ਬਰੈਂਪਟਨ/ਡਾ. ਝੰਡ
ਗਰਮੀਆਂ ਦੀ ਸੁਹਾਵਣੀ ਰੁੱਤੇ ਇੱਥੇ ਵੱਖ-ਵੱਖ ਸੀਨੀਅਰ ਕਲੱਬਾਂ ਨੇ ਆਪਣੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਕਰ ਦਿੱਤੀਆਂ ਹਨ। ਕੋਈ ਨੇੜਲੇ ਪਾਰਕਾਂ ਵਿੱਚ ਪਿਕਨਿਕ ਮਨਾ ਰਹੀ ਹੈ, ਕੋਈ ਮੈਂਬਰਾਂ ਦੇ ਜਨਮ-ਦਿਨ ਮਨਾ ਰਹੀ ਹੈ ਅਤੇ ਕੋਈ ਆਪਣੇ ਮੈਂਬਰਾਂ ਨੂੰ ਦੂਰ-ਦੁਰੇਢੇ ਮਨਮੋਹਕ ਥਾਵਾਂ ‘ਤੇ ਟੂਰ ਲਈ ਲਿਜਾ ਰਹੀ ਹੈ।
ਪਰ ਪਿਛਲੇ ਹਫ਼ਤੇ ਬੁੱਧਵਾਰ ਨੂੰ ਇੱਕ ਵਿਲੱਖਣ ਚੀਜ਼ ਵੇਖਣ ਨੂੰ ਮਿਲੀ ਜਦੋਂ ‘ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ’ ਵੱਲੋਂ ਸੱਦਾ ਆਇਆ ਕਿ ਉਹ ਆਪਣੇ ਮੈਂਬਰਾਂ ਲਈ ਸਿਹਤ ਜਾਗਰੂਕਤਾ ਸਬੰਧੀ ਇੱਕ ਵਿਸ਼ੇਸ਼ ਲੈੱਕਚਰ ਕਰਵਾ ਰਹੇ ਹਨ। ਨਿਸਚਿਤ ਸਮੇਂ ‘ਤੇ ਪਹੁੰਚਣ ਉਤੇ ਪਤਾ ਲੱਗਾ ਕਿ ਇਸ ਕਲੱਬ ਦੇ ਮੈਂਬਰਾਂ ਨੂੰ ਨੈਚੁਰਲ ਹੈੱਲਥ ਸਪੈਸ਼ਲਿਸਟ ਰਘਵੀਰ ਸਿੰਘ ਚਾਹਲ ਸੰਬੋਧਨ ਕਰ ਰਹੇ ਹਨ ਜੋ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਆਮ ਸਰੀਰਕ ਬੀਮਾਰੀਆਂ ਨੂੰ ਕੁਦਰਤੀ ਤਰੀਕਿਆਂ ਨਾਲ ਠੀਕ ਕਰਨ ਬਾਰੇ ਅਖ਼ਬਾਰਾਂ ਵਿੱਚ ਲਿਖਦੇ ਰਹਿੰਦੇ ਹਨ। ਸ਼ਾਅ ਪਬਲਿਕ ਸਕੂਲ ਦੇ ਕਮੇਟੀ-ਰੂਮ ਵਿੱਚ ਆਯੋਜਿਤ ਕੀਤੀ ਗਈ ਇਸ ਇਕੱਤਰਤਾ ਵਿੱਚ ਕਲੱਬ ਦੇ ਲੱਗਭੱਗ 30 ਮੈਂਬਰ ਹਾਜ਼ਰ ਸਨ ਜਿਨ੍ਹਾਂ ਵਿੱਚ ਵਧੇਰੇ ਗਿਣਤੀ ਔਰਤ ਮੈਂਬਰਾਂ ਦੀ ਸੀ ਜੋ ਇਹ ਸੰਕੇਤ ਦੇ ਰਹੀ ਸੀ ਕਿ ਉਹ ਆਪਣੀ ਸਿਹਤ ਸਬੰਧੀ ਕਿੰਨੀਆਂ ਫ਼ਿਕਰਮੰਦ ਹਨ।
ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਨੇ ਰਸਮੀ ਜਾਣ-ਪਛਾਣ ਤੋਂ ਬਾਅਦ ਰਘਵੀਰ ਸਿੰਘ ਚਾਹਲ ਨੂੰ ਆਪਣਾ ਭਾਸ਼ਨ ਸ਼ੁਰੂ ਕਰਨ ਲਈ ਬੇਨਤੀ ਕੀਤੀ ਜਿਨ੍ਹਾਂ ਨੇ ਸੱਭ ਤੋਂ ਪਹਿਲਾਂ ਅੱਜ ਤੋਂ ਚਾਰ-ਪੰਜ ਦਹਾਕੇ ਪਹਿਲਾਂ ਕੁਦਰਤੀ ਢੰਗਾਂ ਨਾਲ ਤਿਆਰ ਕੀਤੇ ਜਾਂਦੇ ਪੌਸ਼ਟਿਕ ਅਨਾਜ, ਫ਼ਲ, ਸਬਜ਼ੀਆਂ ਤੋਂ ਸ਼ੁਰੂ ਹੋ ਕੇ ਅੱਜ ਕੱਲ੍ਹ ਰਸਾਇਣਕ ਖਾਦਾਂ ਤੇ ਕੈਮੀਕਲ ਸਪਰੇਆਂ ਦੀ ਭਾਰੀ ਵਰਤੋਂ ਨਾਲ ਤਿਆਰ ਕੀਤੀਆਂ ਜਾ ਰਹੀਆ ਇਨ੍ਹਾਂ ਜ਼ਹਿਰੀਲੀਆਂ ਚੀਜਾਂ-ਵਸਤਾਂ, ਪ੍ਰਦੂਸ਼ਤ ਪਾਣੀ ਅਤੇ ਪ੍ਰਦੂਸ਼ਤ ਮਿੱਟੀ ਦੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਹਰ ਤੀਜੇ-ਚੌਥੇ ਮਨੁੱਖ ਨੂੰ ਸ਼ੂਗਰ ਦੀ ਬੀਮਾਰੀ ਹੈ। ਲੋਕ ਘਰਾਂ ਵਿੱਚ ਕੋਕ, ਸੈਵਨ-ਅੱਪ, ਜਿੰਜਰੇਲ ਵਗ਼ੈਰਾ ਦੀ ਵਰਤੋਂ ਪਾਣੀ ਵਾਂਗ ਕਰਦੇ ਹਨ ਜੋ ਸ਼ੂਗਰ ਨੂੰ ਵਧਾਉਣ ਵਿੱਚ ਆਪਣਾ ਪੂਰਾ ‘ਯੋਗਦਾਨ’ ਪਾ ਰਹੇ ਹਨ। ਉਨ੍ਹਾਂ ਐਲੋਪੈਥਿਕ ਦਵਾਈਆਂ ਦੇ ‘ਸਾਈਡ-ਅਫੈਕਟਸ’, ਡਿਪਰੈੱਸ਼ਨ, ਪਿਛਲੀ ਉਮਰੇ ਭੁੱਲਣ ਵਾਲੀਆਂ ਬੀਮਾਰੀਆਂ ਡਿਮੈੱਨਸ਼ੀਆ ਤੇ ਐਲਜ਼ਾਈਮਰ, ਦਿਲ ਦੀ ਬੀਮਾਰੀ, ਹਾਰਟ ਸਟਰੋਕ ਆਦਿ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਠੀਕ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਖਾਣ ਵਾਲੇ ਤੇਲਾਂ ਦੀ ਮੁੜ-ਮੁੜ ਵਰਤੋਂ ਕਰਨ ਨਾਲ ਇਸ ਦੀ ਆਕਸੀਡੇਸ਼ਨ ਹੋ ਜਾਣ ਕਾਰਨ ਇਸ ਵਿੱਚ ਹੋਏ ਵਿਗਾੜ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਜਾਣੂੰ ਕਰਵਾਉਂਦਿਆਂ ਇਸ ਨੂੰ ਮੁੜ ਕੇ ਨਾ ਵਰਤਣ ਦੀ ਨਾ ਕੇਵਲ ਸਲਾਹ ਹੀ ਦਿੱਤੀ, ਸਗੋਂ ਸਬਜ਼ੀ-ਭਾਜੀ ਆਦਿ ਨੂੰ ਤੜਕਾ ਵਗ਼ੈਰਾ ਲਾਉਣ ਇਨ੍ਹਾਂ ਤੇਲਾਂ ਦੀ ਥਾਂ ਦੇਸੀ ਘਿਓ ਵਰਤਣ ਲਈ ਕਿਹਾ। ਉਨ੍ਹਾਂ ਅੰਡੇ ਵੀ ਜ਼ਰਦੀ ਸਮੇਤ ਖਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਸਰੀਰ ਵਿੱਚ ਕੋਲੈੱਸਟਰੋਲ ਦਾ ਬਹੁਤ ਜ਼ਿਆਦਾ ਵਾਧਾ ਨਹੀਂ ਹੁੰਦਾ, ਸਗੋਂ ਏਨਾ ਕੁ ਕੋਲੈੱਸਟਰੋਲ ਤਾਂ ਸਾਡੇ ਦਿਮਾਗ਼ ਨੂੰ ਲੋੜੀਂਦਾ ਵੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡੇ ਦਿਮਾਗ਼ ਦਾ ਬਹੁਤਾ ਹਿੱਸਾ ਕੋਲੈੱਸਟਰੋਲ ਦਾ ਬਣਿਆ ਹੋਇਆ ਹੈ ਅਤੇ ਇਸ ਦੀ ਘਾਟ ਕਾਰਨ ਭੁੱਲਣ ਵਾਲੀਆਂ ਬੀਮਾਰੀਆਂ ਡਿਮੈਨਸ਼ੀਆ ਤੇ ਐਲਜ਼ਾਈਮਰ ਅੱਜ ਕੱਲ੍ਹ ਤੇਜ਼ੀ ਨਾਲ ਵੱਧ ਰਹੀਆਂ ਹਨ ਜਦੋਂ ਕਿ ਪੰਜ ਕੁ ਦਹਾਕੇ ਪਹਿਲਾਂ ਇਨ੍ਹਾਂ ਬੀਮਾਰੀਆਂ ਦਾ ਨਾਮੋ-ਨਿਸ਼ਾਨ ਨਹੀਂ ਸੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਿਸ ਗਿਬਸਨ, ‘ਸਿੱਖ ਸਪੋਕਸਮੈਨ’ ਦੇ ਪ੍ਰਤੀਨਿਧੀਆਂ ਡਾ. ਸੁਖਦੇਵ ਸਿੰਘ ਝੰਡ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਵੀ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਅਤੇ ਹੋਰ ਮੈਂਬਰਾਂ ਨੂੰ ਅਜਿਹਾ ਸਾਰਥਕ ਜਾਗਰੂਕਤਾ ਲੈੱਕਚਰ ਕਰਵਾਉਣ ਲਈ ਵਧਾਈ ਦਿੱਤੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਲੈੱਕਚਰ ਕਰਵਾਉਂਦੇ ਰਹਿਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …