ਕਾਂਗਰਸ ਹਾਈਕਮਾਨ ਨੇ ਦੋਵਾਂ ਨੂੰ ਕੰਮ ਸੰਭਾਲਣ ਲਈ ਕਿਹਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਅਸਤੀਫ਼ੇ ਪਾਰਟੀ ਹਾਈਕਮਾਨ ਵਲੋਂ ਰੱਦ ਕਰ ਦਿੱਤੇ ਗਏ ਹਨ ਅਤੇ ਦੋਵਾਂ ਨੂੰ ਪਾਰਟੀ ਨੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਕਿਹਾ ਹੈ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਜੋ ਮਗਰਲੀਆਂ 2-3 ਮੰਤਰੀ ਮੰਡਲ ਦੀਆਂ ਬੈਠਕਾਂ ‘ਚ ਸ਼ਾਮਿਲ ਨਹੀਂ ਹੋਏ, ਪਾਰਟੀ ਹਾਈਕਮਾਨ ਦੇ ਹੁਕਮ ਤੋਂ ਬਾਅਦ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ‘ਚ ਬਰਾਬਰ ਹਾਜ਼ਰ ਸਨ। ਨਵਜੋਤ ਸਿੰਘ ਸਿੱਧੂ ਵੀ ਪਾਰਟੀ ਵਲੋਂ ਮਗਰਲੇ ਕੁਝ ਦਿਨਾਂ ਤੋਂ ਕਿਸਾਨ ਮੁੱਦਿਆਂ ਨੂੰ ਲੈ ਲਗਾਤਾਰ ਸਰਗਰਮ ਨਜ਼ਰ ਆਏ ਪਰ ਦਿਲਚਸਪ ਗੱਲ ਇਹ ਹੈ ਕਿ ਅਸਤੀਫ਼ਿਆਂ ਨੂੰ ਰੱਦ ਕਰਨ ਸੰਬੰਧੀ ਪਾਰਟੀ ਹਾਈਕਮਾਨ ਵਲੋਂ ਕੋਈ ਲਿਖਤੀ ਹੁਕਮ ਹੁਣ ਤੱਕ ਜਾਰੀ ਨਹੀਂ ਹੋਇਆ। ਇਸ ਦਾ ਕੀ ਕਾਰਨ ਹੈ, ਇਸ ਸੰਬੰਧੀ ਸਥਿਤੀ ਸਪੱਸ਼ਟ ਨਹੀਂ ਹੋ ਰਹੀ। ਇਸੇ ਤਰ੍ਹਾਂ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫ਼ਾ ਦਿੱਤਾ ਗਿਆ ਸੀ ਅਤੇ ਬਾਕੀ ਅਸਤੀਫ਼ੇ ਉਨ੍ਹਾਂ ਦੇ ਸਮਰਥਨ ‘ਚ ਆਏ ਸਨ, ਉਨ੍ਹਾਂ ਦਾ ਕੀ ਬਣਿਆ ਹੈ ਅਤੇ ਕੀ ਪਾਰਟੀ ਵਲੋਂ ਉਠਾਏ ਗਏ ਉਨ੍ਹਾਂ ਮੁੱਦਿਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜਾਂ ਨਹੀਂ ਇਸ ਸੰਬੰਧੀ ਵੀ ਸਥਿਤੀ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਨਿਯੁਕਤ ਕੀਤੇ ਗਏ ਨਵੇਂ ਐਡਵੋਕੇਟ ਜਨਰਲ ਅਤੇ ਰਾਜ ਦੇ ਡੀ.ਜੀ.ਪੀ. ਦੀਆਂ ਨਿਯੁਕਤੀਆਂ ‘ਤੇ ਸਖ਼ਤ ਇਤਰਾਜ਼ ਕੀਤਾ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਨਿਯੁਕਤੀਆਂ ਨਾਲ ਅਸੀਂ ਰਾਜ ਦੇ ਲੋਕਾਂ ਨੂੰ ਕੀ ਚਿਹਰਾ ਦਿਖਾ ਸਕਾਂਗੇ। ਨਵਜੋਤ ਦੇ ਸਮਰਥਨ ‘ਚ ਪੰਜਾਬ ਕਾਂਗਰਸ ਦੇ ਇਕ ਜਨਰਲ ਸਕੱਤਰ ਤੇ ਖ਼ਜ਼ਾਨਚੀ ਵਲੋਂ ਵੀ ਅਸਤੀਫ਼ਾ ਦਿੱਤਾ ਗਿਆ ਸੀ।