-11.4 C
Toronto
Wednesday, January 21, 2026
spot_img
Homeਪੰਜਾਬਨਗਰ ਨਿਗਮ ਚੋਣਾਂ ਨੂੰ ਲੈ ਕੇ ਜਲਾਲਾਬਾਦ 'ਚ ਅਕਾਲੀ ਅਤੇ ਕਾਂਗਰਸੀ ਆਹਮੋ-ਸਾਹਮਣੇ

ਨਗਰ ਨਿਗਮ ਚੋਣਾਂ ਨੂੰ ਲੈ ਕੇ ਜਲਾਲਾਬਾਦ ‘ਚ ਅਕਾਲੀ ਅਤੇ ਕਾਂਗਰਸੀ ਆਹਮੋ-ਸਾਹਮਣੇ

ਕਾਂਗਰਸੀਆਂ ‘ਤੇ ਸੁਖਬੀਰ ਬਾਦਲ ਦੀ ਗੱਡੀ ਭੰਨਣ ਦੇ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਗਰਮਾਉਣ ਲੱਗਾ ਹੈ। ਇਸੇ ਦੌਰਾਨ ਮੰਗਲਵਾਰ ਨੂੰ ਜਲਾਲਾਬਾਦ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦੀ ਝੜਪ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਪਥਰਾਅ ਵੀ ਕੀਤਾ ਅਤੇ ਗੋਲੀਆਂ ਵੀ ਚੱਲੀਆਂ। ਇਸ ਮੌਕੇ ਹੋਈਆਂ ਝੜਪਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੀ ਵੀ ਭੰਨ ਤੋੜ ਕਰ ਦਿੱਤੀ ਗਈ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਵਰਕਰਾਂ ਨੂੰ ਵੀ ਗੋਲੀਆਂ ਲੱਗੀਆਂ ਹਨ। ਉਨ੍ਹਾਂ ਇਸ ਘਟਨਾ ਲਈ ਕਾਂਗਰਸੀ ਵਿਧਾਇਕ ਦੇ ਪਰਿਵਾਰ ਨੂੂੰ ਜ਼ਿੰਮੇਵਾਰ ਦੱਸਿਆ। ਦੱਸਿਆ ਜਾ ਰਿਹਾ ਕਿ ਕਾਂਗਰਸੀ ਵਿਧਾਇਕ ਰਮਿੰਦਰ ਆਂਵਲਾ ਦੇ ਪੁੱਤਰ ਜਤਿਨ ਆਂਵਲਾ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਧਿਆਨ ਰਹੇ ਕਿ ਆਉਂਦੀ 14 ਫਰਵਰੀ ਨੂੰ ਪੰਜਾਬ ਵਿਚ ਨਗਰ ਨਿਗਮ ਲਈ ਵੋਟਾਂ ਪੈਣੀਆਂ ਹਨ, ਜਿਸ ਨੂੰ ਲੈ ਕੇ ਪੰਜਾਬ ਵਿਚ ਮਾਹੌਲ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ।
ਭਿੱਖੀਵਿੰਡ ਵਿਚ ‘ਆਪ’ ਤੇ ਅਕਾਲੀ ਵਰਕਰਾਂ ਦੀ ਕੁੱਟਮਾਰ
ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਵਿਚ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਮੌਕੇ ਕਥਿਤ ਕਾਂਗਰਸ ਦੇ ਬੰਦਿਆਂ ਨੇ ਪੁਲਿਸ ਦੀ ਹਾਜ਼ਰੀ ਵਿਚ ‘ਆਪ’ ਦੇ ਉਮੀਦਵਾਰ ਕੋਲੋਂ ਪੇਪਰ ਖੋਹ ਕੇ ਪਾੜ ਦਿੱਤੇ ਤੇ ਉਸ ਦੀ ਪੱਗ ਲਾਹ ਕੇ ਕੁੱਟਮਾਰ ਵੀ ਕੀਤੀ। ਇਸ ਦੇ ਚਲਦਿਆਂ ਉੱਥੇ ਹੋਰ ਪੁਲਿਸ ਮੁਲਾਜ਼ਮ ਪੁੱਜ ਗਏ। ਇਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਉਮੀਦਵਾਰ ਪੇਪਰ ਦਾਖ਼ਲ ਕਰਵਾਉਣ ਲਈ ਅੱਗੇ ਵਧੇ ਤਾਂ ਉਨ੍ਹਾਂ ‘ਤੇ ਪੱਥਰਬਾਜ਼ੀ ਕੀਤੀ ਗਈ। ਪੁਲਿਸ ਦੀ ਹਾਜ਼ਰੀ ਵਿਚ ਗੋਲੀਆਂ, ਕਿਰਪਾਨਾਂ, ਡਾਂਗਾਂ ਤੇ ਬੇਸਬਾਲ ਚੱਲੇ। ਗੱਡੀਆਂ ਦੀ ਭੰਨਤੋੜ ਕੀਤੀ ਗਈ। ਇਹ ਗੁੰਡਾਗਰਦੀ ਕਰੀਬ ਅੱਧਾ ਚਲਦੀ ਰਹੀ। ਪੁਲਿਸ ਇਨ੍ਹਾਂ ਨੂੰ ਰੋਕਣ ਦੀ ਬਜਾਏ ਗੱਡੀਆਂ ਭਜਾ ਕੇ ਲੈ ਗਈ।
