ਬਰੈਂਪਟਨ/ਡਾ. ਝੰਡ : ਫ਼ੋਨ ਰਾਹੀਂ ਪ੍ਰਾਪਤ ਇਕ ਸੂਚਨਾ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਵਾਰਡ ਨੰਬਰ 3-4 ਵਿਚ ਕਈ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦੀਆਂ ਅਤੇ ਇਹ ਅਤਿ-ਨਿੰਦਣਯੋਗ ਹਨ। ਪਤਾ ਲੱਗਾ ਹੈ ਕਿ ਰਾਤ ਦੇ ਸਮੇਂ ਕਈ ਸ਼ਰਾਰਤੀ ਅਨਸਰ ਇਨ੍ਹਾਂ ਚੋਣਾਂ ਵਿਚ ਖੜ੍ਹੇ ਕਈ ਉਮੀਦਵਾਰਾਂ ਦੇ ਸਾਈਨ-ਬੋਰਡ ਪੁੱਟ ਜਾਂਦੇ ਹਨ ਅਤੇ ਇਨ੍ਹਾਂ ਨੂੰ ਤਰੋੜ-ਮਰੋੜ ਕੇ ਉਜਾੜ ਥਾਵਾਂ ‘ਤੇ ਸੁੱਟ ਜਾਂਦੇ ਹਨ। ਜਿਉਂ-ਜਿਉਂ ਚੋਣਾਂ ਦਾ ਦਿਨ 22 ਅਕਤੂਬਰ ਨੇੜੇ ਆ ਰਿਹਾ ਹੈ, ਅਜਿਹੀਆਂ ਗ਼ਤੀਵਿਧੀਆਂ ਵਿਚ ਹੋਰ ਵੀ ਵਾਧਾ ਹੋਈ ਜਾ ਰਿਹਾ ਹੈ। ਅਜਿਹਾ ਕਰਨ ਨਾਲ ਨਾ ਸਿਰਫ਼ ਗ਼ਲਤ ਕਦਰਾਂ-ਕੀਮਤਾਂ ਦਾ ਸਹਾਰਾ ਲੈ ਕੇ ਕਈਆਂ ਉਮੀਦਵਾਰਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਗੋਂ ਇਸ ਦੇ ਨਾਲ ਸ਼ਹਿਰ ਦੇ ਖ਼ੂਬਸੂਰਤ ਵਾਤਾਵਰਣ ਨੂੰ ਵੀ ਗੰਦਾ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਏ, ਘੱਟ ਹੈ। ਖ਼ੂਬਸੂਰਤ ਸ਼ਹਿਰ ਬਰੈਂਪਟਨ ਜਿਸ ਨੂੰ ‘ਫ਼ਲਾਵਰ ਸਿਟੀ’ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਅਜਿਹੀਆਂ ਸ਼ਰਮਨਾਕ ਘਟਨਾਵਾਂ ਮਨੁੱਖੀ ਸਾਡੀਆਂ ਉੱਚ ਮਨੁੱਖੀ ਕਦਰਾਂ-ਕੀਮਤਾਂ ‘ਤੇ ਪ੍ਰਸ਼ਨ-ਚਿੰਨ ਲਗਾਉਂਦੀਆਂ ਹਨ। ਸਾਰੇ ਹੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮੱਰਥਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਕਿਸਮ ਦੀ ਨੀਵੀਂ ਸੋਚ ਨੂੰ ਛੱਡ ਕੇ ਉਚੇਰੀਆਂ ਮਨੁੱਖੀ ਕਦਰਾਂ-ਕੀਮਤਾਂ ਦਾ ਲੜ ਫੜਨ ਅਤੇ ਇਸ ਚੋਣ ਨੂੰ ਉੱਚ ਦਰਜੇ ਦੀ ਖੇਡ-ਭਾਵਨਾ ਨਾਲ ਲੜਨ ਦੀ ਕੋਸ਼ਿਸ਼ ਕਰਨ ਤਾਂ ਕਿ ਕਿਸੇ ਵੀ ਉਮੀਦਵਾਰ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ ਅਤੇ ਸ਼ਹਿਰ ਵਿਚ ਆਪਸੀ-ਮਿਲਵਰਤਣ ਤੇ ਸਦਭਾਵਨਾ ਦਾ ਮਾਹੌਲ ਬਣਿਆ ਰਹੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …