2.4 C
Toronto
Thursday, November 27, 2025
spot_img
Homeਪੰਜਾਬਬੈਂਸ ਭਰਾਵਾਂ ਦਾ ਨਾਮ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਨਾ ਆਮ ਵਰਤਾਰਾ...

ਬੈਂਸ ਭਰਾਵਾਂ ਦਾ ਨਾਮ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਨਾ ਆਮ ਵਰਤਾਰਾ ਬਣਿਆ

ਬੈਂਸ ਭਰਾਵਾਂ ਨੇ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਸਾਹਮਣੇ ਲਿਆ ਬਣਾਈ ਪਛਾਣ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀ ਸਨਅਤੀ ਰਾਜਧਾਨੀ ਵਜੋਂ ਜਾਣੇ ਜਾਂਦੇ ਲੁਧਿਆਣਾ ਸ਼ਹਿਰ ਦੀ ਸਿਆਸਤ ਵਿੱਚੋਂ ਉਭਰੇ ਸਿਮਰਜੀਤ ਸਿੰਘ ਬੈਂਸ ਦਾ ਨਾਮ ਕਿਸੇ ਨਾ ਕਿਸੇ ਵਿਵਾਦ ਨਾਲ ਜੁੜਨਾ ਆਮ ਵਰਤਾਰਾ ਬਣ ਗਿਆ ਹੈ। ਉਨ੍ਹਾਂ ਨੇ ਸਰਕਾਰੀ ਦਫ਼ਤਰਾਂ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਜਾਂ ਡਰਾਉਣ-ਧਮਕਾਉਣ ਜਾਂ ਭ੍ਰਿਸ਼ਟਾਚਾਰ ਤੇ ਕੰਮਚੋਰੀ ਦੀਆਂ ਵੀਡੀਓਜ਼ ਰਾਹੀਂ ‘ਪਰਦਾਫਾਸ਼’ ਕਰਕੇ ਲੋਕਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ।
ਸੰਸਦੀ ਚੋਣਾਂ ਦੇ ਗਰਮ ਮਾਹੌਲ ਦੌਰਾਨ ਸਿਮਰਜੀਤ ਸਿੰਘ ਬੈਂਸ ਦੂਜੀ ਵਾਰੀ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ ਹਾਲਾਂਕਿ ਉਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਲਗਾਤਾਰ ਦੋ ਵਾਰੀ ਜਿੱਤ ਹਾਸਲ ਕੀਤੀ ਹੈ। ਸੰਸਦੀ ਚੋਣਾਂ ਦੇ ਨਤੀਜਿਆਂ ਵਿੱਚ ਲੁਧਿਆਣਾ ਹਲਕੇ ਦੇ ਵੋਟਰ ‘ਸਟਿੰਗ ਮਾਸਟਰ’ ਵਜੋਂ ਜਾਣੇ ਜਾਂਦੇ ਬੈਂਸ ਨੂੰ ਕਿਹੜੀ ਥਾਂ ਰੱਖਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਨ੍ਹਾਂ ਦੀ ਰਾਜਨੀਤੀ ਦੇ ਰੰਗ-ਢੰਗ ਰਵਾਇਤੀ ਪਾਰਟੀਆਂ ਖਾਸ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀਆਂ ਜ਼ਰੂਰ ਬਣੇ ਹੋਏ ਹਨ।
ਲੁਧਿਆਣਾ ਦੇ ਆਤਮ ਨਗਰ ਅਤੇ ਦੱਖਣੀ ਵਿਧਾਨ ਸਭਾ ਖੇਤਰਾਂ ਦੇ ਜ਼ਿਆਤਾਦਰ ਲੋਕ ਬੈਂਸ ਭਰਾਵਾਂ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਕਾਰਨ ਕੀਲੇ ਜਾਂਦੇ ਹਨ। ਸਰਕਾਰੀ ਤੰਤਰ ਦੇ ਕੰਮ ਸਭਿਆਚਾਰ ਵਿੱਚ ਆਈ ਗਿਰਾਵਟ ਅਤੇ ਆਮ ਲੋਕਾਂ ਦੇ ਕੰਮ ਚਾਂਦੀ ਦੀ ਜੁੱਤੀ ਮਾਰੀ ਬਿਨਾਂ ਨਾ ਹੋਣ ਦਾ ਵਰਤਾਰਾ ਇਨ੍ਹਾਂ ਦੋਹਾਂ ਭਰਾਵਾਂ (ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ) ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਰਾਸ ਆ ਰਿਹਾ ਹੈ। ਸਰਕਾਰੀ ਦਫ਼ਤਰ ਵਿੱਚੋਂ ਕਿਸੇ ਗਰੀਬ-ਗੁਰਬੇ ਨੇ ਪੈਨਸ਼ਨ ਲਗਵਾਉਣੀ ਹੋਵੇ, ਆਧਾਰ ਕਾਰਡ ਬਣਵਾਉਣਾ ਹੋਵੇ, ਬਿਜਲੀ ਜਾਂ ਪਾਣੀ ਦਾ ਕੁਨੈਕਸ਼ਨ ਲੈਣਾ ਹੋਵੇ, ਜਾਂ ਫਿਰ ਖੁਸ਼ੀ-ਗਮੀ ਦੇ ਸਮਾਗਮ ਮੌਕੇ ਕੋਈ ਇੰਤਜ਼ਾਮ ਕਰਨਾ ਹੋਵੇ, ਕਿਸੇ ਧੀ ਧਿਆਣੀ ਦੇ ਵਿਆਹੁਤਾ ਸਬੰਧ ਵਿਗੜ ਗਏ ਹੋਣ ਤਾਂ ਲੋਕਾਂ ਨੂੰ ਇਨ੍ਹਾਂ ਭਰਾਵਾਂ ਦੀ ਮੱਦਦ ਲੈਣੀ ਪੈਂਦੀ ਹੈ। ਸਰਕਾਰ ਵੱਲੋਂ ਜਨਤਾ ਦੀ ਸਹੂਲਤ ਲਈ ਸੁਵਿਧਾ ਕੇਂਦਰ ਬਾਅਦ ਵਿੱਚ ਖੋਲ੍ਹੇ ਗਏ ਪਰ ਬੈਂਸਾਂ ਦਾ ਸੁਵਿਧਾ ਕੇਂਦਰ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਤੋਂ ਆਪਣੇ ਖ਼ਰਚੇ ‘ਤੇ ਸਹੂਲਤਾਂ ਦਿੰਦਾ ਆ ਰਿਹਾ ਹੈ।
ਇੱਥੋਂ ਤੱਕ ਕਿ ਕਿਸੇ ਤਰ੍ਹਾਂ ਦੀ ਲੜਾਈ-ਝਗੜੇ ਮੌਕੇ ਵੀ ਇਲਾਕੇ ਦੇ ਲੋਕ ਥਾਣੇ ਜਾਣ ਦੀ ਥਾਂ ਬੈਂਸਾਂ ਦੀ ਪੰਚਾਇਤ ਵਿੱਚ ਜਾਣ ਨੂੰ ਤਰਜੀਹ ਦਿੰਦੇ ਹਨ।
ਲੁਧਿਆਣਾ ਸ਼ਹਿਰ ਵਿੱਚ ਜਦੋਂ ਦਿਨ-ਦਿਹਾੜੇ ਤਹਿਸੀਲਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਤਾਂ ਸਿਮਰਜੀਤ ਸਿੰਘ ਬੈਂਸ ਇਕਦਮ ਸੁਰਖ਼ੀਆਂ ਵਿੱਚ ਆ ਗਿਆ ਸੀ। ਉਸ ਸਮੇਂ ਬੈਂਸ ਭਰਾ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਸਨ ਤੇ ਉਸ ਤੋਂ ਬਾਅਦ ਵਿਧਾਇਕ ਵਜੋਂ ਜਿੱਤਣ ਤੋਂ ਬਾਅਦ ਅਕਾਲੀ ਦਲ ਦੇ ਸਹਿਯੋਗੀ ਵੀ ਬਣੇ ਪਰ 2014 ਦੀਆਂ ਸੰਸਦੀ ਚੋਣਾਂ ਦੌਰਾਨ ਅਕਾਲੀਆਂ ਨਾਲ ਵੀ ਸਿਆਸੀ ਯਾਰੀ ਟੁੱਟ ਗਈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਇਨਸਾਫ਼ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਪਰ ਇਹ ਜ਼ਿਆਦਾ ਲੰਮਾ ਸਮਾਂ ਨਾ ਚੱਲਿਆ। ਬਲਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਕਾਲੀਆਂ ਦੇ ਨੇੜੇ ਜਾਣ ਤੋਂ ਬਾਅਦ ਜਦੋਂ ਅਸਲੀਅਤ ਪਤਾ ਲੱਗ ਗਈ ਤਾਂ ਉਨ੍ਹਾਂ ਨੇ ਕਿਨਾਰਾ ਕਰ ਲਿਆ ਅਤੇ ਕੇਜਰੀਵਾਲ ਨੇ ਜਦੋਂ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਤਾਂ ਉਨ੍ਹਾਂ ਨੇ ‘ਆਪ’ ਨਾਲੋਂ ਵੀ ਨਾਤਾ ਤੋੜ ਲਿਆ ਸੀ।
ਟਕਰਾਅ ਦੀ ਰਾਜਨੀਤੀ ਕਰਨ ਦੇ ਦੋਸ਼ਾਂ ਸਬੰਧੀ ਬਲਵਿੰਦਰ ਬੈਂਸ ਦਾ ਕਹਿਣਾ ਹੈ, ”ਅਸੀਂ ਟਕਰਾਅ ਦੀ ਰਾਜਨੀਤੀ ਨਹੀਂ ਸਗੋਂ ਸਰਕਾਰੀ ਨੌਕਰਾਂ ਨੂੰ ਉਨ੍ਹਾਂ ਦੇ ਕੰਮ ਦਾ ਅਹਿਸਾਸ ਕਰਾਉਂਦੇ ਹਾਂ।”
ਬੈਂਸ ਭਰਾਵਾਂ ਨੇ ਆਪਣਾ ਸਫ਼ਰ ਲੁਧਿਆਣਾ ਨਗਰ ਨਿਗਮ ਦੇ ਮਿਉਂਸਿਪਲ ਕੌਂਸਲਰ ਤੋਂ ਆਰੰਭ ਕੀਤਾ ਸੀ। ਬਲਵਿੰਦਰ ਸਿੰਘ ਬੈਂਸ ਤਾਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਨਾਲ ਸਬੰਧਤ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ। ਇਸ ਤਰ੍ਹਾਂ ਦੋਹਾਂ ਭਰਾਵਾਂ ਨੇ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਦਲਾਂ ਅਤੇ ਪਾਰਟੀਆਂ ਨਾਲ ਸਾਂਝਭਿਆਲੀ ਤਾਂ ਕੀਤੀ ਪਰ ਜ਼ਿਆਦਾ ਸਮਾਂ ਨਿਭੀ ਨਹੀਂ।
ਇਨ੍ਹਾਂ ਚੋਣਾਂ ਦੌਰਾਨ ਤਾਂ ਵਿਰੋਧੀਆਂ ਨੇ ਬੈਂਸ ਭਰਾਵਾਂ ‘ਤੇ ਜਾਇਦਾਦ ਬਣਾਉਣ ਅਤੇ ਕਬਜ਼ੇ ਕਰਨ ਦੇ ਦੋਸ਼ ਵੀ ਲੱਗੇ ਪਰ ਐਮ ਐਲ ਏ ਬਲਵਿੰਦਰ ਸਿੰਘ ਬੈਂਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਕੋਈ ਬੇਨਾਮੀ ਜ਼ਮੀਨ ਜਾਂ ਜਾਇਦਾਦ ਹੈ ਤਾਂ ਦੋਸ਼ ਲਾਉਣ ਵਾਲਾ ਵਿਅਕਤੀ ਸਾਬਤ ਕਰੇ ਅਤੇ ਜਨਤਾ ਸਾਹਮਣੇ ਪੁਖ਼ਤਾ ਸਬੂਤ ਰੱਖੇ।
‘ਜਨਤਕ ਮੁੱਦਿਆਂ ‘ਤੇ ਸਿੱਧੀ ਲੜਾਈ ਲੜ ਰਹੇ ਹਾਂ’
ਸਿਆਸੀ ਵਿਰੋਧੀਆਂ ਵੱਲੋਂ ਬੈਂਸ ਭਰਾਵਾਂ ਦੀ ਰਾਜਨੀਤੀ ਨੂੰ ਬਦਮਾਸ਼ੀ ਅਤੇ ਜ਼ੋਰ-ਜਬਰਦਸਤੀ ਦੀ ਸਿਆਸਤ ਨਾਲ ਜੋੜਿਆ ਜਾਂਦਾ ਹੈ। ਅਕਾਲੀ ਦਲ ਅਤੇ ਕਾਂਗਰਸ ਦੇ ਨੇਤਾ ਖੁਲ੍ਹੇਆਮ ਦੋਸ਼ ਲਾਉਂਦੇ ਹਨ ਕਿ ਬੈਂਸ ਭਰਾ ਸਰਕਾਰ ਦੇ ਟੈਕਸਾਂ ਅਤੇ ਬਿਜਲੀ ਦੀ ਚੋਰੀ ਕਰਦੇ ਹਨ। ਇਸ ਦੇ ਜਵਾਬ ਵਿੱਚ ਬਲਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ, ”ਰਾਜਨੀਤੀ ਦੇ ਖੇਤਰ ਵਿੱਚ ਅਸੀਂ ਸਰਕਾਰ ਨਾਲ ਆਢਾ ਲਾਈ ਰੱਖਦੇ ਹਾਂ, ਪਹਿਲਾਂ ਅਸੀਂ ਬਾਦਲਾਂ ਅਤੇ ਹੁਣ ਅਮਰਿੰਦਰ ਸਿੰਘ ਖਿਲਾਫ਼ ਜਨਤਕ ਮੁੱਦਿਆਂ ‘ਤੇ ਸਿੱਧੀ ਲੜਾਈ ਲੜ ਰਹੇ ਹਾਂ। ਕੋਈ ਵੀ ਵਿਅਕਤੀ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਕਿ ਜੇਕਰ ਸਾਡੇ ਵਿੱਚ ਕੋਈ ਕਮੀ ਹੁੰਦੀ ਜਾਂ ਗਲਤ ਕੰਮ ਕਰਦੇ ਹੁੰਦੇ ਤਾਂ ਸਾਨੂੰ ਇਨ੍ਹਾਂ (ਬਾਦਲ-ਅਮਰਿੰਦਰ) ਨੇ ਕਿਸੇ ਕੀਮਤ ‘ਤੇ ਬਖ਼ਸ਼ਣਾ ਨਹੀਂ ਸੀ।” ਬੈਂਸ ਨੇ ਦਾਅਵਾ ਕੀਤਾ ਕਿ ਉਹ ਸਿਲਾਈ ਮਸ਼ੀਨਾਂ ਬਣਾਉਂਦੇ ਹਨ ਤੇ ਆਪਣਾ ਵਪਾਰ ਸਾਫ਼ ਸੁਥਰੇ ਤਰੀਕੇ ਨਾਲ ਕਰਦੇ ਹਨ।

RELATED ARTICLES
POPULAR POSTS