ਅਕਾਲੀ ਦਲ ਵਲੋਂ ਨਿਖੇਧੀ, ਕੈਪਟਨ ਦਾ ਮੰਗਿਆ ਅਸਤੀਫਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅੱਜ ਜਲਾਲਾਬਾਦ ਤਹਿਸੀਲ ਕੰਪਲੈਕਸ ‘ਚ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਮੌਕੇ ਕਾਂਗਰਸੀ ਵਰਕਰਾਂ ਵਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਵਰਕਰਾਂ ‘ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਇਕ ਬਿਆਨ ਜਾਰੀ ਕੀਤਾ ਅਤੇ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ‘ਚ ਮੁਕੰਮਲ ਖ਼ਰਾਬੀ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ। ਇਸੇ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸੀਆਂ ਦੀਆਂ ਧੱਕੇਸ਼ਾਹੀਆਂ ਦਾ ਡਟ ਕੇ ਜਵਾਬ ਦਿਆਂਗੇ।
ਕਾਂਗਰਸੀ ਵਿਧਾਇਕ ਰਾਮਿੰਦਰ ਆਂਵਲਾ ਸਣੇ 60 ਵਿਅਕਤੀਆਂ ਖਿਲਾਫ ਮਾਮਲਾ ਦਰਜ
ਜਲਾਲਾਬਾਦ : ਜਲਾਲਾਬਾਦ ਵਿਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਲੰਘੇ ਕੱਲ੍ਹ ਨਾਮਜ਼ਦਗੀ ਭਰਨ ਸਮੇਂ ਅਕਾਲੀ ਅਤੇ ਕਾਂਗਰਸੀਆਂ ਵਿਚਾਲੇ ਝੜਪ ਹੋ ਗਈ ਸੀ।
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਗੱਡੀ ਦੀ ਭੰਨਤੋੜ ਹੋ ਗਈ ਸੀ, ਜਿਸ ਦੇ ਆਰੋਪ ਕਾਂਗਰਸੀਆਂ ‘ਤੇ ਲੱਗ ਰਹੇ ਸਨ।
ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਵੀ ਦਿੱਤੇ ਸਨ। ਇਸ ਮਾਮਲੇ ਵਿਚ ਹੁਣ ਪੁਲਿਸ ਨੇ ਕਾਂਗਰਸੀ ਵਿਧਾਇਕ ਰਾਮਿੰਦਰ ਸਿੰਘ ਆਂਵਲਾ, ਉਨ੍ਹਾਂ ਦੇ ਬੇਟੇ ਤੇ 60 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ 6 ਅਕਾਲੀ ਵਰਕਰਾਂ ‘ਤੇ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦੇਣ ਮਗਰੋਂ ਕੀਤੀ ਹੈ। ਧਿਆਨ ਰਹੇ ਕਿ ਸੁਖਬੀਰ ਨੇ ਇਲਜ਼ਾਮ ਲਗਾਇਆ ਸੀ ਕਿ ਆਂਵਲਾ ਨੇ ਯੂਪੀ ਤੋਂ ਬਦਮਾਸ਼ ਬੁਲਾਏ ਹੋਏ ਸਨ।

RELATED ARTICLES
POPULAR POSTS