
ਅਸ਼ੋਕ ਗਹਿਲੋਤ ਵਿਧਾਇਕਾਂ ਸਣੇ ਪਹੁੰਚੇ ਰਾਜ ਭਵਨ
ਜੋਧਪੁਰ/ਬਿਊਰੋ ਨਿਊਜ਼
ਰਾਜਸਥਾਨ ਦੇ ਸਿਆਸੀ ਡਰਾਮੇ ਦਾ ਅੱਜ 15ਵਾਂ ਦਿਨ ਸੀ। ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਰਾਜਪਾਲ ਕਲਰਾਜ ਮਿਸ਼ਰਾ ਆਹਮੋ-ਸਾਹਮਣੇ ਹਨ। ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੇ ਸੈਸ਼ਨ ਬੁਲਾਉਣ ਲਈ ਰਾਜਪਾਲ ਨੂੰ ਚਿੱਠੀ ਲਿਖੀ, ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਅੱਜ ਗਹਿਲੋਤ ਵਿਧਾਇਕਾਂ ਨੂੰ ਲੈ ਕੇ ਰਾਜ ਭਵਨ ਪਹੁੰਚ ਗਏ। ਗਹਿਲੋਤ ਨੇ ਰਾਜਪਾਲ ਨੂੰ ਸੌ ਤੋਂ ਜ਼ਿਆਦਾ ਵਿਧਾਇਕਾਂ ਦੇ ਦਸਤਖਤਾਂ ਵਾਲਾ ਸਮਰਥਨ ਪੱਤਰ ਵੀ ਸੌਂਪਿਆ। ਕਾਂਗਰਸੀ ਵਿਧਾਇਕਾਂ ਨੇ ਰਾਜ ਭਵਨ ਦੇ ਬਾਹਰ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਤੋਂ ਬਾਅਦ ਰਾਜਪਾਲ ਨੇ ਵਿਧਾਇਕਾਂ ਨਾਲ ਮੁਲਾਕਾਤ ਵੀ ਕੀਤੀ। ਜ਼ਿਕਰਯੋਗ ਹੈ ਕਿ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਰਾਜਪਾਲ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੇ ਹੱਕ ਵਿਚ ਨਹੀਂ ਹਨ। ਇਸ ਸਬੰਧੀ ਰਾਜਸਥਾਨ ਦੇ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਜੇਕਰ ਸੈਸ਼ਨ ਨਾ ਬੁਲਾਉਣ ਦਾ ਕਾਰਨ ਕਰੋਨਾ ਵਾਇਰਸ ਹੈ ਤਾਂ ਅਸੀਂ ਵਿਧਾਇਕਾਂ ਦਾ ਕਰੋਨਾ ਟੈਸਟ ਕਰਵਾਉਣ ਨੂੰ ਤਿਆਰ ਹਾਂ।