ਕੇਜਰੀਵਾਲ ਦਾ ਗਲਤ ਵੀਡੀਓ ਪੋਸਟ ਕਰਨ ਦਾ ਆਰੋਪ
ਮੁਹਾਲੀ/ਬਿਊਰੋ ਨਿਊਜ਼
ਪੰਜਾਬ ਵਿਚ ਪੁਲਿਸ ਨੇ ਦਿੱਲੀ ਭਾਜਪਾ ਦੇ ਇਕ ਹੋਰ ਆਗੂ ਖਿਲਾਫ ਕੇਸ ਦਰਜ ਕੀਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਆਈ.ਟੀ. ਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ। ਨਵੀਨ ਜਿੰਦਲ ’ਤੇ ਆਰੋਪ ਹੈ ਕਿ ਉਨ੍ਹਾਂ ਨੇ ਟਵਿੱਟਰ ’ਤੇ ਇਕ ਵੀਡੀਓ ਸ਼ੇਅਰ ਕੀਤਾ ਸੀ, ਜੋ ਅਰਵਿੰਦ ਕੇਜਰੀਵਾਲ ਵਲੋਂ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦਾ ਹਿੱਸਾ ਹੈ। ਇਸ ਵੀਡੀਓ ਦੇ ਜ਼ਰੀਏ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ਵਿਚ ਖੁਦ, ਸੀਐਮ ਅਤੇ ਮੰਤਰੀਆਂ ਵਲੋਂ ਰਿਸ਼ਵਤ ਲੈਣ ਦੀ ਗੱਲ ਕਬੂਲ ਕਰ ਰਹੇ ਹਨ। ਇਸੇ ਦੌਰਾਨ ਕੇਸ ਦਰਜ ਹੋਣ ਤੋਂ ਬਾਅਦ ਨਵੀਨ ਜਿੰਦਲ ਨੇ ਕਿਹਾ ਕਿ ਆਖਰਕਾਰ ਇਨ੍ਹਾਂ ਦਾ ਸੱਚ ਬਾਹਰ ਆ ਹੀ ਗਿਆ। ਜਿੰਦਲ ਨੇ ਕਿਹਾ ਕਿ ਇਹ ਫਰਜ਼ੀ ਮੁਕੱਦਮਾ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ’ਚ ਸੱਤਾ ਦਾ ਦੁਰਉਪਯੋਗ ਕਰ ਰਹੀ ਹੈ। ਜਿੰਦਲ ਨੇ ਇਹ ਵੀ ਕਿਹਾ ਕਿ ਉਹ ਅਜਿਹੇ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਹ ਹੋਰ ਵੀ ਅਜਿਹੇ ਪੋਲ ਖੋਲ੍ਹਦੇ ਰਹਿਣਗੇ। ਹਾਲਾਂਕਿ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਇਸ ਵੀਡੀਓ ਵਿਚ ਪੰਜਾਬ ’ਚ ਭਿ੍ਰਸ਼ਟਾਚਾਰ ਖਤਮ ਹੋਣ ਦੀ ਗੱਲ ਕਹਿ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁਹਾਲੀ ਥਾਣੇ ਵਿਚ ਦਿੱਲੀ ਦੇ ਭਾਜਪਾ ਆਗੂ ਤੇਜਿੰਦਰਪਾਲ ਸਿੰਘ ਬੱਗਾ ਅਤੇ ਪ੍ਰੀਤੀ ਗਾਂਧੀ ਖਿਲਾਫ ਵੀ ਕੇਸ ਦਰਜ ਹੋ ਚੁੱਕਾ ਹੈ।