-5.1 C
Toronto
Wednesday, December 31, 2025
spot_img
Homeਪੰਜਾਬਹਰਜੀਤ ਸੱਜਣ ਵੱਲੋਂ ਕੈਪਟਨ ਨਾਲ ਬਿਆਨਬਾਜ਼ੀ ਵਿੱਚ ਨਾ ਪੈਣ ਨੂੰ ਤਰਜੀਹ

ਹਰਜੀਤ ਸੱਜਣ ਵੱਲੋਂ ਕੈਪਟਨ ਨਾਲ ਬਿਆਨਬਾਜ਼ੀ ਵਿੱਚ ਨਾ ਪੈਣ ਨੂੰ ਤਰਜੀਹ

ਨਵੀਂ ਦਿੱਲੀ/ਬਿਊਰੋ ਨਿਊਜ਼: ਭਾਰਤ ਦੇ ਦੌਰੇ ਉਤੇ ਆ ਰਹੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ‘ਖ਼ਾਲਿਸਤਾਨੀ ਹਮਦਰਦ’ ਆਖੇ ਜਾਣ ਦੇ ਮੁੱਦੇ ‘ਤੇ ਬਿਆਨਬਾਜ਼ੀ ਵਿੱਚ ਨਾ ਪੈਣਾ ਹੀ ਬਿਹਤਰ ਸਮਝਿਆ ਹੈ। ਕੈਪਟਨ ਨੇ ਇਸ ਕਾਰਨ ਸੱਜਣ ਨਾਲ ਮੁਲਾਕਾਤ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ।ਦੌਰੇ ਤੋਂ ਪਹਿਲਾਂ ਈਮੇਲ ਰਾਹੀਂ ਇਕ ਇੰਟਰਵਿਊ ਦੌਰਾਨ ਸੱਜਣ ਨੇ ਕਿਹਾ ਕਿ ਉਨ੍ਹਾਂ ਦੀ ਫੇਰੀ ਦਾ ਮੁੱਖ ਮਕਸਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਮਜ਼ਬੂਤ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਹੈ। ਕੈਪਟਨ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਨਾ ਕਰਨ ਦੇ ਬਿਆਨ ਉਤੇ ਕੋਈ ਟਿੱਪਣੀ ਨਾ ਕਰਦਿਆਂ ਉਨ੍ਹਾਂ ਕਿਹਾ, ”ਮੈਂ ਮਿਥੇ ਮੁਤਾਬਕ ਪੰਜਾਬ ਦੀ ਫੇਰੀ ਉਤੇ ਜਾਵਾਂਗਾ ਅਤੇ ਉਨ੍ਹਾਂ ਸਬੰਧਾਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਵਾਂਗਾ ਜੋ ਕੈਨੇਡਾ ਤੇ ਭਾਰਤ ਨੂੰ ਇੰਨਾ ਕਰੀਬ ਲਿਆਉਂਦੇ ਹਨ। ਇਸ ਸਿੱਖ ਹੋਣ ਦੇ ਨਾਤੇ ਮੈਂ ਹਰਿਮੰਦਰ ਸਾਹਿਬ ਜਾਵਾਂਗਾ ਤੇ ਵਿਸਾਖੀ ਦੇ ਨਜ਼ਦੀਕ ਅਜਿਹਾ ਹੋਣਾ ਹੋਰ ਵੀ ਵਧੀਆ ਗੱਲ ਹੈ।
ਕੈਨੇਡੀਅਨ ਮੰਤਰੀ ਨੂੰ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਅਮਰਿੰਦਰ
ਚੰਡੀਗੜ੍ਹ : ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੇ ਫੈਸਲੇ ਕਾਰਨ ਕੁਝ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦੀ ਅਮਰਿੰਦਰ ਸਿੰਘ ਨੇ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ‘ਆਪ’ ਦੀ ਪ੍ਰਤੀਕਿਰਿਆ ਇਹ ਸਿੱਧ ਕਰਦੀ ਹੈ ਕਿ ਇਹ ਜਥੇਬੰਦੀਆਂ ਕੌਮੀ ਗ਼ੈਰਤ ਦੀ ਭਾਵਨਾ ਤੋਂ ਰਹਿਤ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਖਾਲਿਸਤਾਨੀ ਹਮਾਇਤੀਆਂ ਤੇ ਭਾਰਤ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖ ਰਹੀ ਹੈ। ਸਾਡਾ ਮੁਲਾਂਕਣ ਅਤੇ ਫੈਸਲੇ ਇਨ੍ਹਾਂ ਰਿਪੋਰਟਾਂ ‘ਤੇ ਹੀ ਆਧਾਰਤ ਹਨ। ਉਨ੍ਹਾਂ ਕਿਹਾ ਕਿ ਉਹ ਹਰਜੀਤ ਸਿੰਘ ਸੱਜਣ ਦੀ ਤਜਵੀਜ਼ਤ ਭਾਰਤ ਫੇਰੀ ਦੌਰਾਨ ਸੁਰੱਖਿਆ ਤੇ ਪ੍ਰੋਟੋਕੋਲ ਮੁਤਾਬਕ ਢੁੱਕਵੇਂ ਪ੍ਰਬੰਧ ਕਰਨ ਲਈ ਤਿਆਰ ਹਨ ਪਰ ਕੈਨੇਡੀਅਨ ਮੰਤਰੀ ਨੂੰ ਮਿਲਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।
ਆਮ ਆਦਮੀ ਪਾਰਟੀ ਵੀ ਹਰਜੀਤ ਸਿੰਘ ਸੱਜਣ ਦਾ ਕਰੇਗੀ ਸਨਮਾਨ : ਫੂਲਕਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਪਰ ਖਾਲਿਸਤਾਨ ਦੀ ਮੋਹਰ ਲਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਨਿਖੇਧੀ ਕਰਦਿਆਂ ਹਰਜੀਤ ਸੱਜਣ ਦੀ ਅੰਮ੍ਰਿਤਸਰ ਆਮਦ ਮੌਕੇ ਪਾਰਟੀ ਵੱਲੋਂ ਭਰਵਾਂ ਸਵਾਗਤ ਕਰਨ ਦਾ ਫ਼ੈਸਲਾ ਕੀਤਾ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਕਿਹਾ ਕਿ ਕੈਪਟਨ, ઠਕਾਂਗਰਸ ਅਤੇ ਆਪਣੇ ਨਜ਼ਦੀਕੀਆਂ ਜਗਦੀਸ਼ ਟਾਈਟਲਰ, ਕਮਲ ਨਾਥ ਤੇ ਸੱਜਣ ਕੁਮਾਰ ਨੂੰ ਬਚਾਉਣ ਲਈ ਰੱਖਿਆ ਮੰਤਰੀ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਕਾਂਗਰਸ ਨੂੰ ਡਰ ਹੈ ਕਿ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਤੋਂ ਬਾਅਦ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ’84 ਦੇ ਕਾਂਡ ਨੂੰ ਸਿੱਖ ਕਤਲੇਆਮ ਐਲਾਨਿਆ ਜਾ ਸਕਦਾ ਹੈ ਤੇ ਇਸ ਦੇ ਦਬਾਅ ਹੇਠ ਭਾਰਤ ਦੀ ਸੰਸਦ ਵੀ ਇਸ ਕਾਂਡ ਨੂੰ ਸਿੱਖ ਕਤਲੇਆਮ ਕਰਾਰ ਦੇ ਸਕਦੀ ਹੈ।

RELATED ARTICLES
POPULAR POSTS