ਈਦ ਉਲ ਫਿਤਰ ਮੌਕੇ ਮੁੱਖ ਮੰਤਰੀ ਭਗਵੰਤ ਜਲੰਧਰ ਪਹੁੰਚੇ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਈਦ ਉਲ ਫਿਤਰ ਦੇ ਪਵਿੱਤਰ ਮੌਕੇ ਜਲੰਧਰ ਦੇ ਗੁਲਾਬ ਦੇਵੀ ਰੋਡ ਦਰਗਾਹ ਵਿਖੇ ਪੁੱਜੇ। ਇਸ ਮੌਕੇ ਉਨ੍ਹਾਂ ਸਮੂਹ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੀ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਧਰਮ ਵੱਖ ਹੋਣ ਦਾ ਸੁਨੇਹਾ ਨਹੀਂ ਦਿੰਦਾ ਫਿਰ ਅਸੀਂ ਇਕ-ਦੂਜੇ ਤੋਂ ਵੱਖ ਕਿਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੀ ਨਮਾਜ਼ ’ਚ ਲੋਕਾਂ ਲਈ ਦੁਆਵਾਂ ਮੰਗੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਹਿੰਦੂ ਧਰਮ ਦੀ ਆਰਤੀ ’ਚ ਵੀ ਲੋਕਾਂ ਦੀ ਸਲਾਮਤੀ ਲਈ ਅਰਦਾਸ ਕੀਤੀ ਜਾਂਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਿਉਹਾਰ ਤਾਂ ਸਿਰਫ਼ ਆਮ ਜਨਤਾ ਅਤੇ ਲੋਕਾਂ ਨੇ ਮਿਲ ਕੇ ਬਚਾਅ ਰੱਖੇ ਹਨ ਜੇਕਰ ਤਿਉਹਾਰ ਵੀ ਲੀਡਰਾਂ ਦੇ ਵਸ ਪੈ ਜਾਂਦੇ ਤਾਂ ਉਨ੍ਹਾਂ ਨੇ ਤਕਰਾਰ ਦੀਆਂ ਹੋਰ ਵੀ ਗੂੜ੍ਹੀਆਂ ਲਾਈਨਾਂ ਖਿੱਚ ਦੇਣੀਆਂ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ, ਇਥੇ ਜਿਹੜਾ ਮਰਜ਼ੀ ਬੀਜ ਬੀਜਣਾ ਹੋਵੇ ਉਗ ਪੈਂਦਾ ਹੈ ਪ੍ਰੰਤੂ ਨਫ਼ਰਤ ਦਾ ਬੀਜ ਨਹੀਂ ਉਗਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡਾ ਦੇਸ਼ ਤਰੱਕੀ ਕਰੇ ਅਤੇ ਸਾਰੇ ਭਾਈਚਾਰਿਆਂ ਦੇ ਲੋਕ ਰਲ-ਮਿਲ ਕੇ ਰਹਿਣ। ਉਧਰ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਈਦ ਮੌਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ।