ਨਵਜੋਤ ਸਿੱਧੂ ਨੇ ਮਾਲੀ ਤੇ ਗਰਗ ਨਾਲ ਕੀਤੀ ਮੀਟਿੰਗ
ਚੰਡੀਗੜ੍ਹ/ਬਿਊੁਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੇ ਚਰਚੇ ਸਿੱਧੂ ਤੋਂ ਵੀ ਜ਼ਿਆਦਾ ਹੋਣ ਲੱਗੇ ਹਨ। ਇਨ੍ਹਾਂ ਦੋਵਾਂ ਸਲਾਹਕਾਰਾਂ ਨੇ ਪਾਕਿਸਤਾਨ ਅਤੇ ਕਸ਼ਮੀਰ ਸਬੰਧੀ ਬਿਆਨ ਦਿੱਤੇ ਜੋ ਚਰਚਾ ਦਾ ਵਿਸ਼ਾ ਬਣ ਗਏ। ਇਸ ਨੂੰ ਲੈ ਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਨੇ ਸਿੱਧੂ ਦੇ ਸਲਾਹਕਾਰਾਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿੱਧੂ ਦੇ ਸਲਾਹਕਾਰ ਵੀ ਉਸੇ ਤਰਜ਼ ’ਤੇ ਬੋਲ ਰਹੇ ਹਨ, ਜਿਸ ਤਰ੍ਹਾਂ ਸਿੱਧੂ ਨੇ ਆਪਣੇ ਦੋਸਤ ਪੀ.ਐਮ. ਇਮਰਾਨ ਖਾਨ ਦੇ ਗੁਣਾਂ ਦੀ ਸ਼ਲਾਘਾ ਕੀਤੀ ਸੀ।
ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੁ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਦੇ ਸਲਾਹਕਾਰਾਂ ’ਤੇ ਕਈ ਸਵਾਲ ਖੜ੍ਹੇ ਕੀਤੇ। ਮਜੀਠੀਆ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਕਸ਼ਮੀਰ ਨੂੰ ਵੱਖਰਾ ਦੇਸ਼ ਹੋਣ ਸਬੰਧੀ ਬਿਆਨ ਦੇ ਕੇ ਭਾਰਤ ਵਿਰੋਧੀ ਕਾਰਵਾਈ ਕੀਤੀ ਹੈ। ਜਿਸ ਕਰਕੇ ਉਸ ’ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਨਵਜੋਤ ਸਿਧੂ ਦੇ ਸਲਾਹਕਾਰ ਪਾਕਿਸਤਾਨ ਦੇ ਪੱਖ ਵਿਚ ਬੋਲ ਰਹੇ ਹਨ, ਜੋ ਭਾਰਤ ਵਿਰੋਧੀ ਕਾਰਵਾਈ ਹੈ। ਮਜੀਠੀਆ ਨੇ ਕਿਹਾ ਕਿ ਪਾਕਿਸਤਾਨ ਦੇ ਫੌਜ ਮੁਖੀ ਬਾਜਵਾ ਦੀ ਬੋਲੀ ਹੁਣ ਸਿੱਧੂ ਦੇ ਸਲਾਹਕਾਰ ਬੋਲਣ ਲੱਗ ਪਏ ਹਨ।
ਡਾ. ਪਿਆਰੇ ਲਾਲ ਗਰਗ ਅਤੇ ਮਾਲਵਿੰਦਰ ਸਿੰਘ ਮਾਲੀ ਦੇ ਬਿਆਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭੜਕਾਊ ਅਤੇ ਗੈਰ ਜ਼ਿੰਮੇਵਾਰੀ ਵਾਲੇ ਦੱਸਿਆ ਸੀ। ਇਸ ਦੇ ਚੱਲਦਿਆਂ ਨਵਜੋਤ ਸਿੱਧੂ ਨੇ ਆਪਣੇ ਇਨ੍ਹਾਂ ਦੋ ਸਲਾਹਕਾਰਾਂ ਡਾ. ਗਰਗ ਅਤੇ ਮਾਲੀ ਨਾਲ ਚਾਰ ਘੰਟਿਆਂ ਤੱਕ ਮੀਟਿੰਗ ਕੀਤੀ ਹੈ। ਸਿਆਸੀ ਹਲਕਿਆਂ ਵਿਚ ਵੀ ਚਰਚਾ ਚੱਲ ਰਹੀ ਹੈ ਜੇਕਰ ਸਿੱਧੂ ਦੇ ਸਲਾਹਕਾਰ ਇਸੇ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿਣਗੇ ਤਾਂ ਸਿੱਧੂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …