ਘਰੇਲੂ ਰੱਖਿਆ ਸਨਅਤ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰੀ ਨੇ ਕੀਤਾ ਐਲਾਨ
ਨਵੀਂ ਦਿੱਲੀ : ਘਰੇਲੂ ਰੱਖਿਆ ਸਨਅਤ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 101 ਰੱਖਿਆ ਯੰਤਰਾਂ ਦੀ ਦਰਾਮਦ ‘ਤੇ 2024 ਤੱਕ ਰੋਕ ਲਗਾਉਣ ਦਾ ਐਲਾਨ ਕੀਤਾ। ਇਨ੍ਹਾਂ ਵਿਚ ਹਲਕੇ ਲੜਾਕੂ ਹੈਲੀਕਾਪਟਰ, ਮਾਲਵਾਹਕ ਜਹਾਜ਼, ਰਵਾਇਤੀ ਪਣਡੁੱਬੀਆਂ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਟਵਿੱਟਰ ‘ਤੇ ਇਸ ਦਾ ਐਲਾਨ ਕਰਦਿਆਂ ਰੱਖਿਆ ਮੰਤਰੀ ਨੇ ਅਨੁਮਾਨ ਲਗਾਇਆ ਕਿ ਦਰਾਮਦ ਸੂਚੀ ਵਿਚ ਕਟੌਤੀ ਨਾਲ ਘਰੇਲੂ ਰੱਖਿਆ ਸਨਅਤ ਨੂੰ ਅਗਲੇ ਪੰਜ ਤੋਂ ਸੱਤ ਸਾਲਾਂ ਦੌਰਾਨ ਕਰੀਬ ਚਾਰ ਲੱਖ ਕਰੋੜ ਰੁਪਏ ਦੇ ਠੇਕੇ ਮਿਲਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਸੱਦੇ ਤਹਿਤ ਰੱਖਿਆ ਮੰਤਰਾਲਾ ਦੇਸ਼ ਵਿਚ ਰੱਖਿਆ ਸਾਜ਼ੋ ਸਾਮਾਨ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਪਹਿਲ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ 101 ਹਥਿਆਰਾਂ ਦੀ ਸੂਚੀ ਵਿਚ ਤੋਪਾਂ, ਘੱਟ ਦੂਰੀ ਵਾਲੀਆਂ ਸਤਹਿ ਤੋਂ ਹਵਾ ਵਿਚ ਦਾਗੀਆਂ ਜਾਣ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਇਲੈਕਟ੍ਰਾਨਿਕ ਜੰਗੀ ਪ੍ਰਣਾਲੀਆਂ, ਪਣਡੁੱਬੀ ਵਿਰੋਧੀ ਰਾਕੇਟ ਲਾਂਚਰ ਅਤੇ ਹੋਰ ਹਥਿਆਰ ਸ਼ਾਮਲ ਹਨ। ਸੂਚੀ ਵਿਚ ਬੁਨਿਆਦੀ ਸਿਖਲਾਈ ਜਹਾਜ਼, ਹਲਕੇ ਰਾਕੇਟ ਲਾਂਚਰ, ਮਲਟੀ ਬੈਰਲ ਰਾਕੇਟ ਲਾਂਚਰ, ਜਹਾਜ਼ਾਂ ਲਈ ਸੋਨਾਰ ਪ੍ਰਣਾਲੀ, ਅਸਤਰ-ਐੱਮਕੇ 1 ਮਿਜ਼ਾਈਲਾਂ, ਹਲਕੀਆਂ ਮਸ਼ੀਨ ਗੰਨਾਂ, ਤੋਪਾਂ ਦਾ ਗੋਲਾ ਬਾਰੂਦ (155 ਐੱਮਐੱਮ) ਅਤੇ ਜਹਾਜ਼ਾਂ ‘ਤੇ ਲੱਗਣ ਵਾਲੀਆਂ ਦਰਮਿਆਨੀ ਰੇਂਜ ਦੀਆਂ ਬੰਦੂਕਾਂ ਵੀ ਸ਼ਾਮਲ ਹਨ। ਇਹ ਐਲਾਨ ਰੱਖਿਆ ਮੰਤਰਾਲੇ ਦੀ ਰੱਖਿਆ ਖ਼ਰੀਦ ਨੀਤੀ ਦੇ ਖਰੜੇ ਦੇ ਇਕ ਹਫ਼ਤੇ ਬਾਅਦ ਹੋਇਆ ਹੈ ਜਿਸ ਵਿਚ 2025 ਤੱਕ ਰੱਖਿਆ ਉਤਪਾਦਨ ਵਿਚ 1.75 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅੰਦਾਜ਼ੇ ਮੁਤਾਬਕ ਭਾਰਤੀ ਹਥਿਆਰ ਬੱਲਾਂ ਵੱਲੋਂ ਅਗਲੇ ਪੰਜ ਸਾਲਾਂ ਵਿਚ 130 ਅਰਬ ઠਡਾਲਰ ਖ਼ਰਚੇ ਜਾਣਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਕ ਹੋਰ ਅਹਿਮ ਕਦਮ ਤਹਿਤ ਰੱਖਿਆ ਮੰਤਰਾਲੇ ਨੇ 2020-21 ਦੇ ਪੂੰਜੀਗਤ ਖ਼ਰੀਦ ਬਜਟ ਨੂੰ ਘਰੇਲੂ ਅਤੇ ਵਿਦੇਸ਼ੀ ਖ਼ਰੀਦ ਵਿਚ ਵੰਡਿਆ ਗਿਆ ਹੈ। ਮੌਜੂਦਾ ਵਿੱਤੀ ਵਰ੍ਹੇ ਵਿਚ ਘਰੇਲੂ ਖ਼ਰੀਦ ਲਈ ਕਰੀਬ 52 ਹਜ਼ਾਰ ਕਰੋੜ ਰੁਪਏ ਦਾ ਵੱਖਰਾ ਬਜਟ ਬਣਾਇਆ ਗਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਤਿੰਨਾਂ ਸੈਨਾਵਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਰੱਖਿਆ ਖੇਤਰ ਦੇ ਜਨਤਕ ਅਦਾਰਿਆਂ, ਆਰਡਨੈਂਸ ਫੈਕਟਰੀ ਬੋਰਡ ਅਤੇ ਪ੍ਰਾਈਵੇਟ ਸਨਅਤਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਨਾਲ ਕਈ ਗੇੜ ਦੀ ਗੱਲਬਾਤ ਮਗਰੋਂ ਇਹ ਸੂਚੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਸੈਨਾਵਾਂ ਨੇ ਅਪਰੈਲ 2015 ਤੋਂ ਅਗਸਤ 2020 ਦਰਮਿਆਨ ਸਾਢੇ 3 ਲੱਖ ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ‘ਤੇ ਅਜਿਹੀਆਂ ਵਸਤਾਂ ਦੀਆਂ ਕਰੀਬ 260 ਯੋਜਨਾਵਾਂ ਦਾ ਠੇਕਾ ਦਿੱਤਾ ਸੀ। ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸਮੇਂ ਦੌਰਾਨ ਥਲ ਅਤੇ ਹਵਾਈ ਸੈਨਾ ਦੋਹਾਂ ਲਈ ਕਰੀਬ 1.30 ਲੱਖ ਕਰੋੜ ਰੁਪਏ ਦੀਆਂ ਵਸਤਾਂ ਅਤੇ ਜਲ ਸੈਨਾ ਲਈ 1.40 ਲੱਖ ਕਰੋੜ ਰੁਪਏ ਦੀਆਂ ਵਸਤਾਂ ਦੀ ਖ਼ਰੀਦ ਦਾ ਅੰਦਾਜ਼ਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਚੀ ਵਿਚ ਪਹੀਏ ਵਾਲੇ ਬਖ਼ਤਰਬੰਦ ਲੜਾਕੂ ਵਾਹਨ ਵੀ ਸ਼ਾਮਲ ਹਨ ਜਿਨ੍ਹਾਂ ਲਈ ਅਮਲ ਦੀ ਸੰਕੇਤਕ ਤਰੀਕ ਦਸੰਬਰ 2021 ਹੈ। ਥਲ ਸੈਨਾ ਵੱਲੋਂ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ 200 ਵਾਹਨਾਂ ਦੇ ਠੇਕੇ ਦਿੱਤੇ ਜਾਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਜਲ ਸੈਨਾ ਵੱਲੋਂ ਦਸੰਬਰ 2021 ਤੱਕ 42 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਛੇ ਪਣਡੁੱਬੀਆਂ ਦੀ ਖ਼ਰੀਦ ਦਾ ਅੰਦਾਜ਼ਾ ਹੈ। ਹਵਾਈ ਸੈਨਾ ਲਈ 123 ਹਲਕੇ ਲੜਾਕੂ ਜਹਾਜ਼ ਐੱਮਕੇ 1ਏ 85 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਅੰਦਾਜ਼ਨ ਲਾਗਤ ਨਾਲ ਠੇਕੇ ਦਿੱਤੇ ਜਾਣਗੇ। ਸਰਕਾਰੀ ਦਸਤਾਵੇਜ਼ਾਂ ਮੁਤਾਬਕ 69 ਵਸਤਾਂ ‘ਤੇ ਦਰਾਮਦ ਉਤੇ ਰੋਕ ਦਸੰਬਰ 2020 ਤੋਂ ਲਾਗੂ ਹੋਵੇਗੀ ਜਦਕਿ 11 ਵਸਤਾਂ ‘ਤੇ ਰੋਕ ਦਸੰਬਰ 2021 ਤੋਂ ਲੱਗੇਗੀ। ਦਸੰਬਰ 2022 ਤੋਂ ਦਰਾਮਦ ਉਤੇ ਪਾਬੰਦੀ ਲਈ ਚਾਰ ਵਸਤਾਂ ਦੀ ਵੱਖਰੀ ਸੂਚੀ ਦੀ ਪਛਾਣ ਕੀਤੀ ਗਈ ਹੈ।
ਹੁਣ ਦੇਸ਼ ਵਿਚ ਤਿਆਰ ਕੀਤੇ ਜਾਣਗੇ ਵੱਡੇ ਹਥਿਆਰ : ਰਾਜਨਾਥ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 101 ਸੈਨਿਕ ਹਥਿਆਰਾਂ ਤੇ ਸਾਜੋ-ਸਾਮਾਨ ਦੀ ਦਰਾਮਦ ‘ਤੇ ਰੋਕ ਦੇ ਰੱਖਿਆ ਮੰਤਰਾਲੇ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਰੱਖਿਆ ਉਤਪਾਦਨ ਵਿਚ ਆਤਮ ਨਿਰਭਰਤਾ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਅਤੇ ਸਖ਼ਤ ਫ਼ੈਸਲੇ ਲਏ ਜਾ ਰਹੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵੱਡੀਆਂ ਹਥਿਆਰ ਪ੍ਰਣਾਲੀਆਂ ਹੁਣ ਭਾਰਤ ਵਿਚ ਬਣਨਗੀਆਂ ਅਤੇ ਦੇਸ਼ ਰੱਖਿਆ ਨਿਰਮਾਣ ਦਾ ਕੇਂਦਰ ਬਣਨ ਲਈ ਇਨ੍ਹਾਂ ਦੇ ਨਿਰਯਾਤ ਦੀ ਸੰਭਾਵਨਾ ਲੱਭੇਗਾ।
ਰੱਖਿਆ ਯੰਤਰਾਂ ਦੀ ਦਰਾਮਦ ‘ਤੇ ਰੋਕ ਦਾ ਐਲਾਨ ‘ਸ਼ਬਦੀ ਖੇਡ’ : ਚਿਦੰਬਰਮ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਰੱਖਿਆ ਯੰਤਰਾਂ ਦੀ ਦਰਾਮਦ ‘ਤੇ ਰੋਕ ਦਾ ਜਿਹੜਾ ਐਲਾਨ ਕੀਤਾ ਹੈ, ਉਹ ਸਿਰਫ਼ ‘ਸ਼ਬਦਾਂ ਦੀ ਖੇਡ’ ਹੈ। ਉਨ੍ਹਾਂ ਕਿਹਾ ਕਿ ਦਰਾਮਦ ‘ਤੇ ਕੋਈ ਵੀ ਰੋਕ ਅਸਲੀਅਤ ਵਿਚ ਖੁਦ ‘ਤੇ ਰੋਕ ਹੈ। ਉਨ੍ਹਾਂ ਕਿਹਾ ਕਿ ਬਿਆਨ ਦਾ ਮਤਲਬ ਹੈ ਕਿ ਮੁਲਕ ਦੋ ਤੋਂ ਚਾਰ ਸਾਲਾਂ ਵਿਚ ਬਾਹਰੋਂ ਮੰਗਵਾਏ ਜਾਂਦੇ ਰੱਖਿਆ ਯੰਤਰ ਬਣਾਉਣ ਦੀ ਕੋਸ਼ਿਸ਼ ਕਰੇਗਾ ਅਤੇ ਇਸ ਮਗਰੋਂ ਉਸ ਦੀ ਦਰਾਮਦ ਬੰਦ ਕੀਤੀ ਜਾਵੇਗੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …