Breaking News
Home / ਕੈਨੇਡਾ / ਦਿੱਲੀ ਹਵਾਈ ਅੱਡੇ ਅੰਦਰ ਕੋਵਿਡ ਟੈਸਟ ਬਾਰੇ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਲਾਗੂ

ਦਿੱਲੀ ਹਵਾਈ ਅੱਡੇ ਅੰਦਰ ਕੋਵਿਡ ਟੈਸਟ ਬਾਰੇ ਕੈਨੇਡਾ ਸਰਕਾਰ ਦੇ ਨਵੇਂ ਨਿਯਮ ਲਾਗੂ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਵਲੋਂ ਕੋਵਿਡ ਟੈਸਟ ਰਿਪੋਰਟ ਬਾਰੇ ਭਾਰਤ ਤੋਂ ਮੁਸਾਫਰਾਂ ਦੀ ਸਹੂਲਤ ਲਈ ਲੰਘੀ 28 ਜਨਵਰੀ ਨੂੰ ਐਲਾਨੇ ਨਵੇਂ ਨਿਯਮ ਦਿੱਲੀ ਵਿਖੇ ਹਵਾਈ ਅੱਡੇ ਅੰਦਰ ਲਾਗੂ ਹੋਣ ਦੀ ਖਬਰ ਮਿਲ ਰਹੀ ਹੈ। ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਆਵਾਜਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਹਫਤੇ ਕੋਵਿਡ ਟੈਸਟ ਬਾਰੇ ਭਾਰਤੀ ਯਾਤਰੀਆਂ ਬਾਰੇ 28 ਜਨਵਰੀ ਨੂੰ ਨਵੇਂ ਨਿਯਮ ਲਾਗੂ ਕਰਨ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸਦੇ ਬਾਵਜੂਦ ਦਿੱਲੀ ਤੋਂ ਕੈਨੇਡਾ ਪੁੱਜ ਰਹੇ ਲੋਕ ਸ਼ਿਕਾਇਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਦਿੱਲੀ ਹਵਾਈ ਅੱਡੇ ਅੰਦਰ ਨਵੇਂ ਸਿਰੇ ਤੋਂ ਟੈਸਟ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਅੰਦਰ ਬਣੀ ਲੈਬਾਰਟਰੀ ਦੀ ਟੈਸਟ ਰਿਪੋਰਟ ਦੀ ਜ਼ਰੂਰਤ ਨਹੀਂ ਅਤੇ ਹੁਣ ਲੰਘੇ ਦਿਨਾਂ ਤੋਂ ਮੈਡੀਕਲ ਐਸੋਸੀਏਸ਼ਨ ਆਫ ਇੰਡੀਆ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਤੋਂ ਕੈਨੇਡਾ ਦੀ ਉਡਾਣ ਤੋਂ 72 ਘੰਟਿਆਂ ਅੰਦਰ ਕਰਵਾਏ ਟੈਸਟ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਵਲੋਂ ਜਹਾਜ਼ ਬਦਲੇ ਜਾਣ ਵਾਲੇ ਕਿਸੇ ਦੇਸ਼ ਤੋਂ (ਟ੍ਰਾਂਜਿਟ ‘ਚ) ਕੋਵਿਡ ਦਾ ਨਵਾਂ ਟੈਸਟ ਕਰਾਉਣ ਦੀ ਸ਼ਰਤ ਵੀ ਖਤਮ ਕਰ ਦਿੱਤੀ ਹੈ ਜਿਸ ਨਾਲ ਕੈਨੇਡਾ ਅਤੇ ਭਾਰਤ ਵਿਚ ਵੱਡੀ ਤਦਾਦ ‘ਚ ਭਾਰਤੀ ਭਾਈਚਾਰਿਆਂ ਨੂੰ ਰਾਹਤ ਮਿਲੀ ਹੈ। ਟੋਰਾਂਟੋ ਵਿਖੇ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰੀਕ ਨੇ ਵੀ ਦੱਸਿਆ ਕਿ ਕੈਨੇਡਾ ਸਰਕਾਰ ਦਾ ਇਹ ਫੈਸਲਾ ਸਲਾਹੁਣਯੋਗ ਹੈ ਕਿਉਂਕਿ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਉਪਰ ਕੈਨੇਡਾ ਸਰਕਾਰ ਵਲੋਂ ਕੋਵਿਡ ਬਾਰੇ ਲਾਗੂ ਕੀਤੇ ਗਏ ਨਿਯਮਾਂ ਨਾਲ਼ ਕਈ ਮਹੀਨਿਆਂ ਤੋਂ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …