ਚੰਡੀਗੜ੍ਹ ਪੰਜਾਬੀ ਮੰਚ ਦਾ ਐਲਾਨ-ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾ ਕੇ ਹੀ ਲਵਾਂਗੇ ਦਮ
ਚੰਡੀਗੜ੍ਹ : ਚੰਡੀਗੜ੍ਹ ਵਿਚ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਖਾਤਰ ਲਗਾਤਾਰ ਸੰਘਰਸ਼ ਕਰ ਰਹੇ ਚੰਡੀਗੜ੍ਹ ਪੰਜਾਬੀ ਮੰਚ ਅਤੇ ਉਸ ਦੇ ਸਮੂਹ ਸਹਿਯੋਗੀ ਸੰਗਠਨਾਂ ਨੇ ਇਕ ਵਾਰ ਫਿਰ ਸੈਕਟਰ 17 ਦੇ ਪਲਾਜ਼ਾ ਵਿਚ ਵਿਸ਼ਾਲ ਰੋਸ ਧਰਨਾ ਮਾਰ ਕੇ ਅਹਿਦ ਲਿਆ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਅੰਗਰੇਜ਼ੀ ਦੀ ਥਾਂ ‘ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਨਹੀਂ ਹੋ ਜਾਂਦਾ ਤਦ ਤੱਕ ਨਾ ਅਸੀਂ ਟਿਕ ਕੇ ਬੈਠਾਂਗੇ ਤੇ ਨਾ ਹੀ ਪ੍ਰਸ਼ਾਸਨ ਨੂੰ ਟਿਕ ਕੇ ਬੈਠਣ ਦਿਆਂਗੇ। ਵੱਖੋ-ਵੱਖ ਬੁਲਾਰਿਆਂ, ਮੰਚ ਦੇ ਨੁਮਾਇੰਦਿਆਂ ਅਤੇ ਹੋਰ ਪੰਜਾਬੀ ਦਰਦੀਆਂ ਨੇ ਆਪਣੀਆਂ ਤਕਰੀਰਾਂ ਵਿਚ ਇਕ ਹੀ ਗੱਲ ਦਾ ਜ਼ਿਕਰ ਸਾਫ਼ਗੋਈ ਨਾਲ ਕੀਤਾ ਕਿ ਜਦੋਂ ਤੱਕ ਚੰਡੀਗੜ੍ਹ ਦਾ ਪ੍ਰਸ਼ਾਸਨ, ਚੰਡੀਗੜ੍ਹ ਦਾ ਪ੍ਰਸ਼ਾਸਕ, ਚੰਡੀਗੜ੍ਹ ਦੀ ਸੰਸਦ ਮੈਂਬਰ ਤੇ ਭਾਰਤ ਦੀ ਸਰਕਾਰ ਪੰਜਾਬੀਆਂ ਨੂੰ ਪੰਜਾਬ ਦੀ ਹੀ ਰਾਜਧਾਨੀ ਚੰਡੀਗੜ੍ਹ ਵਿਚ ਉਨ੍ਹਾਂ ਦਾ ਸੰਵਿਧਾਨਕ ਹੱਕ ਨਹੀਂ ਦੇ ਦਿੰਦੀ ਤੇ ਜਦੋਂ ਤੱਕ ਇਹ ਐਲਾਨ ਨਹੀਂ ਕਰ ਦਿੰਦੀ ਕਿ ਪੰਜਾਬੀ ਭਾਸ਼ਾ ਨੂੰ ਇਥੋਂ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਤਦ ਤੱਕ ਅਸੀਂ ਸਾਰੇ ਦਮ ਨਹੀਂ ਲਵਾਂਗੇ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਨਰ ਹੇਠ ਇਸ ਵਿਸ਼ਾਲ ਇਕੱਤਰਤਾ ਵਿਚ ਜਿੱਥੇ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ, ਵੱਖੋ-ਵੱਖ ਵਿਦਿਆਰਥੀ ਸੰਗਠਨ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਟਰੇਡ ਯੂਨੀਅਨਾਂ ਅਤੇ ਹੋਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਚੰਡੀਗੜ੍ਹ ਪੰਜਾਬੀ ਮੰਚ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ, ਜਥੇਦਾਰ ਤਾਰਾ ਸਿੰਘ, ਸੁਖਦੇਵ ਸਿੰਘ ਸਿਰਸਾ ਤੇ ਚੇਅਰਮੈਨ ਸਿਰੀਰਾਮ ਅਰਸ਼ ਹੁਰਾਂ ਦੀ ਅਗਵਾਈ ਹੇਠ ਲੱਗੇ ਇਸ ਵਿਸ਼ਾਲ ਰੋਸ ਧਰਨੇ ਨੂੰ ਸਫ਼ਲ ਬਣਾਉਣ ਲਈ ਸਮੂਹ ਸਹਿਯੋਗੀ ਸੰਗਠਨਾਂ ਨਾਲ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਤੇ ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ ਦੀ ਮਿਹਨਤ ਰੰਗ ਲਿਆਈ ਜਦੋਂ ਵੱਡੀ ਗਿਣਤੀ ਵਿਚ ਪਿੰਡਾਂ ਤੋਂ, ਸੈਕਟਰਾਂ ‘ਚੋਂ ਨਿਕਲ ਪੰਜਾਬੀ ਦਰਦੀ ਜਿੱਥੇ ਮਾਂ ਬੋਲੀ ਦੇ ਹੱਕ ਵਿਚ ਸੈਕਟਰ 17 ‘ਚ ਇਕੱਤਰ ਹੋਏ, ਉਥੇ ਹੀ ਬੈਨਰ, ਪੋਸਟਰ ਤੇ ਤਖ਼ਤੀਆਂ ਲੈ ਕੇ ਵੱਡੀ ਗਿਣਤੀ ਵਿਚ ਪਿੰਡਾਂ ਤੋਂ ਨੌਜਵਾਨ, ਸਾਹਿਤਕ ਜਥੇਬੰਦੀਆਂ ਦੇ ਨੁਮਾਇੰਦੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵੱਖੋ-ਵੱਖ ਵਿਦਿਆਰਥੀ ਵਿੰਗਾਂ ਦੇ ਪ੍ਰਤੀਨਿਧੀ ਸੈਂਕੜਿਆਂ ਦੀ ਗਿਣਤੀ ਵਿਚ ਇਸ ਰੋਸ ਧਰਨੇ ਵਿਚ ਸ਼ਾਮਲ ਹੋਣ ਲਈ ਪਹੁੰਚੇ।
ਸਮੁੱਚੇ ਸੰਘਰਸ਼ ਦੀ ਰੂਪ ਰੇਖਾ, ਮੰਚ ਦੀ ਹੁਣ ਤੱਕ ਦੀ ਕੀਤੀ ਗਈ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਦੇਵੀ ਦਿਆਲ ਸ਼ਰਮਾ ਹੁਰਾਂ ਨੇ ਜਿਥੇ ਚੰਡੀਗੜ੍ਹ ਦੇ ਪ੍ਰਸ਼ਾਸਨ ਅਤੇ ਹਾਕਮ ਧਿਰ ਨੂੰ ਸਵਾਲ ਕੀਤੇ, ਉਥੇ ਹੀ ਉਨ੍ਹਾਂ ਚਿਤਾਵਨੀ ਭਰੇ ਅੰਦਾਜ਼ ਵਿਚ ਆਖਿਆ ਕਿ ਹੁਣ ਅਸੀਂ ਰੁਕਣ ਵਾਲੇ ਨਹੀਂ ਜਦੋਂ ਤੱਕ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਨਹੀਂ ਦਿਵਾ ਲੈਂਦੇ ਤਦ ਤੱਕ ਲਗਾਤਾਰ ਸੰਘਰਸ਼ ਕਰਾਂਗੇ। ਇਸੇ ਗੱਲ ਨੂੰ ਅੱਗੇ ਤੋਰਦਿਆਂ ਚੰਡੀਗੜ੍ਹ ਤੋਂ ਕੌਂਸਲਰ ਹਰਦੀਪ ਸਿੰਘ ਬਟਰੇਲਾ ਨੇ ਕਿਹਾ ਕਿ ਮੈਂ ਆਪਣੀ ਪਾਰਟੀ ਘਰੇ ਛੱਡ ਕੇ ਆਉਂਦਾ ਹਾਂ, ਇਥੇ ਮੈਂ ਪੰਜਾਬੀ ਦਾ ਪੁੱਤ ਹਾਂ ਤੇ ਚਾਹੇ ਕੋਈ ਵੀ ਹੋਵੇ ਜਿਹੜਾ ਸਾਡੇ ਸੰਵਿਧਾਨਕ ਹੱਕ ਦੇ ਰਾਹ ਵਿਚ ਆਵੇਗਾ ਉਸ ਖਿਲਾਫ ਵਿੱਢੇ ਗਏ ਸੰਘਰਸ਼ ਵਿਚ ਮੈਂ ਡਟ ਕੇ ਮੂਹਰੇ ਚੱਲਾਂਗਾ।
ਚੰਡੀਗੜ੍ਹ ਪੰਜਾਬੀ ਮੰਚ ਦੇ ਧੁਰੇ ਵਜੋਂ ਕੰਮ ਕਰ ਰਹੇ ਤਰਲੋਚਨ ਸਿੰਘ ਹੁਰਾਂ ਨੇ ਵੀ ਜਿੱਥੇ ਸਮੂਹ ਪੰਜਾਬੀ ਦਰਦੀਆਂ ਦਾ ਧੰਨਵਾਦ ਕੀਤਾ, ਉਥੇ ਵੱਡੀ ਗਿਣਤੀ ਵਿਚ ਬੀਬੀਆਂ, ਬਜ਼ੁਰਗਾਂ ਤੇ ਨੌਜਵਾਨਾਂ ਦੀ ਆਮਦ ਨੂੰ ਵੇਖਦਿਆਂ ਉਨ੍ਹਾਂ ਆਖਿਆ ਕਿ ਹੁਣ ਜੋਸ਼ ਤੇ ਹੋਸ਼ ਦਾ ਸਾਥ ਹੈ ਹੁਣ ਇਹ ਹਨ੍ਹੇਰੀ ਰੁਕਣ ਵਾਲੀ ਨਹੀਂ, ਹੁਣ ਪੰਜਾਬੀ ਨੂੰ ਚੰਡੀਗੜ੍ਹ ਵਿਚ ਉਸ ਦਾ ਬਣਦਾ ਰੁਤਬਾ ਦਿਵਾ ਕੇ ਹੀ ਮੁੜਾਂਗੇ।
ਇਸ ਵਿਸ਼ਾਲ ਰੋਸ ਧਰਨੇ ਵਿਚ ਭਾਸ਼ਾ ਵਿਗਿਆਨੀ ਜੋਗਾ ਸਿੰਘ ਹੁਰਾਂ ਨੇ ਦੁਨੀਆ ਜਹਾਨ ਦੀ ਉਦਾਹਰਨਾਂ ਤੇ ਅੰਕੜਿਆਂ ਦੇ ਹਵਾਲੇ ਨਾਲ ਸਰਕਾਰ ਨੂੰ ਚੇਤੇ ਕਰਵਾਇਆ ਕਿ ਆਪਣੀ ਭਾਸ਼ਾ ਵਿਚ ਦਿੱਤੀ ਸਿੱਖਿਆ ਸਿੱਖਣ ਤੋਂ ਬਾਅਦ ਹੋਰ ਭਾਸ਼ਾਵਾਂ ਸਿੱਖਣੀਆਂ ਆਸਾਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਥੋੜ੍ਹਾਂ ਅਕਲ ਨੂੰ ਹੱਥ ਮਾਰਨ ਤੇ ਹਰ ਵਿਅਕਤੀ ਨੂੰ ਆਪਣੀ ਮਾਂ ਬੋਲੀ ਵਿਚ ਸਿੱਖਿਆ ਤੇ ਨਿਆਂ ਦਿਵਾਉਣ ਦਾ ਪ੍ਰਬੰਧ ਕਰਨ। ਇਸੇ ਪ੍ਰਕਾਰ ਸੁਖਦੇਵ ਸਿੰਘ ਸਿਰਸਾ, ਜੋਗਿੰਦਰ ਸਿੰਘ, ਗੁਰਨਾਮ ਸਿੰਘ ਸਿੱਧੂ, ਬਾਬਾ ਸਾਧੂ ਸਿੰਘ, ਜਸਵਿੰਦਰ ਕੌਰ ਬਹਿਲਾਣਾ, ਮਨਜੀਤ ਕੌਰ ਮੀਤ, ਗੁਰਜੋਤ ਸਿੰਘ ਸਾਹਨੀ, ਸੁਖਚੈਨ ਸਿੰਘ ਖਹਿਰਾ, ਮਾਨਵ, ਜਥੇਦਾਰ ਤਾਰਾ ਸਿੰਘ, ਤਰਲੋਚਨ ਸਿੰਘ, ਤੇਜਵੰਤ ਸਿੰਘ, ਜਗਦੇਵ ਸਿੰਘ ਮਲੋਆ, ਹਰਦੀਪ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਹੁਰਾਂ ਨੇ ਵੀ ਆਪੋ-ਆਪਣੀ ਤਕਰੀਰ ਵਿਚ ਇਸ ਗੱਲ ‘ਤੇ ਹੀ ਜ਼ੋਰ ਦਿੱਤਾ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਅੰਗਰੇਜ਼ੀ ਦੀ ਥਾਂ ‘ਤੇ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਹਾਸਲ ਨਹੀਂ ਹੁੰਦਾ, ਤਦ ਤੱਕ ਚੰਡੀਗੜ੍ਹ ਪੰਜਾਬੀ ਮੰਚ ਦਾ ਇਹ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਜੇਕਰ ਲੋੜ ਪਈ ਤਾਂ ਆਉਂਦੇ ਸਮੇਂ ਵਿਚ ਪ੍ਰਸ਼ਾਸਕ ਅਤੇ ਸੰਸਦ ਮੈਂਬਰ ਦੇ ਘਰ ਵੱਲ ਨੂੰ ਵੀ ਚਾਲੇ ਪਾਏ ਜਾ ਸਕਦੇ ਹਨ।
ਆਖਰ ਵਿਚ ਸਮੁੱਚੇ ਸੰਗਠਨਾਂ ਦਾ, ਸਮੂਹ ਸਹਿਯੋਗੀ ਜਥੇਬੰਦੀਆਂ ਦਾ, ਚੰਡੀਗੜ੍ਹ, ਮੋਹਾਲੀ ਅਤੇ ਹੋਰ ਲਾਗਲੇ ਖੇਤਰਾਂ ਤੋਂ ਆਏ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਸਾਹਿਤਕਾਰਾਂ, ਲੇਖਕਾਂ ਦਾ, ਵਿਦਿਆਰਥੀਆਂ ਦਾ, ਸਮੁੱਚੇ ਪੰਜਾਬੀ ਦਰਦੀਆਂ ਦਾ ਧੰਨਵਾਦ ਕਰਦਿਆਂ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਤੋਂ, ਰਾਜਨੀਤਿਕ ਧਿਰਾਂ ਤੋਂ ਕੋਈ ਉਮੀਦ ਨਹੀਂ। ਸਾਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਹੈ ਤੇ ਤੁਹਾਡੀ ਇਕੱਤਰਤਾ ਇਹ ਦਰਸਾਉਂਦੀ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਸਾਡੀ ਜਿੱਤ ਯਕੀਨੀ ਹੈ। ਜ਼ਿਕਰਯੋਗ ਹੈ ਕਿ ਇਸ ਵਿਸ਼ਾਲ ਧਰਨੇ ਦੀ ਸਮੁੱਚੀ ਕਾਰਵਾਈ ਨੂੰ ਚਲਾਉਣ ਦਾ ਜ਼ਿੰਮਾ ਮੰਚ ਦੇ ਨੌਜਵਾਨ ਆਗੂ ਤੇ ਪੇਂਡੂ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਬਾਬਾ ਗੁਰਦਿਆਲ ਸਿੰਘ, ਦਲਜੀਤ ਸਿੰਘ ਪਲਸੌਰਾ, ਡਾ. ਸਰਬਜੀਤ ਸਿੰਘ, ਬਲਕਾਰ ਸਿੱਧੂ, ਡਾ. ਲਾਭ ਸਿੰਘ ਖੀਵਾ, ਡਾ. ਅਵਤਾਰ ਸਿੰਘ ਪਤੰਗ, ਸਿਮਰਜੀਤ ਗਰੇਵਾਲ, ਮਲਕੀਅਤ ਬਸਰਾ, ਰਜਿੰਦਰ ਕੌਰ, ਸੇਵੀ ਰਾਇਤ, ਕਰਮ ਸਿੰਘ ਵਕੀਲ, ਰਜਿੰਦਰ ਸਿੰਘ, ਤੇਜਵੰਤ ਸਿੰਘ, ਖੁਸ਼ਹਾਲ ਸਿੰਘ, ਭਿੰਦਰ ਸਿੰਘ ਧਨਾਸ, ਅਮਨਦੀਪ ਸਿੰਘ, ਪ੍ਰੇਮ ਸਿੰਘ ਮਲੋਆ, ਸੁਖਵਿੰਦਰ ਸਿੰਘ ਅਟਾਵਾ, ਪ੍ਰਿਤਪਾਲ ਸਿੰਘ ਖੁੱਡਾ ਲਹੌਰਾ, ਸਤਬੀਰ ਸਿੰਘ ਧਨੋਆ, ਸਮਰ ਸਿੰਘ ਪੁਆਧੀ ਅਖਾੜਾ, ਕਿਰਪਾਲ ਸਿੰਘ, ਪ੍ਰੋ. ਮਨਜੀਤ ਸਿੰਘ, ਹਰਿੰਦਰਪਾਲ ਸਿੰਘ, ਡਾ. ਸਵਰਾਜ ਸੰਧੂ, ਗੁਰਦਰਸ਼ਨ ਮਾਵੀ, ਸੰਜੀਵਨ ਸਿੰਘ, ਸੁਰਿੰਦਰ ਗਿੱਲ, ਰਜਿੰਦਰ ਸਿੰਘ ਬਡਹੇੜੀ, ਭੁਪਿੰਦਰ ਸਿੰਘ, ਜਗਦੇਵ ਸਿੰਘ, ਹਰਭਜਨ ਸਿੰਘ, ਸੁਸ਼ੀਲ ਦੁਸਾਂਝ, ਗੁਰਮਿੰਦਰ ਸਿੱਧੂ, ਅਵਤਾਰ ਸਿੰਘ ਸੈਣੀ, ਹਰਿੰਦਰ ਸਿੰਘ ਧਨੋਆ, ਅਵਤਾਰ ਸਿੰਘ ਮਨੀਮਾਜਰਾ, ਮਨਜੀਤ ਸਿੰਘ ਬਹਿਲਾਣਾ, ਵਿਨੋਦ ਨਾਗਪਾਲ, ਗੁਰਪ੍ਰੀਤ ਸਿੰਘ, ਡਾ. ਪਰਮਿੰਦਰ ਸਿੰਘ, ਮਨਦੀਪ ਬੈਦਵਾਣ, ਕਰਤਾਰ ਸਿੰਘ, ਸ਼ਵਿੰਦਰ ਸਿੰਘ ਲੱਖੋਵਾਲ, ਗੁਰਮੁਖ ਸਿੰਘ ਜਿੱਥੇ ਹਾਜ਼ਰ ਸਨ, ਉਥੇ ਹੀ ਚੰਡੀਗੜ੍ਹ ਦੇ 23 ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਪੰਜਾਬੀ ਦਰਦੀ ਇਸ ਸੰਘਰਸ਼ ਵਿਚ ਸ਼ਾਮਲ ਹੋਏ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …