Breaking News
Home / ਕੈਨੇਡਾ / ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡਿਕਸੀ ਗੁਰੂਘਰ ਵਿਖੇ ਦੀਵਾਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਈ ਸੰਗਤ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਡਿਕਸੀ ਗੁਰੂਘਰ ਵਿਖੇ ਦੀਵਾਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਈ ਸੰਗਤ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ 7 ਮਈ ਤੋਂ 10 ਮਈ ਤੱਕ ਡਿਕਸੀ ਗੁਰੂਘਰ ਵਿਖੇ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜੱਥੇ ਦੇ ਧਾਰਮਿਕ ਦੀਵਾਨਾਂ ਵਿਚ ਚਾਰੇ ਹੀ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਰੇ ਹੀ ਮੇਨ-ਹਾਲਾਂ ਦੀਆਂ ਆਰਜ਼ੀ ਪਾਰਟੀਸ਼ਨਾਂ ਹਟਾ ਦਿੱਤੀਆਂ ਗਈਆਂ ਸਨ ਜਿਸ ਨਾਲ ਹਜ਼ਾਰਾਂ ਲੋਕਾਂ ਨੇ ਧਾਰਮਿਕ ਸਟੇਜ ਦੇ ਸਾਹਮਣੇ ਬੈਠ ਕੇ ਗੁਰਬਾਣੀ ਕੀਰਤਨ ਦੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਇਸ ਤੋਂ ਇਲਾਵਾ ਬਹੁਤ ਸਾਰੀ ਸੰਗਤ ਹੇਠਲੀ ਮੰਜ਼ਲ ‘ਤੇ ਬਣੇ ਜਿੰਮ ਹਾਲ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਲਗਾਏ ਗਏ ਵਿਸ਼ਾਲ ਟੈਂਟ ਵਿਚ ਵੀ ਵੱਡੀਆਂ-ਵੱਡੀਆਂ ਸਕਰੀਨਾਂ ਉੱਪਰ ਇਸ ਪ੍ਰੋਗਰਾਮ ਨੂੰ ਵੇਖ ਅਤੇ ਸੁਣ ਰਹੀ ਸੀ। ਇਸ ਪ੍ਰੋਗਰਾਮ ਦਾ ਕਈ ਟੀ.ਵੀ.ਚੈਨਲਾਂ ਵੱਲੋਂ ‘ਲਾਈਵ-ਟੈਲੀਕਾਸਟ’ ਵੀ ਕੀਤਾ ਜਾ ਰਿਹਾ ਸੀ ਜਿਸ ਨਾਲ ਬਹੁਤ ਸਾਰੇ ਲੋਕਾਂ ਨੇ ਆਪਣੇ ਘਰੀਂ ਬੈਠ ਕੇ ਵੀ ਇਸ ਦਾ ਆਨੰਦ ਲੈ ਰਹੇ ਸਨ।
ਆਪਣੇ ਵਿਖਿਆਨ ਵਿਚ ਉਨ੍ਹਾਂ ਨੇ ‘ਸ਼ਬਦ-ਗੁਰੂ’ ਦੀ ਮਹਾਨਤਾ ਅਤੇ ਗੁਰਸਿੱਖ ਦੀ ਵਧੀਆ ਜਿਊਣ-ਜਾਚ ਬਾਰੇ ਗੱਲ ਕਰਦਿਆਂ ਕਿਹਾ ਕਿ ਜਿਊਣਾ ਇਕ ‘ਕਲਾ’ ਹੈ। ਜਿਵੇਂ ਕਿ ਹਾਮੋਨੀਅਮ ਜਾਂ ਬੰਸਰੀ ਵਜਾਉਣਾ ਇਕ ਕਲਾ ਹੈ ਅਤੇ ਇਸ ਕਲਾ ਨੂੰ ਸਿੱਖਣ ਲਈ ਕਿਸੇ ਉਸਤਾਦ ਦੀ ਜ਼ਰੂਰਤ ਪੈਂਦੀ ਹੈ, ਬਿਲਕੁਲ ਉਵੇਂ ਹੀ ਇਸ ਮਨੁੱਖੀ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਲਈ ਵੀ ਗੁਰੂ ਦੀ ਸਿੱਖਿਆ ਦੀ ਲੋੜ ਪੈਂਦੀ ਹੈ। ਉਨ੍ਹਾਂ ਬਾਣੀ ਦੇ ਰਟਨ ਨਾਲੋਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਇਸ ਵਿਚ ਦਰਸਾਈ ਗਈ ਜੀਵਨ-ਜਾਚ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਅਤੇ ਡੇਰੇਦਾਰਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਉੱਪਰ ਇਕ-ਮੱਤ ਨਾ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਦਿਵਸ ਅਤੇ ਹੋਰ ਕਈ ਇਤਿਹਾਸਕ ਦਿਨਾਂ ਦੇ ਹਰ ਸਾਲ ਹੋਣ ਵਾਲੇ ਫੇਰ-ਬਦਲ, ਭੇਟਾ ਹੋਣ ਵਾਲੇ ਰੁਮਾਲਿਆਂ ਦੀ ਦਿਨੋਂ-ਦਿਨ ਵੱਧਦੀ ਜਾ ਰਹੀ ਗਿਣਤੀ ਕਾਰਨ ਇਨ੍ਹਾਂ ਦੀ ਯੋਗ ਵਰਤੋਂ ਨਾ ਹੋ ਸਕਣ, ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਆਰ. ਐੱਸ.ਐੱਸ. ਵਰਗੇ ਸੰਗਠਨਾਂ ਦੀ ਦਖ਼ਲ-ਅੰਦਾਜ਼ੀ ਅਤੇ ਪੰਥ ਦੇ ਕਈ ਹੋਰ ਚਲੰਤ-ਮਸਲਿਆਂ ਬਾਰੇ ਵੀ ਆਪਣੇ ਵਿਚਾਰ ਨਾਲੋ ਨਾਲ ਪੇਸ਼ ਕੀਤੇ ਜਿਨ੍ਹਾਂ ਨੂੰ ਸੰਗਤ ਨੇ ਬੜੇ ਗਹੁ ਨਾਲ ਸੁਣਿਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਦੀਵਾਨਾਂ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਇਕ ਅਖ਼ਬਾਰ ਵਿਚ ਛਪੀ ਖ਼ਬਰ ਵਿਚ ਕੁਝ ਲੋਕਾਂ ਵੱਲੋਂ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਸਮਾਗ਼ਮਾਂ ਨੂੰ ਰੋਕੇ ਜਾਣ ਬਾਰੇ ਵੀ ਕਿਹਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਕਹਿਣ ਅਨੁਸਾਰ ਇਸ ਦੇ ਨਾਲ ਇੱਥੇ ਮਾਹੌਲ ਖ਼ਰਾਬ ਹੋ ਸਕਦਾ ਸੀ, ਪਰ ਅਜਿਹਾ ਕੁਝ ਵੀ ਵੇਖਣ-ਸੁਣਨ ਵਿਚ ਨਹੀਂ ਆਇਆ। ਅਲਬੱਤਾ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਆਪਣੇ ਤੌਰ ‘ਤੇ ਲੋੜੀਂਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ। ਆਪੋ-ਆਪਣੀ ਡਿਊਟੀ ‘ਤੇ ਤਾਇਨਾਤ ਸੇਵਾਦਾਰ ਆਉਣ ਵਾਲੇ ਸ਼ਰਧਾਲੂਆਂ ਉੱਪਰ ਪੂਰੀ ਨਿਗਾਹ ਰੱਖ ਰਹੇ ਸਨ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਪੀਲ ਪੁਲੀਸ ਦੀ ਇਕ ਗੱਡੀ ਵੀ ਖੜ੍ਹੀ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …