ਭਾਜਪਾ ਆਪਣੇ ਬਲਬੂਤੇ ‘ਤੇ ਲੜੇਗੀ ਨਿਗਮ ਚੋਣਾਂ : ਹਰਜੀਤ ਸਿੰਘ ਗਰੇਵਾਲ
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਲੋਕ ਕਾਂਗਰਸ ਵਿਧਾਨ ਸਭਾ ਚੋਣਾਂ ਵਾਂਗ ਹੀ ਨਗਰ ਨਿਗਮ ਚੋਣਾਂ ਵੀ ਭਾਜਪਾ ਨਾਲ ਰਲ ਕੇ ਲੜਨਾ ਚਾਹੁੰਦੀ ਹੈ ਤੇ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਜਿਹਾ ਪ੍ਰਗਟਾਵਾ ਵੀ ਕਰ ਚੁੱਕੇ ਹਨ, ਪਰ ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਭਾਜਪਾ ਇਸ ਵਾਰ ਨਿਗਮ ਚੋਣਾਂ ਆਪਣੇ ਬਲਬੂਤੇ ‘ਤੇ ਲੜੇਗੀ। ਉਨ੍ਹਾਂ ਸਪੱਸ਼ਟ ਆਖਿਆ ਕਿ ਇਨ੍ਹਾਂ ਚੋਣਾਂ ‘ਚ ਭਾਜਪਾ ਕਿਸੇ ਵੀ ਪਾਰਟੀ ਨਾਲ ਚੋਣ ਸਮਝੌਤਾ ਨਹੀਂ ਕਰੇਗੀ। ਹਰਜੀਤ ਗਰੇਵਾਲ ਨਿਗਮ ਚੋਣਾਂ ਸਬੰਧੀ ਪਟਿਆਲਾ ਦੇ ਚੋਣ ਇੰਚਾਰਜ ਹਨ ਤੇ ਇਨ੍ਹਾਂ ਚੋਣਾਂ ਸਬੰਧੀ ਭਾਜਪਾ ਦੀ ਪਟਿਆਲਾ ਇਕਾਈ ਵੱਲੋਂ ਸੱਦੀ ਮੀਟਿੰਗ ਨੂੰ ਉਹ ਸੰਬੋਧਨ ਕਰ ਰਹੇ ਸਨ।
ਇਸ ਤਰ੍ਹਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੀਐੱਲਸੀ ਤੇ ਭਾਜਪਾ ਦਰਮਿਆਨ ਗੱਠਜੋੜ ਹੋਣ ਤੋਂ ਪਹਿਲਾਂ ਹੀ ਵਖਰੇਵੇਂ ਪੈਦਾ ਹੋ ਗਏ ਹਨ। ਭਾਜਪਾ ਪਟਿਆਲਾ ਦੇ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਹਿ-ਚੋਣ ਇੰਚਾਰਜ ਪਰਮਿੰਦਰ ਬਰਾੜ ਸਮੇਤ ਗੁਰਤੇਜ ਢਿੱਲੋਂ, ਬਲਵਿੰਦਰ ਸਿੰਘ, ਵਰੁਣ ਗੋਇਲ, ਕਰਨਲ ਜੈਵੰਸ ਸਿੰਘ, ਐੱਸਕੇ ਦੇਵ ਤੇ ਹੋਰ ਭਾਜਪਾ ਆਗੂ ਸ਼ਾਮਲ ਹੋਏ। ਮੀਟਿੰਗ ਦੀ ਅਗਵਾਈ ਕਰਦਿਆਂ ਹਰਿੰਦਰ ਕੋਹਲੀ ਦਾ ਕਹਿਣਾ ਸੀ ਕਿ ਇਸ ਮੌਕੇ ਪਟਿਆਲਾ ਨਿਗਮ ਦੀਆਂ ਸਾਰੀਆਂ 60 ਸੀਟਾਂ ‘ਤੇ ਭਾਜਪਾ ਦੇ ਉਮੀਦਵਾਰ ਉਤਾਰਨ ਦਾ ਫੈਸਲਾ ਲਿਆ ਗਿਆ ਹੈ।
ਮੀਟਿੰਗ ਮਗਰੋਂ ਹਰਜੀਤ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਭਾਜਪਾ ਵੱਲੋਂ ਨਿਗਮ ਚੋਣਾਂ ਇਕੱਲਿਆਂ ਲੜਨ ਦੀ ਗੱਲ ਸਪੱਸ਼ਟ ਕੀਤੀ। ਭਾਜਪਾ ਆਗੂ ਦਾ ਕਹਿਣਾ ਸੀ ਕਿ ਜਿਵੇਂ ਹੁਣ ‘ਆਪ’ ਸਰਕਾਰ ਭਾਜਪਾ ਕਾਰਕੁਨਾਂ ਨਾਲ ਵਧੀਕੀਆਂ ਕਰਨ ‘ਤੇ ਉਤਰੀ ਹੈ, ਪਹਿਲਾਂ ਇਸੇ ਤਰ੍ਹਾਂ ਕੈਪਟਨ ਸਰਕਾਰ ‘ਚ ਵੀ ਭਾਜਪਾ ਵਰਕਰਾਂ ਨਾਲ ਧੱਕੇਸ਼ਾਹੀ ਹੁੰਦੀ ਰਹੀ ਹੈ ਤੇ ਪੰਜਾਬ ਦੇ ਹਾਲਾਤ ਵਿਗਾੜਨ ਲਈ ਕੈਪਟਨ ਅਮਰਿੰਦਰ ਸਿੰਘ ਵੀ ਜ਼ਿੰਮੇਵਾਰ ਰਹੇ ਹਨ।
ਦਿੱਲੀ ਦੇ ਭਾਜਪਾ ਆਗੂ ਬੱਗਾ ਦੀ ਗ੍ਰਿਫ਼ਤਾਰੀ ਦੇ ਹਵਾਲੇ ਨਾਲ ਗਰੇਵਾਲ ਨੇ ਕੇਜਰੀਵਾਲ ‘ਤੇ ਸਿਆਸੀ ਕਿੜਾਂ ਕੱਢਣ ਲਈ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਨ ਦੇ ਆਰੋਪ ਲਾਉਂਦਿਆਂ ਕਿਹਾ ਕਿ ਦੇਸ਼ ਭਰ ‘ਚ ਚੰਗੀ ਪੈਂਠ ਰੱਖਦੀ ਪੰਜਾਬ ਪੁਲਿਸ ਦੇ ਕਿਰਦਾਰ ਨੂੰ ਵੀ ‘ਆਪ’ ਦੇ ਹੁਦਰੇਪਣ ਨੇ ਢਾਹ ਲਾਈ ਹੈ।