌਰ ਵਿਚ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ ਸੀ। ਪਾਕਿਸਤਾਨ ਵਿਚ ਉਨ੍ਹਾਂ ਦੀ ਬੇਗੁਨਾਹੀ ਦੀ ਲੜਾਈ ਲੜ ਰਹੇ ਇਮਤਿਆਜ਼ ਰਸ਼ੀਦ ਕੁਰੈਸ਼ੀ ਕਹਿੰਦੇ ਹਨ ਕਿ ਬਰਤਾਨੀਆ ਹਕੂਮਤ ਨੇ ਭਗਤ ਖ਼ਿਲਾਫ਼ ਗ਼ੈਰਕਾਨੂੰਨੀ ਫ਼ੈਸਲਾ ਕੀਤਾ ਸੀ। ਉਨ੍ਹਾਂ ਦਾ ਕਾਨੂੰਨੀ ਕਤਲ ਕੀਤਾ ਗਿਆ। ਬਰਤਾਨੀਆ ਹਕੂਮਤ ਨੇ ਤਿੰਨ ਜੱਜਾਂ ਦਾ ਟ੍ਰਿਬਿਊਨਲ ਬਣਾਇਆ ਸੀ, ਜਿਸ ਦਾ ਸਮਾਂ ਇਕ ਹਫ਼ਤਾ ਪਹਿਲਾਂ ਖ਼ਤਮ ਹੋ ਗਿਆ ਸੀ। ਉਸ ਤੋਂ ਬਾਅਦ ਭਗਤ ਸਿੰਘ ਦੀ ਫਾਂਸੀ ਦਾ ਫ਼ੈਸਲਾ ਸੁਣਾਇਆ ਗਿਆ। ਰਜਿਸਟਰਾਰ ਦੇ ਬਲੈਕ ਵਾਰੰਟ ‘ਤੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਨੂੰ ਅਦਾਲਤ ਵਿਚ ਵੀ ਪੇਸ਼ ਹੋਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਬੇਗੁਨਾਹੀ ਲਈ ਲਾਹੌਰ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ। ਤਿੰਨ ਸਾਲਾਂ ਤੋਂ ਕੇਸ ਚੱਲ ਰਿਹਾ ਹੈ। ਫਿਲਹਾਲ ਮੁੱਖ ਜੱਜ ਦੇ ਸਾਹਮਣੇ ਇਹ ਮਾਮਲਾ ਹੈ। ਉਸ ਸਮੇਂ ਹਿੰਦੁਸਤਾਨ ਤੇ ਪਾਕਿਸਤਾਨ ਇਕ ਮੁਲਕ ਸੀ। ਆਈਪੀਸੀ ਦੀ ਧਾਰਾ ਤਹਿਤ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਸੀ। ਇਸ ਗੁੱਥੀ ਨੂੰ ਸੁਲਝਾਉਣ ਦੇ ਨਾਲ ਕਾਨੂੰਨੀ ਸਲਾਹ ਲੈਣ ਲਈ ਭਾਰਤੀ ਵਕੀਲ ਮੁਹੰਮਦ ਮੋਮਿਨ ਮਲਿਕ ਦਸਤਾਵੇਜ਼ ਸੌਂਪੇ ਹਨ। ਇਸ ਕਾਨੂੰਨੀ ਲੜਾਈ ਵਿਚ ਉਹ ਸਾਡੀ ਮਦਦ ਕਰਨਗੇ। ਭਗਤ ਸਿੰਘ ਦੇ ਪਰਿਵਾਰ ਵਾਲਿਆਂ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ ਹੈ। ਖ਼ੁਦਾ ਨੇ ਚਾਹਿਆ ਤਾਂ ਸ਼ਹੀਦ-ਏ-ਆਜ਼ਮ ਅਦਾਲਤ ਤੋਂ ਬੇਗੁਨਾਹ ਸਾਬਤ ਹੋਣਗੇ ਅਤੇ ਅਸੀਂ ਦੋਵੇਂ ਮੁਲਕ ਮਿਲ ਕੇ ਬਰਤਾਨੀਆ ਹਕੂਮਤ ਨੂੰ ਮਾਫ਼ੀ ਮੰਗਣ ਲਈ ਮਜ਼ਬੂਰ ਕਰਾਂਗੇ।
ਗੀਤਾ, ਸਰਬਜੀਤ ਤੋਂ ਇਲਾਵਾ ਸਮਝੌਤਾ ਮਾਮਲੇ ਦੀ ਲੜਾਈ ਲੜ ਚੁੱਕੇ ਪਾਣੀਪਤ ਵਾਸੀ ਮੁਹੰਮਦ ਮੋਮਿਨ ਮਲਿਕ ਨੇ ਦੱਸਿਆ ਕਿ ਭਗਤ ਸਿੰਘ ਦੀ ਬੇਗੁਨਾਹੀ ਸਾਬਤ ਕਰਨ ਲਈ ਉਹ ਇਨ੍ਹਾਂ ਦਸਤਾਵੇਜ਼ਾਂ ਦਾ ਅਧਿਐਨ ਕਰਨਗੇ। 287 ਪੇਜ ਦਾ ਫ਼ੈਸਲਾ ਪੜ੍ਹਨ ਤੋਂ ਬਾਅਦ ਉਹ ਇਸ ਵਿਚ ਕਮੀਆਂ ਨੂੰ ਕੱਢਣਗੇ।
ਉਹ ਖ਼ੁਦ ਪਾਕਿਸਤਾਨ ਜਾ ਕੇ ਇਸ ਕੇਸ ਦੀ ਪੈਰਵੀ ਕਰਨਗੇ। ਭਗਤ ਸਿੰਘ ਦੇ ਖ਼ਿਲਾਫ਼ 451 ਲੋਕਾਂ ਨੇ ਗਵਾਹੀ ਦਿੱਤੀ ਹੈ, ਉਹ ਵੀ ਗੁਨਾਹਗਾਰ ਹਨ। ਇਸ ਵਿਚ ਉਸ ਸਮੇਂ ਦੇ ਕਈ ਸਿਆਸੀ ਨੇਤਾਵਾਂ ਦਾ ਨਾਮ ਵੀ ਹੈ। ਉਨ੍ਹਾਂ ਦੇ ਨਾਵਾਂ ਤੋਂ ਵੀ ਪਰਦਾ ਉਠਾਇਆ ਜਾਵੇਗਾ। ਸ਼ਹੀਦ-ਏ-ਆਜ਼ਮ ਦੀ ਬੇਗੁਨਾਹੀ ਦਾ ਸੱਚ ਦੁਨੀਆ ਦੇ ਸਾਹਮਣੇ ਲਿਆਉਣ ਲਈ ‘ਜੂਡੀਸ਼ੀਅਲ ਮਰਡਰ ਆਫ ਭਗਤ ਸਿੰਘ’ ਦੇ ਨਾਂ ਨਾਲ ਇਕ ਕਿਤਾਬ ਵੀ ਲਾਂਚ ਕੀਤੀ ਜਾਵੇਗੀ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …