ਬਰੈਂਪਟਨ ਸਿਟੀ ਕੌਂਸਲ ਦਾ ਅਹਿਮ ਫੈਸਲਾ – ਐਫਡੀਆਈ ਆਕਰਸ਼ਿਤ ਕਰਨ, ਪਾਰਕਾਂ ਦਾ ਢਾਂਚਾਗਤ ਵਿਕਾਸ ਅਤੇ ਆਵਾਜਾਈ ‘ਤੇ ਹੋਏਗਾ ਖਰਚ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕੌਂਸਲ ਨੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ, ਆਵਾਜਾਈ ਮਜ਼ਬੂਤ ਕਰਨ ਅਤੇ ਪਾਰਕਾਂ ਦੇ ਢਾਂਚਾਗਤ ਵਿਕਾਸ ਲਈ ਸਾਲ 2018 ਦੇ ਸਰਪਲੱਸ ਬਜਟ ਵਿੱਚੋਂ 20 ਫੀਸਦੀ (25 ਮਿਲੀਅਨ ਡਾਲਰ) ਮੁੜ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕੌਂਸਲ ਨੇ ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਸਟਾਫ ਤੋਂ ਇਸ ਨੂੰ ਲਾਗੂ ਕਰਕੇ 1 ਅਪ੍ਰੈਲ ਨੂੰ ਰਿਪੋਰਟ ਮੰਗੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਲਗਪਗ 5 ਮਿਲੀਅਨ ਡਾਲਰ ਤਿੰਨ ਅਹਿਮ ਹਿੱਸਿਆਂ ‘ਤੇ ਖਰਚੇ ਜਾਣਗੇ ਜਿਸ ਵਿੱਚ ਬਰੈਂਪਟਨ ਵਿੱਚ ਵਿਦੇਸ਼ੀ ਨਿਵੇਸ਼ ਨੂੰ ਹੁਲਾਰਾ ਦੇਣ ਲਈ ‘ਸਿੱਧਾ ਵਿਦੇਸ਼ੀ ਨਿਵੇਸ਼’ ਰਣਨੀਤੀ ‘ਤੇ 1.875 ਮਿਲੀਅਨ ਡਾਲਰ, ਪੈਦਲ, ਦੌੜਨ ਅਤੇ ਸਾਈਕਲ ਮਾਰਗਾਂ ਦੇ ਵਿਕਾਸ ਲਈ 1.875 ਮਿਲੀਅਨ ਡਾਲਰ ਅਤੇ ‘ਪਾਰਕ ਵਿਸਥਾਰ ਫੰਡ’ ਰਾਹੀਂ 1.25 ਮਿਲੀਅਨ ਡਾਲਰ ਨਾਲ ਸ਼ਹਿਰ ਦੀਆਂ ਪਾਰਕਾਂ ਅਤੇ ਉਪਕਰਨਾਂ ਵਿੱਚ ਸੁਧਾਰ ਕੀਤਾ ਜਾਏਗਾ। ਬਾਕੀ ਬਚਿਆ 80 ਫੀਸਦੀ ਜਾਂ 20 ਮਿਲੀਅਨ ਡਾਲਰ ਰਿਜਰਵ ਖਾਤਿਆਂ ਵਿੱਚ ਵਾਪਸ ਕੀਤਾ ਜਾਏਗਾ। ਢਿੱਲੋਂ ਨੇ ਕਿਹਾ ਕਿ ਆਰਥਿਕ ਵਿਕਾਸ ਕਮੇਟੀ ਦੇ ਮੁਖੀ ਦੇ ਤੌਰ ‘ਤੇ ਉਨ੍ਹਾਂ ਦਾ ਟੀਚਾ ਨੌਕਰੀਆਂ ਦੀ ਸਿਰਜਣਾ ਲਈ ਹਰ ਸੰਭਵ ਯਤਨ ਕਰਨਾ ਅਤੇ ਆਰਥਿਕਤਾ ਦਾ ਵਿਕਾਸ ਕਰਨਾ ਯਕੀਨੀ ਬਣਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐੱਫਡੀਆਈ ਨੂੰ ਆਕਰਸ਼ਿਤ ਕਰਨ ਲਈ ਕੌਂਸਲ ਵੱਲੋਂ ਲਿਆ ਗਿਆ ਫੈਸਲਾ ਸਾਨੂੰ ਹੋਰ ਸਫਲ ਸ਼ਹਿਰਾਂ ਦੀਆਂ ਰਣਨੀਤੀਆਂ ਨਾਲ ਤਾਲਮੇਲ ਕਰਨ ਲਈ ਪ੍ਰੇਰਿਤ ਕਰੇਗਾ।
ਰਿਜਨਲ ਕੌਂਸਲਰ ਪਾਲ ਵਿਸੇਂਟੇ ਨੇ ਕਿਹਾ ਕਿ ਉਨ੍ਹਾਂ ਲਈ ਨੌਕਰੀਆਂ ਦੀ ਸਿਰਜਣਾ ਅਤੇ ਵਿਦੇਸ਼ੀ ਨਿਵੇਸ਼ ਲਈ ਸ਼ਹਿਰ ਨੂੰ ਜ਼ਿਆਦਾ ਆਕਰਸ਼ਕ ਬਣਾਉਣਾ ਮਹੱਤਵਪੂਰਨ ਹੈ। ਇਸ ਰਾਹੀਂ ਉਹ ਆਰਥਿਕ ਵਿਕਾਸ ਲਈ ਨਵਾਂ ਆਧਾਰ ਤਿਆਰ ਕਰ ਰਹੇ ਹਨ। ਰਿਜਨਲ ਕੌਂਸਲਰ ਰੋਵੇਨਾ ਸੈਂਟੋਸ ਅਤੇ ਮੇਅਰ ਪੈਟਰਿਕ ਬਰਾਊਨ ਨੇ ਵੀ ਕੌਂਸਲ ਵੱਲੋਂ ਲਏ ਗਏ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …