-1.8 C
Toronto
Wednesday, December 3, 2025
spot_img
Homeਕੈਨੇਡਾਬੀਸੀ ਸਰਕਾਰ ਦਾ ਸਾਊਥ ਏਸ਼ੀਅਨ ਮਿਊਜ਼ੀਅਮ ਵਿਵਾਦਾਂ ਦੇ ਘੇਰੇ 'ਚ

ਬੀਸੀ ਸਰਕਾਰ ਦਾ ਸਾਊਥ ਏਸ਼ੀਅਨ ਮਿਊਜ਼ੀਅਮ ਵਿਵਾਦਾਂ ਦੇ ਘੇਰੇ ‘ਚ

‘ਗਲਤ ਕਰਨ ਨਾਲੋਂ, ਨਾ ਕਰਨਾ ਚੰਗਾ ਹੈ’
ਬੀਸੀ ਸਰਕਾਰ, ਕੈਨੇਡਾ ਵੱਲੋਂ ‘ਸਾਊਥ ਏਸ਼ੀਅਨ ਮਿਊਜ਼ੀਅਮ’ ਬਾਰੇ ਲੱਖਾਂ ਡਾਲਰ ਕਰ-ਦਾਤਾਵਾਂ ਦਾ ਖਰਚ ਕੇ, ਤਿਆਰ ਕੀਤੀ ਗਈ ਰਿਪੋਰਟ ਬਾਹਰ ਆਈ ਹੈ, ਜਿਹੜੀ ਕੱਖੋਂ ਹੌਲੀ ਅਤੇ ਨਿਰਾਸ਼ ਕਰਨ ਵਾਲੀ ਹੈ। ਇਸ ਰਿਪੋਰਟ ਨੇ ਵਿਸ਼ੇਸ਼ ਕਰ ਸਿੱਖਾਂ ਦੀ ਪਛਾਣ ਨੂੰ ਨਾ ਸਿਰਫ ਰੋਲਿਆ ਹੈ, ਬਲਕਿ ਕੈਨੇਡਾ ਰਹਿੰਦੇ ਸਾਰੇ ਸਿੱਖਾਂ ਨੂੰ ਇੰਡੀਅਨ ਪਰਿਭਾਸ਼ਿਤ ਕੀਤਾ ਹੈ, ਜੋ ਕਿ ਆਪਣੇ ਆਪ ਵਿੱਚ ਗੁੰਮਰਾਹਕੁਨ ਜਾਣਕਾਰੀ ਹੈ। ਕੈਨੇਡਾ ਵਿੱਚ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ‘ਚੋਂ ਸਿੱਖ ਵੱਸਦੇ ਹਨ ਅਤੇ ਉਨ੍ਹਾਂ ਦੀ ਪਛਾਣ ਸਿੱਖ ਕੈਨੇਡੀਅਨ ਵਜੋਂ ਹੀ ਕੀਤੀ ਜਾ ਸਕਦੀ ਹੈ। ਸਾਊਥ ਏਸ਼ੀਅਨ (ਦੱਖਣੀ ਏਸ਼ੀਆਈ) ਨਾਂ ਕਿਉਂ ਨਹੀਂ ਮਨਜ਼ੂਰ? : ਪਹਿਲੀ ਗੱਲ, ਮਿਊਜ਼ੀਅਮ ਸਾਊਥ ਏਸ਼ੀਅਨ ਯਾਨੀ ਕਿ ਦੱਖਣੀ ਏਸ਼ੀਆਈ ਭਾਈਚਾਰੇ ਵਰਗੀ ਸ਼ਬਦਾਵਲੀ ਇਸ ਕਰਕੇ ਮਨਜ਼ੂਰ ਨਹੀਂ, ਕਿਉਂਕਿ ਇਹ ਖਿੱਤਾ ਤਾਂ ਹੋ ਸਕਦਾ ਹੈ, ਲੋਕਾਂ ਦੀ ਪਛਾਣ ਨਹੀਂ। ਵੱਖ-ਵੱਖ ਮੁਲਕਾਂ ਦੇ, ਵੱਖ-ਵੱਖ ਬੋਲੀਆਂ ਵਾਲੇ, ਇੱਕ ਦੂਜੇ ਤੋਂ ਹਟਵੇਂ ਸੱਭਿਆਚਾਰਾਂ ਅਤੇ ਇੱਕ ਦੂਜੇ ਦੇ ਝੱਲੇ ਸੰਤਾਪ ਵਾਲੇ ਲੋਕ, ਜੇ ਇਕੋ ਛੱਤ ਹੇਠ ਇਕ ਮਿਊਜ਼ੀਅਮ ਦੇ ਵਿੱਚ ਰੱਖੇ ਜਾਣਗੇ, ਤਾਂ ਇਸ ਤੋਂ ਵੱਡਾ ਰੋਲ ਘਚੋਲ ਕੀ ਹੋ ਸਕਦਾ ਹੈ? ਸੱਚ ਤਾਂ ਇਹ ਹੈ ਕਿ ਸਾਊਥ ਏਸ਼ੀਅਨ ਸ਼ਬਦ ਨਸਲਵਾਦੀ ਵਰਤਾਰੇ ਦਾ ਪ੍ਰਤੀਕ ਹੈ, ਜੋ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਹੋ ਸਕਦਾ।
ਇੰਡੀਅਨ ਮਿਊਜ਼ੀਅਮ (ਭਾਰਤੀ) ਨਾਂ ਕਿਉਂ ਨਹੀਂ ਮਨਜ਼ੂਰ? : ਦੂਜਾ, ਇੱਕ ਨਵੇਂ ਰੇਡੀਓ ਟਿੱਪਣੀਕਾਰ ਨੇ ਨਵੀਂ ਛਿੰਗੜੀ ਛੇੜਦਿਆਂ ਕਿਹਾ ਕਿ ਇੰਡੀਅਨ ਮਿਊਜ਼ੀਅਮ ਕਾਇਮ ਕੀਤਾ ਜਾਏ। ਭਲਾ ਪੁੱਛਣ ਵਾਲਾ ਹੋਵੇ ਕਿ ਮਿਊਜ਼ੀਅਮ ਵਿਰਾਸਤ ਅਤੇ ਇਤਿਹਾਸ ਦੀ ਪਛਾਣ ਹੁੰਦਾ ਹੈ। ਇੰਡੀਆ ਵਿੱਚ ਰਹਿੰਦੇ ਸਿੱਖਾਂ ਦੇ ਇਤਿਹਾਸ ਵਿੱਚ, 1984 ਤੋਂ ਲੈ ਕੇ ਲਗਾਤਾਰ ਜੋ ਦੁਖਾਂਤ ਵਾਪਰੇ ਹਨ, ਚਾਹੇ ਉਹ ਦਰਬਾਰ ਸਾਹਿਬ ‘ਤੇ ਹਮਲੇ ਦੀ ਗੱਲ ਹੋਵੇ ਜਾਂ ਫਿਰ ਸਿੱਖ ਨਸਲਕੁਸ਼ੀ ਦੀ ਗੱਲ ਹੋਵੇ, ਉਸ ਦੀ ਜਿੰਮੇਵਾਰ ਇੰਡੀਅਨ ਸਰਕਾਰ ਹੈ। ਕੀ ਇੰਡੀਅਨ ਮਿਊਜ਼ੀਅਮ ਦੀ ਮੰਗ ਕਰਨ ਵਾਲੇ ਇੰਡੀਅਨ ਸਰਕਾਰ ਵੱਲੋਂ ਘੱਟ ਗਿਣਤੀਆਂ ਅਤੇ ਕੀਤੇ ਜਾ ਰਹੇ ਜੁਰਮਾਂ ਨੂੰ ਪੇਸ਼ ਕਰਨ ਦੀ ਜੁਅਰਤ ਕਰਨਗੇ? ਜੇ ਨਹੀਂ ਤਾਂ ਫਿਰ ਇਹ ਭੰਬਲ ਭੂਸਾ ਕਿਉਂ?
ਸਿੱਖ ਜਾਂ ਪੰਜਾਬੀ ਮਿਊਜ਼ੀਅਮ ਨਾਂ ਰੱਖਣ ‘ਤੇ ਇਤਰਾਜ਼ ਕਿਸ ਦਾ ਅਤੇ ਕਿਉਂ? : ਜੇਕਰ ਕੈਨੇਡਾ ਵਿੱਚ ਪਿਛਲੇ ਸੌ-ਸਵਾ ਸੌ ਸਾਲ ਦਾ ਇਤਿਹਾਸ ਦੇਖੋ, ਤਾਂ ਇਸ ਵਿੱਚ ਜ਼ਿਆਦਾਤਰ ਪ੍ਰਵਾਸੀ ਭਾਈਚਾਰਿਆਂ ‘ਚੋਂ ਸਿੱਖਾਂ ਅਤੇ ਪੰਜਾਬੀਆਂ ਦੀ ਵੱਡੀ ਦੇਣ ਹੈ, ਚਾਹੇ ਗੱਲ ਨਸਲਵਾਦ ਖਿਲਾਫ ਲੜਾਈ ਦੀ ਹੋਵੇ, ਬਸਤੀਵਾਦ ਵਿਰੁੱਧ ਸੰਘਰਸ਼ ਦੀ ਹੋਵੇ ਜਾਂ ਕੈਨੇਡਾ ਦੀ ਕੁੱਲ ਤਰੱਕੀ ‘ਚ ਯੋਗਦਾਨ ਦੀ ਹੋਵੇ। ਫਿਰ ਸਿੱਖ ਜਾਂ ਪੰਜਾਬੀ ਮਿਊਜ਼ੀਅਮ ਨਾਂ ਰੱਖਣ ‘ਤੇ ਇਤਰਾਜ਼ ਕਿਉਂ? ਦਿਲਚਸਪ ਗੱਲ ਇਹ ਹੈ ਕਿ ਪਹਿਲਾਂ ‘ਸਿੱਖ’ ਸ਼ਬਦ ਸਥਾਨਕ ਯੂਨੀਵਰਸਿਟੀ ਵਿੱਚ ਵੀ ਚੇਅਰ ਲਈ ਹੋਣਾ ਸੀ, ਪਰ ਸਾਡੇ ਵਿੱਚੋਂ ਹੀ ਬਹੁਤੇ ਪੜਿਆਂ-ਲਿਖਿਆਂ ਕਾਬਜ਼ ਲੋਕਾਂ ਨੇ ‘ਸਿੱਖ’ ਹਟਾ ਕੇ, ‘ਪੰਜਾਬੀ’ ਤੇ ਫਿਰ ‘ਪੰਜਾਬੀ’ ਹਟਾ ਕੇ ‘ਸਾਊਥ ਏਸ਼ੀਅਨ’ ਯਾਨੀ ਕਿ ਦੱਖਣੀ ਏਸ਼ੀਆਈ ਕਰਾਇਆ।
ਮਿਊਜ਼ੀਅਮ ਦਾ ਮਕਸਦ : ਪਛਾਣ ਅਤੇ ਇਤਿਹਾਸ ਦਰਸਾਉਣਾ ਜਾਂ ਮਿਟਾਉਣਾ? : ਹੁਣ 100 ਮਿਲੀਅਨ ਡਾਲਰਾਂ ਦੀ ਫੰਡਿੰਗ ਦਾ ਰੋਲ ਘਚੋਲ ਪਾ ਕੇ, ਇਹੋ ਜਿਹਾ ਮਿਊਜ਼ੀਅਮ ਕਾਇਮ ਕਰਨਾ, ਜਿਹੜਾ ਕਿ ਸਾਡੀ ਪਛਾਣ ਬਣਾਉਣ ਦੀ ਥਾਂ ਸਾਡੀ ਪਛਾਣ ਨੂੰ ਗਵਾਉਣ ਵਿੱਚ ਜਿਆਦਾ ਰੋਲ ਅਦਾ ਕਰੇਗਾ, ਇਸ ਦੀ ਲੋੜ ਕੀ ਹੈ? ਜਦੋਂ ਕੈਨੇਡਾ ਵਿੱਚ ਟਰਾਂਸ-ਨੈਸ਼ਨਲ ਰਪਰੈਸ਼ਨ ਅਤੇ ਇੰਡੀਅਨ ਇੰਟਰਫੇਅਰੈਂਸ ਦਾ ਮਾਮਲਾ ਸਿਖਰਾਂ ‘ਤੇ ਹੋਵੇ, ਉਸ ਵੇਲੇ ਅਜਿਹਾ ਭੰਬਲਭੂਸਾ ਹੋਰ ਵੀ ਖਤਰਨਾਕ ਸਾਬਤ ਹੋਣ ਦਾ ਖਦਸ਼ਾ ਹੈ।
ਆਪਣੇ ਲਈ ਫੰਡਿੰਗ ਲੈਂਡ ਵਾਲਿਆਂ ਨੂੰ ਚੋਣ ਕਮੇਟੀਆਂ ਰੱਖਣ ‘ਤੇ ਕਿਉਂ ਹੈ ਇਤਰਾਜ਼? : ਜੇਕਰ ਸੱਚਮੁੱਚ ਬੀਸੀ ਸਰਕਾਰ ਨੇ ਅਜਿਹਾ ਕੋਈ ਮਿਊਜੀਅਮ ਬਣਾਉਣਾ ਹੈ, ਤਾਂ ਪਹਿਲਾਂ ਸਲਾਹਕਾਰ ਕਮੇਟੀਆਂ ‘ਚੋਂ ਉਹ ਲੋਕ ਕੱਢੋ, ਜਿਹੜੇ ਮਿਊਜ਼ਮੀਆਂ ‘ਚ ਨੌਕਰੀਆਂ ਵੀ ਕਰਦੇ ਹਨ ਅਤੇ ਫੈਸਲਾ ਲੈਣ ਵਾਲੇ ਵੀ ਹਨ। ਇਹ ਤਾਂ ਉਹ ਗੱਲ ਹੋਈ ਕਿ ਜਿਨ੍ਹਾਂ ਦੀ ਲੌਟਰੀ ਕੱਢਣੀ ਹੈ, ਉਹੀ ਲੌਟਰੀ ਵੇਚਣ ਵਾਲਿਆਂ ਵਿੱਚ ਸ਼ਾਮਿਲ ਹੋਣ। ਇਸ ਲੇਖ ਨਾਲ ਨੱਥੀ ਦਸਤਾਵੇਜ਼ਾਂ ‘ਚੋਂ ਇਹ ਗੱਲ ਜਿਆਦਾ ਸਪਸ਼ਟ ਹੋ ਜਾਵੇਗੀ। ਫੰਡਿੰਗਾਂ ਲੈਣ ਲਈ ਨਾਮਧਰੀਕ ਸੰਸਥਾਵਾਂ ਬਣਾ ਕੇ ਜੋ ਘਪਲੇਬਾਜ਼ੀ ਹੋ ਰਹੀ ਹੈ, ਉਹ ਹੁਣ ਕਿਸੇ ਤੋਂ ਲੁਕੀ ਛਪੀ ਨਹੀਂ।
ਮਿਊਜ਼ੀਅਮ ਬਣਾਉਣਾ ਹੈ, ਤਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ‘ਤੇ ਬਣੇ : ਸਿਖਰਲੀ ਗੱਲ ਕਿ ਕੈਨੇਡਾ ‘ਚ ਨਸਲਵਾਦ ਤੇ ਬਸਤੀਵਾਦ ਖਿਲਾਫ ਸੰਘਰਸ਼ ਕਰਨ ਵਾਲੇ ਮੋਢੀ ਵਿਅਕਤੀ ਕੌਣ ਹਨ? ਜੇਕਰ ਬੀਸੀ ਸਰਕਾਰ ਨੇ ਮਿਊਜ਼ੀਅਮ ਕਾਇਮ ਕਰਨਾ ਹੀ ਹੈ, ਤਾਂ ਉਹਨਾਂ ਦੇ ਨਾਂ ‘ਤੇ ਕਾਇਮ ਕਰੇ। ਉਹਨਾਂ ਦੇ ਵਿੱਚੋਂ ਇੱਕ ਨਾਂ ਸੁਝਾਅ ਵਾਸਤੇ ਹੈ : ਸ਼ਹੀਦ ਮੇਵਾ ਸਿੰਘ ਲੋਪੋਕੇ। ਮਿਊਜ਼ੀਅਮ ਬਣਾਉਣਾ ਹੈ, ਤਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੇ ਨਾਂ ‘ਤੇ ਬਣੇ! ਉਹ ਮਹਾਨ ਸ਼ਹੀਦ, ਜਿਸ ਨੇ ਕੈਨੇਡਾ ‘ਚੋਂ ਨਸਲਵਾਦ ਦੀ ਜੜ ਪੁੱਟੀ। ਜਿਹੜਾ ਕੈਨੇਡਾ ਦੇ ਬਹੁਤ ਸੱਭਿਆਚਾਰਕ ਢਾਂਚੇ ਦਾ ਪਹਿਲਾ ਸ਼ਹੀਦ ਹੈ। ਜਿਸ ਸਦਕਾ ਕੈਨੇਡਾ ਦੀ ਵਿਭਿੰਨਤਾ ਤੇ ਬਹੁਸੱਭਿਆਚਾਰਕਤਾ ਨੂੰ ਚਾਰ ਚੰਨ ਲੱਗੇ ਹਨ। ਉਸ ਮਹਾਨ ਯੋਧੇ ਦੇ ਨਾਂ ‘ਤੇ ਬਣਿਆ ਮਿਊਜ਼ੀਅਮ ਸਦੀਵੀ ਮਾਰਗ ਦਰਸ਼ਨ ਕਰਦਾ ਰਹੇਗਾ!

RELATED ARTICLES
POPULAR POSTS