4.1 C
Toronto
Saturday, January 10, 2026
spot_img
Homeਪੰਜਾਬਸੰਤ ਢੱਡਰੀਆਂ ਵਾਲੇ 'ਤੇ ਹਮਲੇ ਸਬੰਧੀ ਚਾਰ ਗ੍ਰਿਫ਼ਤਾਰ

ਸੰਤ ਢੱਡਰੀਆਂ ਵਾਲੇ ‘ਤੇ ਹਮਲੇ ਸਬੰਧੀ ਚਾਰ ਗ੍ਰਿਫ਼ਤਾਰ

Dadrian PROTEST-09 copy copyਬਾਬਾ ਭੁਪਿੰਦਰ ਸਿੰਘ ਦੀ ਦੇਹ ਰੱਖ ਕੇ ਸਮਰਾਲਾ ਚੌਕ ਕੀਤਾ ਜਾਮ, ਵਰਤਿਆ ਅਸਲਾ ਤੇ ਗੱਡੀਆਂ ਬਰਾਮਦ
ਲੁਧਿਆਣਾ/ਬਿਊਰੋ ਨਿਊਜ਼
ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਉਪਰ ਹੋਏ ਹਮਲੇ, ਜਿਸ ਵਿਚ ਬਾਬਾ ਭੁਪਿੰਦਰ ਸਿੰਘ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਪੁਲਿਸ ਨੇ ਇਨ੍ਹਾਂ ਦੇ ਨਾਂ ਨਹੀਂ ਦੱਸੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਹਮਲੇ ਦੇ ਦੋਸ਼ ਵਿਚ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਇੱਕ ਸਪਰਿੰਗਫੀਲਡ ਰਾਈਫਲ, ਇੱਕ 315 ਬੋਰ ਦਾ ਜ਼ਿੰਦਾ ਕਾਰਤੂਸ, ਚੱਲੇ ਹੋਏ ਕਾਰਤੂਸ ਅਤੇ ਛਬੀਲ ਦੌਰਾਨ ਵੰਡੀਆਂ ਜਾ ਰਹੀਆਂ ਫਰੂਟੀਆਂ ਬਰਾਮਦ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਅਦ ਹੀ ਮੁਲਜ਼ਮਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਾਵੇਗਾ।
ਉਧਰ ਬਾਬਾ ਭੁਪਿੰਦਰ ਸਿੰਘ ਦੇ ਸਮਰਥਕਾਂ ਨੇ ਪੋਸਟਮਾਰਟਮ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਸਮਰਾਲਾ ਚੌਕ ਵਿੱਚ ਰੱਖ ਕੇ ਜਾਮ ਲਗਾ ਦਿੱਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਏਕੋਟ ਤੋਂ ਕਾਂਗਰਸੀ ਵਿਧਾਇਕ ਗੁਰਚਰਨ ਸਿੰਘ ਬੋਪਾਰਾਏ ਦੇ ਸਮਰਥਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਰੋਸ ਪ੍ਰਦਰਸ਼ਨ ਕਾਰਨ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਡੀਸੀਪੀ ਧਰੁਮਨ ਨਿੰਭਲੇ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਵਿਧਾਇਕ ਬੋਪਾਰਾਏ ਨਾਲ ਗ਼ੱਲਬਾਤ ਕਰਕੇ ਭਰੋਸਾ ਦਿੱਤਾ ਕਿ ਹਮਲਾਵਰਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਬਾਅਦ ਪ੍ਰਦਰਸ਼ਨਕਾਰੀ ਬਾਬਾ ਭੁਪਿੰਦਰ ਸਿੰਘ ਦੀ ਦੇਹ ਲੈ ਕੇ ਚਲੇ ਗਏ।
ਖਾਸੀ ਕਲਾਂ ਵਿੱਚ ਬਾਬਾ ਭੁਪਿੰਦਰ ਸਿੰਘ ਦਾ ਸਸਕਾਰ
ਬਾਬਾ ਭੁਪਿੰਦਰ ਸਿੰਘ ਢੱਕੀ ਵਾਲਿਆਂ ਦਾ ਪਿੰਡ ਖਾਸੀ ਕਲਾਂ ਵਿਚ ਸਸਕਾਰ ਕੀਤਾ ਗਿਆ। ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਧਿਆਨ ਸਿੰਘ ਮੰਡ, ਭਾਈ ਪੰਥਪ੍ਰੀਤ ਸਿੰਘ, ਬਲਜੀਤ ਸਿੰਘ ਦਾਦੂਵਾਲ, ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਅਕਾਲੀ ਦਲ ਤੋਂ ਰਣਜੀਤ ਸਿੰਘ ਢਿੱਲੋਂ, ‘ਆਪ’ ਤੋਂ ਸੰਜੇ ਸਿੰਘ, ਸੁੱਚਾ ਸਿੰਘ ਛੋਟੇਪੁਰ, ਐਚਐਸ ਫੂਲਕਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਮੌਜੂਦ ਸਨ।

RELATED ARTICLES
POPULAR POSTS