Breaking News
Home / ਕੈਨੇਡਾ / ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸਿੱਖਾਂ ਖਿਲਾਫ ਨਸਲੀ ਪੋਸਟਰ ਲਾਏ ਜਾਣ ਦਾ ਡਬਲਿਊਐਸਓ ਵੱਲੋਂ ਵਿਰੋਧ

ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸਿੱਖਾਂ ਖਿਲਾਫ ਨਸਲੀ ਪੋਸਟਰ ਲਾਏ ਜਾਣ ਦਾ ਡਬਲਿਊਐਸਓ ਵੱਲੋਂ ਵਿਰੋਧ

logo-2-1-300x105-3-300x105ਐਡਮਿੰਟਨ : ਇਮੀਗ੍ਰੇਸ਼ਨ ਵਾਚ ਕੈਨੇਡਾ ਗਰੁੱਪ ਵੱਲੋਂ ਯੂਨੀਵਰਸਿਟੀ ਆਫ ਅਲਬਰਟਾ ਵਿਖੇ ਨਸਲੀ ਪੋਸਟਰ ਵੰਡੇ ਜਾਣ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊਐਸਓ) ਵੱਲੋਂ ਨਿਖੇਧੀ ਕੀਤੀ ਗਈ ਹੈ।
ਇਨ੍ਹਾਂ ਪੋਸਟਰਾਂ ਵਿੱਚ ਇੱਕ ਪਗੜੀਧਾਰੀ ਸਿੱਖ ਵਿਅਕਤੀ ਦੀ ਤਸਵੀਰ ਲਾਈ ਗਈ ਹੈ ਤੇ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਲਿਖਿਆ ਗਿਆ ਹੈ ਕਿ ਜੇ ਤੁਹਾਨੂੰ ਆਪਣੀ ਤੀਜੀ ਦੁਨੀਆ ਦੇ ਸੱਭਿਆਚਾਰ ਨਾਲ ਐਨਾ ਹੀ ਪਿਆਰ ਹੈ ਤਾਂ ਉੱਥੇ ਹੀ ਵਾਪਿਸ ਕਿਉਂ ਨਹੀਂ ਚਲੇ ਜਾਂਦੇ ਜਿੱਥੋਂ ਤੁਸੀਂ ਆਏ ਹੋ। ਇਸ ਤਰ੍ਹਾਂ ਦੇ ਦਰਜਨਾਂ ਪੋਸਟਰ ਯੂਨੀਵਰਸਿਟੀ ਆਫ ਅਲਬਰਟਾ ਦੇ ਕੈਂਪਸ ਵਿੱਚ ਲਾਏ ਗਏ ਸਨ ਪਰ ਬਾਅਦ ਵਿੱਚ ਕੈਂਪਸ ਦੀ ਸਕਿਊਰਿਟੀ ਵੱਲੋਂ ਇਨ੍ਹਾਂ ਨੂੰ ਉਤਾਰ ਦਿੱਤਾ ਗਿਆ। ਇਨ੍ਹਾਂ ਪੋਸਟਰਾਂ ਉੱਤੇ ਇੱਕ ਵੈੱਬਸਾਈਟ ਦਾ ਲਿੰਕ ਵੀ ਦਿੱਤਾ ਗਿਆ ਹੈ। ਇਸ ਗਰੁੱਪ ਵੱਲੋਂ ਇਸੇ ਤਰ੍ਹਾਂ ਦੇ ਪੋਸਟਰ 2014 ਵਿੱਚ ਟੋਰਾਂਟੋ ਦੀ ਯੌਰਕ ਯੂਨੀਵਰਸਿਟੀ ਤੇ ਬਰੈਂਪਟਨ ਵਿੱਚ ਵੀ ਲਾਏ ਗਏ ਸਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊਐਸਓ) ਦੇ ਅਲਬਰਟਾ ਲਈ ਵਾਈਸ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਅਸੀਂ ਯੂਨੀਵਰਸਿਟੀ ਆਫ ਅਲਬਰਟਾ ਨਾਲ ਇਸ ਬਾਬਤ ਗੱਲਬਾਤ ਕਰ ਰਹੇ ਹਾਂ ਤੇ ਸਾਨੂੰ ਯੂਨੀਵਰਸਿਟੀ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਿੱਥੇ ਵੀ ਇਹ ਪੋਸਟਰ ਨਜ਼ਰ ਆ ਰਹੇ ਹਨ ਉੱਥੋਂ ਇਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ।  ਸਿੱਧੂ ਨੇ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਨਸਲੀ ਪੋਸਟਰ ਕੈਨੇਡਾ ਦੀ ਅਸਲ ਤਸਵੀਰ ਪੇਸ਼ ਨਹੀਂ ਕਰਦੇ ਤੇ ਸਾਨੂੰ ਇਹ ਵੀ ਪਤਾ ਹੈ ਕਿ ਯੂਨੀਵਰਸਿਟੀ ਆਫ ਅਲਬਰਟਾ ਤੇ ਐਡਮੰਟਨ ਕਮਿਊਨਿਟੀ ਸਿੱਖ ਕੈਨੇਡੀਅਨਾਂ ਦੇ ਨਾਲ ਇੱਕਜੁੱਟ ਹੈ ਤੇ ਇਸ ਤਰ੍ਹਾਂ ਦੇ ਗਲਤ ਸੁਨੇਹਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ। ਡਬਲਿਊਐਸਓ ਦੇ ਪ੍ਰੈਜ਼ੀਡੈਂਟ ਮੁਖਬੀਰ ਸਿੰਘ ਨੇ ਆਖਿਆ ਕਿ ਇਸ ਤਰ੍ਹਾਂ ਦੇ ਹੀ ਪੋਸਟਰ ਦੋ ਸਾਲ ਪਹਿਲਾਂ ਓਨਟਾਰੀਓ ਵਿੱਚ ਲੱਗੇ ਸਨ ਤੇ ਇਨ੍ਹਾਂ ਰਾਹੀਂ ਮਾੜੀ ਸੋਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਆਖਿਆ ਕਿ ਪੋਸਟਰਾਂ ਉੱਤੇ ਪ੍ਰਗਟਾਏ ਵਿਚਾਰਾਂ ਦੇ ਬਾਵਜੂਦ ਸਿੱਖ ਕੈਨੇਡੀਅਨ ਕਮਿਊਨਿਟੀ ਦਾ ਅਨਿੱਖੜਵਾਂ ਅੰਗ ਹਨ ਤੇ ਸਾਨੂੰ ਮਾਣ ਹੈ ਕਿ ਬਹੁਤ ਸਾਰੇ ਪਗੜੀਧਾਰੀ ਸਿੱਖ ਕੈਨੇਡਾ ਦੀ ਫੈਡਰਲ ਕੈਬਨਿਟ, ਹਥਿਆਰਬੰਦ ਸੈਨਾਵਾਂ ਤੇ ਹੋਰਨਾਂ ਅਹਿਮ ਖੇਤਰਾਂ ਦਾ ਹਿੱਸਾ ਹਨ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …