Breaking News
Home / ਭਾਰਤ / ਨੋਟਬੰਦੀ, ਜੀਐੱਸਟੀ ਤੇ ਲੌਕਡਾਊਨ ਨੇ ਅਰਥਚਾਰਾ ਕੀਤਾ ਤਬਾਹ

ਨੋਟਬੰਦੀ, ਜੀਐੱਸਟੀ ਤੇ ਲੌਕਡਾਊਨ ਨੇ ਅਰਥਚਾਰਾ ਕੀਤਾ ਤਬਾਹ

ਰਾਹੁਲ ਗਾਂਧੀ ਵਲੋਂ ਮੋਦੀ ਸਰਕਾਰ ‘ਤੇ ਤਿੱਖੇ ਸਿਆਸੀ ਹਮਲੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ, ਗਲਤ ਢੰਗ ਨਾਲ ਜੀਐੱਸਟੀ ਅਮਲ ਵਿਚ ਲਿਆਉਣ ਅਤੇ ਲੌਕਡਾਊਨ ਲਾਉਣ ਜਿਹੇ ਲਏ ਗਏ ਫ਼ੈਸਲਿਆਂ ਕਾਰਨ ਮੁਲਕ ਦਾ ਆਰਥਿਕ ਢਾਂਚਾ ਤਬਾਹ ਹੋਇਆ ਹੈ। ਕਾਂਗਰਸ ਦੇ ਯੂਥ ਵਿੰਗ ਵੱਲੋਂ ਸ਼ੁਰੂ ਕੀਤੀ ਗਈ ‘ਰੁਜ਼ਗਾਰ ਦਿਊ’ ਮੁਹਿੰਮ ਦਰਮਿਆਨ ਰਾਹੁਲ ਗਾਂਧੀ ਵੱਲੋਂ ਕੇਂਦਰ ਸਰਕਾਰ ‘ਤੇ ਇਹ ਹਮਲਾ ਕੀਤਾ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਨ੍ਹਾਂ ਮੁਲਕ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ ਪਰ ਸਚਾਈ ਇਹ ਹੈ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਮੁਲਕ ਵਿਚ 14 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਿਉਂ ਹੋਇਆ? ਗਲਤ ਨੀਤੀਆਂ ਕਾਰਨ।
ਨੋਟਬੰਦੀ, ਗਲਤ ਢੰਗ ਨਾਲ ਜੀਐੱਸਟੀ ਦਾ ਅਮਲ ਤੇ ਫਿਰ ਲੌਕਡਾਊਨ ਅਜਿਹੇ ਤਿੰਨ ਕਦਮ ਹਨ ਜਿਸ ਨੇ ਮੁਲਕ ਦੇ ਆਰਥਿਕ ਢਾਂਚੇ ਨੂੰ ਤਬਾਹ ਕਰ ਦਿੱਤਾ ਤੇ ਹੁਣ ਸਚਾਈ ਇਹ ਹੈ ਕਿ ਭਾਰਤ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦੇ ਸਕਦਾ। ਯੂਥ ਕਾਂਗਰਸ ਵੱਲੋਂ ਚਲਾਈ ਗਈ ਮੁਹਿੰਮ ‘ਤੇ ਉਨ੍ਹਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਯੂਥ ਕਾਂਗਰਸ ਇਹ ਮੁਹਿੰਮ ਹਰ ਸ਼ਹਿਰ ਤੇ ਹਰ ਗਲੀ ਵਿਚ ਲਿਜਾਏਗੀ। ਉਨ੍ਹਾਂ ਮੁਲਕ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਯੂਥ ਕਾਂਗਰਸ ਦੀ ‘ਰੁਜ਼ਗਾਰ ਦਿਉ’ ਮੁਹਿੰਮ ਨਾਲ ਜੁੜਨ। ਉਨ੍ਹਾਂ ਯੂਥ ਕਾਂਗਰਸ ਨੂੰ ਉਸ ਦੇ ਸਥਾਪਨਾ ਦਿਵਸ ਦੀ ਵਧਾਈ ਵੀ ਦਿੱਤੀ।
ਪ੍ਰਿਯੰਕਾ ਤੇ ਹੋਰ ਆਗੂਆਂ ਵੱਲੋਂ ਯੂਥ ਕਾਂਗਰਸ ਦੀ ਸ਼ਲਾਘਾ : ਯੂਥ ਕਾਂਗਰਸ ਦੀ ਮੁਹਿੰਮ ਦੀ ਹਮਾਇਤ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਯੁਵਾ ਸ਼ਕਤੀ ਦੀ ਮੁਲਕ ਦੀ ਤਾਕਤ ਹੈ। ਉਨ੍ਹਾਂ ਭਾਜਪਾ ਦੀਆਂ ਬੇਰੁਜ਼ਗਾਰੀ ਵਧਾਊ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁਲਕ ਵਿਚ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਦੀ ਲੋੜ ਹੈ। ਯੂਥ ਕਾਂਗਰਸ ਨੇ ਕਿਹਾ ਕਿ ਰੁਜ਼ਗਾਰ ਦਿਉ ਮੁਹਿੰਮ ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਆਵਾਜ਼ ਬਣੇਗੀ। ਇਸੇ ਦੌਰਾਨ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੰਗ ਕੀਤੀ ਕਿ ਹਰ ਬੇਰੁਜ਼ਗਾਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇ।

Check Also

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੂਬੇ ’ਚ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਕਿਹਾ

ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ …