Breaking News
Home / ਕੈਨੇਡਾ / ਦਾਰਸ਼ਨਿਕ-ਕਵੀ ਜਸਵੰਤ ਜ਼ਫ਼ਰ ਨਾਲ ਸਾਹਿਤਕ-ਮਿਲਣੀ ਬੇਹੱਦ ਸਫ਼ਲ ਰਹੀ

ਦਾਰਸ਼ਨਿਕ-ਕਵੀ ਜਸਵੰਤ ਜ਼ਫ਼ਰ ਨਾਲ ਸਾਹਿਤਕ-ਮਿਲਣੀ ਬੇਹੱਦ ਸਫ਼ਲ ਰਹੀ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 10 ਜੂਨ ਨੂੰ ਸਥਾਨਕ ‘ਰਾਇਲ ਸਟਾਰ ਰਿਆਲਟੀ ਆਫ਼ਿਸ’ ਦੇ ਵਿਸ਼ਾਲ ਮੀਟਿੰਗ-ਹਾਲ ਵਿਚ ਦਾਰਸ਼ਨਿਕ-ਕਵੀ ਜਸਵੰਤ ਜ਼ਫ਼ਰ ਨਾਲ ਹੋਏ ਰੂ-ਬ-ਰੂ ਵਿਚ ਸੈਂਕੜੇ ਲੇਖਕ ਅਤੇ ਸਾਹਿਤ-ਪ੍ਰੇਮੀ ਸ਼ਾਮਲ ਹੋਏ। ਜ਼ਫ਼ਰ ਹੁਰਾਂ ਦੀ ਲੋਕ-ਪ੍ਰੀਅਤਾ ਦਾ ਅੰਦਾਜ਼ਾ ਇਸ ਗੱਲੋਂ ਭਲੀ-ਭਾਂਤ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਸੁਣਨ ਵਾਲੇ ਸ਼ੁਭ-ਚਿੰਤਕਾਂ ਨਾਲ ਇਹ ਵੱਡਾ ਹਾਲ ਹਾਲ ਖਚਾ-ਖੱਚ ਭਰਿਆ ਹੋਇਆ ਸੀ। ਮੰਚ ‘ਤੇ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਅਤੇ ਡਿਕਸੀ ਗੁਰਦੁਆਰਾ ਸਾਹਿਬ ਦੇ ਸਕੱਤਰ ਰਣਜੀਤ ਸਿੰਘ ਦੁਲੇ ਸੁਸ਼ੋਭਿਤ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਮੰਚ-ਸੰਚਾਲਕ ਭੁਪਿੰਦਰ ਦੁਲੇ ਵੱਲੋਂ ਇਕਬਾਲ ਬਰਾੜ ਵੱਲੋਂ ਗਾਈ ਗਈ ਜ਼ਫ਼ਰ ਹੁਰਾਂ ਦੀ ਇਕ ਗ਼ਜ਼ਲ ਨਾਲ ਕੀਤੀ ਗਈ। ਉਪਰੰਤ, ਸਨੀ ਸ਼ਿਵਰਾਜ, ਰਿੰਟੂ ਭਾਟੀਆ, ਪਰਮਜੀਤ ਢਿੱਲੋਂ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਪਰਮਜੀਤ ਦਿਓਲ ਅਤੇ ਰਾਜਬੀਰ ਤੂਰ ਨੇ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਇਸ ਦੌਰਾਨ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਜਸਵੰਤ ਜ਼ਫ਼ਰ ਦੀ ਦਾਰਸ਼ਨਿਕ ਸ਼ਾਇਰੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਜਸਵੰਤ ਜ਼ਫਰ ਨੇ ਆਪਣੇ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਸ਼ਾਇਰੀ ਵਿਚ ਸਿੱਖ ਇਤਿਹਾਸ ਦੇ ਮਹਾਨ ਕਰਮੀਆਂ ਅਤੇ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਨੂੰ ਰੋਲ-ਮਾਡਲ ਬਣਾਇਆ ਹੈ। ਇਸ ਸੰਦਰਭ ਵਿਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ‘ਸਿੱਖੀ’, ‘ਭਾਈ ਘਨੱਈਆ’, ‘ਮੁਕਤੀ’, ‘ਗੁਰਮੁਖ ਸਿੰਘ’, ‘ਭਗਤ ਸਿੰਘ’ ਅਤੇ ਕਈ ਹੋਰ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚਲੀ ਡੂੰਘੀ ਫ਼ਿਲਾਸਫ਼ੀ ਨੂੰ ਸਮਝਦਿਆਂ ਹੋਇਆਂ ਉਨ੍ਹਾਂ ਵੱਲੋਂ ਭਰਪੂਰ ਤਾੜੀਆਂ ਦੇ ਰੂਪ ਵਿਚ ਦਾਦ ਦਿੱਤੀ ਗਈ। ਉਦਾਹਰਣ ਵਜੋਂ, ਕਵਿਤਾ ‘ਸਿੱਖੀ’ ਵਿਚਲੀ ਫਿਲ਼ਾਸਫ਼ੀ ”ਕੱਲ੍ਹਾ ਸਿੰਘ ਤਾਂ ਸਵਾ ਲੱਖ ਹੁੰਦਾ ਹੈ, ਦੋ ਸਿੰਘ ਢਾਈ ਲੱਖ ਨਹੀਂ ਹਨ ਅਤੇ ਨਾ ਹੀ ਤਿੰਨ ਮਿਲ ਕੇ ਪੌਣੇ ਚਾਰ ਬਣਦੇ ਹਨ” ਬੜੀ ਡੂੰਘੀ ਹੈ ਅਤੇ ਇਸ ਵਿਚ ਅੱਜ ਕੱਲ੍ਹ ਦੇ ਸਿੱਖਾਂ ਵਿਚਲੇ ਵਿਚਾਰਧਾਰਕ ਵੱਖਰੇਵਿਆਂ ਨੂੰ ਬਾਖ਼ੂਬੀ ਦਰਸਾਇਆ ਗਿਆ ਹੈ। ਏਸੇ ਤਰ੍ਹਾਂ ਕਵਿਤਾ ‘ਭਗਤ ਸਿੰਘ’ ਵਿਚਲਾ ਲੋਕ-ਨਾਇਕ ਸ਼ਹੀਦ ਭਗਤ ਸਿੰਘ ਆਪਣੇ ਕੀਤੇ ਹੋਏ ਮਹਾਨ ਕਾਰਜ ਕਰਕੇ ਲੋਕਾਂ ਦੀਆਂ ਨਜ਼ਰਾਂ ਵਿਚ ਹਮੇਸ਼ਾ 24 ਸਾਲ ਦਾ ਨੌਜਵਾਨ ਗੱਭਰੂ ਹੀ ਰਹਿੰਦਾ ਹੈ ਜਦੋਂ ਕਵੀ ਕਹਿੰਦਾ ਹੈ, ”ਮੈਂ ਹਰ ਜਨਮ-ਦਿਨ ‘ਤੇ ਬੁਢਾਪੇ ਵੱਲ ਇਕ ਸਾਲ ਵੱਧਦਾ ਹਾਂ, ਤੂੰ ਹਰ ਸ਼ਹੀਦੀ-ਦਿਨ ‘ਤੇ 24 ਸਾਲਾ ਭਰ ਜਵਾਨ ਗੱਭਰੂ ਹੀ ਹੁੰਦਾ ਹੈ।”
ਇਸ ਤਰ੍ਹਾਂ ਜਸਵੰਤ ਜ਼ਫ਼ਰ ਨੇ ਆਪਣੇ ਕਾਵਿਕ-ਸੰਬੋਧਨ ਦੌਰਾਨ ਆਪਣੀਆਂ ਪੁਸਤਕਾਂ ‘ਦੋ ਸਾਹਾਂ ਵਿਚਕਾਰ’, ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਅਤੇ ‘ਇਹ ਬੰਦਾ ਕੀ ਹੁੰਦਾ’ ਵਿਚਲੀਆਂ ਕੁਝ ਹਰਮਨ-ਪਿਆਰੀਆਂ ਕਵਿਤਾਵਾਂ ਅਤੇ ਕੁਝ ਹੋਰ ਨਵੀਆਂ ਅਣਛਪੀਆਂ ਕਵਿਤਾਵਾਂ ਨਾਲ ਘੰਟਾ-ਭਰ ਸਰੋਤਿਆਂ ਨੂੰ ਕੀਲੀ ਰੱਖਿਆ ਅਤੇ ਉਨ੍ਹਾਂ ਨੂੰ ਇਨ੍ਹਾਂ ਵਿਚਲੀ ਫ਼ਿਲਾਸਫ਼ੀ ਦੇ ਬਾਖ਼ੂਬੀ ਦਰਸ਼ਨ ਕਰਵਾਏ। ਸਰੋਤਿਆਂ ਨੇ ਵੀ ਇਸ ਪ੍ਰੋਗਰਾਮ ਨੂੰ ਬੇਹੱਦ ਮਾਣਿਆਂ। ਅਖ਼ੀਰ ਵਿਚ ਚਰਨਜੀਤ ਬਰਾੜ ਅਤੇ ਰਣਜੀਤ ਸਿੰਘ ਦੁਲੇ ਵੱਲੋਂ ਇਸ ਸਮਾਗ਼ਮ ਵਿਚ ਆਏ ਹੋਏ ਸਮੂਹ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸ਼ਾਮੀਂ ਸੱਤ ਕੁ ਵਜੇ ਇਸ ਸ਼ਾਨਦਾਰ ਸਮਾਗ਼ਮ ਦੀ ਸਮਾਪਤੀ ਹੋਈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …