ਪੈਟਰਿਕ ਬਰਾਊਨ ਨੇ ਦਿੱਤੀ ਵਧਾਈ
ਮਿੱਸੀਸਾਗਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਪੀਸੀ ਪਾਰਟੀ ਨਾਲ ਜੁੜੀ ਅਤੇ ਕਮਿਉਨਿਟੀ ਵਿੱਚ ਜਾਣੀ-ਪਛਾਣੀ ਸਖ਼ਸ਼ੀਅਤ ਨੀਨਾ ਤਾਂਗੜੀ ਨੇ ਬੀਤੇ ਐਤਵਾਰ ਨੂੰ ਮਿੱਸੀਸਾਗਾ ਦੇ ਸਵਾਗਤ ਬੈਂਕੁਅਟ ਹਾਲ ਵਿੱਚ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਇਕ ਫਸਵੇਂ ਤਿਕੋਣੇ ਮੁਕਾਬਲੇ ਵਿੱਚ ਮਿੱਸੀਸਾਗਾ-ਸਟ੍ਰੀਟਸਵਿੱਲ ਪ੍ਰੋਵਿੰਸ਼ੀਅਲ ਰਾਈਡਿੰਗ ਤੋਂ ਪੀਸੀ ਪਾਰਟੀ ਦੀ ਨੌਮੀਨੇਸ਼ਨ ਜਿੱਤ ਲਈ।
ਇਸ ਮੌਕੇ ਤੇ ਹਾਜ਼ਰ ਪੀਸੀ ਪਾਰਟੀ ਦੇ ਵਰਕਰਾਂ, ਮੈਂਬਰਾਂ ਅਤੇ ਵਾਲੰਟਰੀਅਰਾਂ ਵਿੱਚ ਨੀਨਾ ਦੀ ਜਿੱਤ ਨੂੰ ਲੈ ਕੇ ਭਾਰੀ ਉਤਸਾਹ ਸੀ।ਵੱਖ-ਵੱਖ ਕਮਿਊਨਿਟੀਆਂ ਦੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਨੀਨਾ ਹਮੇਸ਼ਾ ਹੀ ਇਕ ਮਿਹਨਤੀ ਅਤੇ ਪਾਰਟੀ ਲਈ ਵਫਾਦਾਰ ਸਿਪਾਹੀ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਹ ਪਾਰਟੀ ਲੀਡਰ ਪੈਟਰਿਕ ਬਰਾਊਨ ਦੀ ਪਾਲਸੀਆਂ ਨੂੰ ਅਗੇ ਲੈ ਕੇ ਚੱਲੇਗੀ ਅਤੇ ਕੁਵੀਨਸ ਪਾਰਕ ਵਿੱਚ ਉਨ੍ਹਾਂ ਦੀ ਧੜੱਲੇਦਾਰ ਆਵਾਜ਼ ਬਣੇਗੀ। ਵਰਨਣਯੋਗ ਹੈ ਕਿ ਨੀਨਾ ਆਪਣੇ ਪਰਿਵਾਰ ਸਮੇਤ ਲੰਮੇਂ ਸਮੇਂ ਤੋਂ ਮਿੱਸੀਸਾਗਾ ਵਿੱਚ ਹੀ ਰਹਿ ਰਹੀ ਹੈ ਅਤੇ ਉਸਦਾ ਬਿਜ਼ਨਸ ਵੀ ਮਿੱਸੀਸਾਗਾ ਵਿੱਚ ਹੀ ਹੈ। ਆਪਣੀ ਜਿੱਤ ਤੋਂ ਬਾਦ ਬੋਲਦਿਆਂ ਨੀਨਾ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਹਲਕੇ ਦੇ ਵੋਟਰਾਂ ਅਤੇ ਵਸਨੀਕਾਂ ਦੀ ਬਿਨ੍ਹਾਂ ਕਿਸੇ ਭੇਦ-ਭਾਦ ਦੇ ਹਰ ਤਰਾ੍ਹਂ ਨਾਲ ਅਗਵਾਈ ਕਰੇਗੀ ਅਤੇ ਲੋਕਾਂ ਦੇ ਟੈਕਸ ਰਾਹੀਂ ਅਦਾ ਕੀਤੇ ਪੈਸਿਆਂ ਦੀ ਸਹੀ ਵਰਤੋਂ ਕਰਵਾਏਗੀ। ਜਿਸ ਨਾਲ ਇਸ ਇਲਾਕੇ ਦਾ ਬਹੁ-ਪੱਖੀ ਵਿਕਾਸ ਵੀ ਹੋਵੇਗਾ। ਵਰਨਣਯੋਗ ਹੈ ਕਿ ਇਸ ਨੌਮੀਨੇਸ਼ਨ ਲਈ ਆਥਰ ਅਮੀਰ ਅਤੇ ਨੀਟਾ ਕੰਗ ਦੋ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਨ, ਪਰੰਤੂ ਨੀਨਾ ਨੇ ਪਹਿਲੇ ਗੇੜ ਵਿੱਚ ਹੀ ਚੋਣ ਜਿੱਤ ਲਈ। ਇਹ ਵੀ ਵਰਨਣਯੋਗ ਹੈ ਕਿ ਓਨਟੈਰਿਓ ਵਿੱਚ ਜੂਨ 2018 ਵਿੱਚ ਚੋਣਾਂ ਹੋਣਗੀਆਂ, ਜਿਨ੍ਹਾਂ ਵਿੱਚ ਪਾਰਟੀ ਦੀ ਅਗਵਾਈ ਪੈਟਰਿਕ ਬਰਾਊਨ ਕਰਨਗੇ। ਨੀਨਾ ਨੂੰ ਜਿੱਤ ਦੀ ਵਧਾਈ ਦਿੰਦਿਆਂ ਨੇ ਪੈਟਰਿਕ ਬਰਾਊਨ ਨੇ ਇਕ ਬਿਆਨ ਵਿੱਚ ਕਿਹਾ ਕਿ ਮੈਂ ਮਿੱਸੀਸਾਗਾ-ਸਟ੍ਰੀਟਸਵਿੱਲ ਦੇ ਪਾਰਟੀ ਮੈਂਬਰਾਂ ਨੂੰ ਨੀਨਾ ਨੂੰ ਕਾਮਯਾਬ ਕਰਨ ਅਤੇ ਪਾਰਟੀ ਦਾ ਉਮੀਦਵਾਰ ਚੁਨਣ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਨੀਨਾ ਲੰਮੇਂ ਸਮੇਂ ਤੋਂ ਪਾਰਟੀ ਨਾਲ ਜੁੜੀ ਹੋਈ ਹੈ ਅਤੇ ਇਕ ਮਾਂ, ਬਿਜ਼ਨਸ ਵੂਮੈਨ ਅਤੇ ਕਮਿਊਨਿਟੀ ਆਗੂ ਹੋਣ ਦੇ ਨਾਤੇ ਉਹ ਆਪਣੇ ਲੰਮੇਂ ਤਜ਼ਰਬੇ ਨਾਲ ਕੁਵੀਨਸ ਪਾਰਕ ਪੁੱਜ ਕੇ ਵੱਡਾ ਯੋਗਦਾਨ ਪਾਏਗੀ।
ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਨੇ ਪਿਛਲੇ 13 ਸਾਲਾਂ ਦੌਰਾਨ ਓਨਟੈਰਿਓ ਦੇ ਲੋਕਾਂ ਨੂੰ ਟੈਕਸ ਦੇ ਬੋਝ ਹੇਠਾਂ ਦੱਬ ਕੇ ਵਿਕਾਸ ਨੂੰ ਠੱਲ ਪਾ ਦਿੱਤੀ ਹੈ ਅਤੇ ਇਹ ਪਾਰਟੀ ਲਗਾਤਾਰ ਕਈ ਸਕੈਂਡਲਾਂ ਵਿੱਚ ਘਿਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਨੀਨਾ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਕੇ ਮਾਣ ਮਹਿਸੂਸ ਕਰ ਰਿਹਾ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …