ਦੋ ਪੜਾਵਾਂ ਵਿਚ ਹੋਵੇਗੀ ਜਨਗਣਨਾ, ਪਹਿਲਾ ਪੜਾਅ 1 ਅਕਤੂਬਰ 2026 ਤੇ ਦੂਜਾ 1 ਮਾਰਚ 2027 ਤੋਂ ਹੋਵੇਗਾ ਸ਼ੁਰੂ; ਪੂਰੀ ਮਸ਼ਕ ਵਿਚ ਜਾਤੀ ਜਨਗਣਨਾ ਵੀ ਹੋਵੇਗੀ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਮਰਦਮਸ਼ੁਮਾਰੀ, ਜਿਸ ਵਿਚ ਜਾਤੀ ਜਨਗਣਨਾ ਵੀ ਸ਼ਾਮਲ ਹੋਵੇਗੀ, ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ ਮਰਦਮਸ਼ੁਮਾਰੀ ਦੋ ਪੜਾਵਾਂ ਵਿਚ ਹੋਵੇਗੀ। ਪਹਿਲਾ ਪੜਾਅ 1 ਅਕਤੂਬਰ 2026 ਤੇ ਦੂਜਾ ਪੜਾਅ 1 ਮਾਰਚ 2027 ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਮਰਦਮਸ਼ੁਮਾਰੀ ਸਾਲ 2011 ਵਿਚ ਕੀਤੀ ਗਈ ਸੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਵਰਗੇ ਬਰਫ਼ ਨਾਲ ਘਿਰੇ ਇਲਾਕਿਆਂ ਵਿੱਚ ਮਰਦਮਸ਼ੁਮਾਰੀ ਦਾ ਅਮਲ 1 ਅਕਤੂਬਰ, 2026 ਤੋਂ ਸ਼ੁਰੂ ਹੋਵੇਗਾ ਜਦੋਂਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ 1 ਮਾਰਚ, 2027 ਦੀ ਸੰਦਰਭ ਮਿਤੀ ਨਾਲ ਜਨਗਣਨਾ ਕੀਤੀ ਜਾਵੇਗੀ।
ਕਾਬਿਲੇਗੌਰ ਹੈ ਕਿ 2021 ਦੀ ਮਰਦਮਸ਼ੁਮਾਰੀ ਦੋ ਪੜਾਵਾਂ- ਅਪਰੈਲ ਤੋਂ ਸਤੰਬਰ 2020 ਤੱਕ ਘਰਾਂ ਦਾ ਸੂਚੀਕਰਨ ਅਤੇ ਫਰਵਰੀ 2021 ਵਿੱਚ ਆਬਾਦੀ ਦੀ ਗਣਨਾ- ਵਿੱਚ ਯੋਜਨਾਬੱਧ ਕੀਤੀ ਗਈ ਸੀ। ਹਾਲਾਂਕਿ ਮੁਕੰਮਲ ਤਿਆਰੀ ਦੇ ਬਾਵਜੂਦ -19 ਮਹਾਮਾਰੀ ਕਰਕੇ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨਾ ਪਿਆ ਸੀ। ਦੇਸ਼ ਭਰ ਤੋਂ ਆਬਾਦੀ ਨਾਲ ਸਬੰਧਤ ਡੇਟਾ ਦੇਣ ਦੀ ਇਹ ਵੱਡੀ ਕਵਾਇਦ ਕਰੀਬ 34 ਲੱਖ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਅਤੇ ਡਿਜੀਟਲ ਡਿਵਾਈਸਾਂ ਨਾਲ ਲੈਸ ਕਰੀਬ 1.3 ਲੱਖ ਜਨਗਣਨਾ ਕਾਮਿਆਂ ਵੱਲੋਂ ਪੂਰੀ ਕੀਤੀ ਜਾਵੇਗੀ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਦਮਸ਼ੁਮਾਰੀ ਵਿੱਚ ਜਾਤੀ ਜਨਗਣਨਾ ਵੀ ਕੀਤੀ ਜਾਵੇਗੀ। ਲੋਕਾਂ ਲਈ ਸਵੈ-ਗਣਨਾ ਦੀ ਵਿਵਸਥਾ ਵੀ ਉਪਲਬਧ ਕਰਵਾਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕੇਂਦਰੀ ਗ੍ਰਹਿ ਸਕੱਤਰ, ਰਜਿਸਟਰਾਰ ਜਨਰਲ ਅਤੇ ਭਾਰਤ ਦੇ ਜਨਗਣਨਾ ਕਮਿਸ਼ਨਰ ਮ੍ਰਿਤੁੰਜਯ ਕੁਮਾਰ ਨਾਰਾਇਣ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮਰਦਮਸ਼ੁਮਾਰੀ ਦੀ ਤਿਆਰੀ ਬਾਰੇ ਸਮੀਖਿਆ ਕੀਤੀ। ਮਰਦਮਸ਼ੁਮਾਰੀ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ- ਹਾਊਸ ਲਿਸਟਿੰਗ ਆਪ੍ਰੇਸ਼ਨ – ਹਰੇਕ ਘਰ ਦੀ ਰਿਹਾਇਸ਼ੀ ਹਾਲਤ, ਸੰਪਤੀਆਂ ਅਤੇ ਸਹੂਲਤਾਂ ਬਾਰੇ ਵੇਰਵੇ ਇਕੱਤਰ ਕੀਤੇ ਜਾਣਗੇ। ਜਦੋਂਕਿ ਦੂਜੇ ਪੜਾਅ ਵਿੱਚ- ਆਬਾਦੀ ਦੀ ਗਿਣਤੀ ਭਾਵ ਹਰੇਕ ਘਰ ਦੇ ਹਰੇਕ ਜੀਅ ਦੀ ਗਿਣਤੀ, ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਹੋਰ ਵੇਰਵੇ ਇਕੱਠੇ ਕੀਤੇ ਜਾਣਗੇ। ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਦਮਸ਼ੁਮਾਰੀ ਦੀ ਮਸ਼ਕ ਸ਼ੁਰੂ ਹੋਣ ਤੋਂ ਬਾਅਦ ਇਹ 16ਵੀਂ ਅਤੇ ਆਜ਼ਾਦੀ ਤੋਂ ਬਾਅਦ ਅੱਠਵੀਂ ਜਨਗਣਨਾ ਹੈ। ਬਿਆਨ ਵਿੱਚ ਕਿਹਾ ਗਿਆ ਸੀ ਕਿ ਜਾਣਕਾਰੀ ਇਕੱਤਰ ਕਰਨ, ਸੰਚਾਰ ਅਤੇ ਸਟੋਰੇਜ ਸਮੇਂ ਡੇਟਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਸਖ਼ਤ ਡੇਟਾ ਸੁਰੱਖਿਆ ਉਪਾਅ ਰੱਖੇ ਜਾਣਗੇ।
ਜਾਤੀ ਮਰਦਮਸ਼ੁਮਾਰੀ ਬਾਰੇ ਸਰਕਾਰ ਦੀ ਨੀਅਤ ਸਾਫ਼ ਨਹੀਂ : ਕਾਂਗਰਸ
ਪਾਇਲਟ ਨੇ ਕੇਂਦਰ ‘ਤੇ ਜਾਤੀ ਮਰਦਮਸ਼ੁਮਾਰੀ ਵਿੱਚ ਦੇਰੀ ਕਰ ਕੇ ਡੰਗ ਟਪਾਉਣ ਦਾ ਆਰੋਪ ਲਾਇਆ
ਨਵੀਂ ਦਿੱਲੀ : ਕਾਂਗਰਸ ਨੇ ਕੇਂਦਰ ‘ਤੇ ਜਾਤੀ ਮਰਦਮਸ਼ੁਮਾਰੀ ਵਿੱਚ ਦੇਰੀ ਕਰਨ ਦਾ ਆਰੋਪ ਲਾਉਂਦਿਆਂ ਕਿਹਾ ਕਿ ਇਸ ਦਾ ਮਕਸਦ ਡੰਗ ਟਪਾਉਣਾ, ਸੁਰਖ਼ੀਆਂ ਬਟੋਰਨਾ ਅਤੇ ਬਿਰਤਾਂਤ ਨੂੰ ਆਪਣੇ ਪੱਖ ਵਿੱਚ ਕਰਨਾ ਹੈ। ਕਾਂਗਰਸ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦਾ ਮਕਸਦ ਸਿਰਫ਼ ਕਿਸੇ ਵਿਅਕਤੀ ਦੀ ਜਾਤੀ ਬਾਰੇ ਡੇਟਾ ਇਕੱਤਰ ਕਰਨਾ ਨਹੀਂ, ਸਗੋਂ ਇਨ੍ਹਾਂ ਪਰਿਵਾਰਾਂ ਦੀਆਂ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਨੀਤੀਆਂ ਬਣਾਉਣਾ ਹੈ।
ਮਰਦਮਸ਼ੁਮਾਰੀ ਲਈ ਜਾਰੀ ਨੋਟੀਫਿਕੇਸ਼ਨ ਵਿੱਚ ‘ਜਾਤੀ ਮਰਦਮਸ਼ੁਮਾਰੀ ਦਾ ਜ਼ਿਕਰ ਨਾ ਹੋਣ’ ਅਤੇ ਬਜਟ ਅਲਾਟਮੈਂਟ ਸਬੰਧੀ ਸਵਾਲ ਖੜ੍ਹੇ ਕਰਦਿਆਂ ਪਾਇਲਟ ਨੇ ਆਰੋਪ ਲਾਇਆ ਕਿ ਜਾਤੀ ਮਰਦਮਸ਼ੁਮਾਰੀ ਸਬੰਧੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ।
ਕੇਂਦਰ ਸਰਕਾਰ ਨੇ ਭਾਰਤ ਦੀ 16ਵੀਂ ਮਰਦਮਸ਼ੁਮਾਰੀ 2027 ਵਿੱਚ ਕਰਵਾਉਣ ਲਈ ਸੋਮਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ 2027 ਦੀ ਮਰਦਮਸ਼ੁਮਾਰੀ ਵਿੱਚ ਜਾਤੀ ਮਰਦਮਸ਼ੁਮਾਰੀ ਵੀ ਸ਼ਾਮਲ ਕੀਤੀ ਜਾਵੇਗੀ।
ਪਾਇਲਟ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੀਤ ਵਿੱਚ ਕਈ ਵਾਰ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦੀ ਮੰਗ ਕਰਨ ਵਾਲੇ ਲੋਕ ‘ਅਰਬਨ ਨਕਸਲ’ ਹਨ ਅਤੇ ਮੋਦੀ ਸਰਕਾਰ ਨੇ ਸੰਸਦ ਵਿੱਚ ਜਵਾਬ ਦਿੱਤਾ ਕਿ ਉਹ ਜਾਤੀਗਤ ਮਰਦਮਸ਼ੁਮਾਰੀ ਕਰਵਾਉਣ ਦੇ ਹੱਕ ਵਿੱਚ ਨਹੀਂ ਹਨ। ਪਾਇਲਟ ਨੇ ਕਿਹਾ ਕਿ ਜ਼ੋਰਦਾਰ ਵਿਰੋਧ ਮਗਰੋਂ ਸਰਕਾਰ ਨੇ ਅਚਾਨਕ ਕਾਂਗਰਸ ਪਾਰਟੀ ਦੀ ਮੰਗ ਮੰਨਦਿਆਂ ਜਾਤੀ ਮਰਦਮਸ਼ੁਮਾਰੀ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਜਾਤੀ ਮਰਦਮਸ਼ੁਮਾਰੀ ਸਮੇਂ ਸਿਰ ਤੇ ਈਮਾਨਦਾਰੀ ਨਾਲ ਨੇਪਰੇ ਚੜ੍ਹੇ : ਕੁਮਾਰੀ ਮਾਇਆਵਤੀ
ਲਖਨਊ: ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਕਿ ਲੋਕ ਭਲਾਈ ਨਾਲ ਸਿੱਧੇ ਤੌਰ ‘ਤੇ ਜੁੜੇ ਜਾਤੀ ਮਰਦਮਸ਼ੁਮਾਰੀ ਦੇ ਨਾਲ-ਨਾਲ ਮਰਦਮਸ਼ੁਮਾਰੀ ਦਾ ਕੰਮ ਦੇਸ਼ ਹਿੱਤ ਵਿੱਚ ਹੁਣ ਸਮੇਂ ਸਿਰ ਅਤੇ ਈਮਾਨਦਾਰੀ ਨਾਲ ਨੇਪਰੇ ਚਾੜ੍ਹਿਆ ਜਾਣਾ ਚਾਹੀਦਾ ਹੈ। ਬਸਪਾ ਸੁਪਰੀਮੋ ਨੇ ‘ਐਕਸ’ ‘ਤੇ ਕਿਹਾ, ”ਦੇਸ਼ ਵਿੱਚ ਜਾਤੀ ਮਰਦਮਸ਼ੁਮਾਰੀ ਦਾ ਕੰਮ ਕਾਂਗਰਸ ਦੇ ਸਮੇਂ ਤੋਂ ਹੀ ਰੁਕਿਆ ਪਿਆ ਸੀ, ਪਰ ਕਾਫ਼ੀ ਆਵਾਜ਼ ਚੁੱਕਣ ਮਗਰੋਂ ਹੁਣ ਇਸ ਮਾਮਲੇ ਵਿੱਚ ਪ੍ਰਕਿਰਿਆ ਸ਼ੁਰੂ ਹੋਈ ਹੈ। ਲੋਕ ਭਲਾਈ ਨਾਲ ਸਿੱਧੇ ਤੌਰ ‘ਤੇ ਜੁੜਿਆ ਮਰਦਮਸ਼ੁਮਾਰੀ ਦਾ ਇਹ ਕੰਮ ਦੇਸ਼ਹਿੱਤ ਵਿੱਚ ਹੁਣ ਸਮੇਂ ਸਿਰ ਅਤੇ ਈਮਾਨਦਾਰੀ ਨਾਲ ਪੂਰਾ ਹੋਣਾ ਚਾਹੀਦਾ ਹੈ। ਕੇਂਦਰ ਇਸ ਪਾਸੇ ਧਿਆਨ ਦੇਵੇ।”