ਪੰਜਾਬ ‘ਚ ਇਸ ਵਾਰ ਸਮੀਕਰਣ ਬਦਲਣ ਦੇ ਬਣੇ ਅਸਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 10 ਮਾਰਚ ਨੂੰ ਨਤੀਜੇ ਆਉਣਗੇ। ਇਸ ਵਾਰ ਪੰਜਾਬ ਵਿਚ ਸਿਆਸੀ ਸਮੀਕਰਣ ਬਦਲਣ ਦੇ ਅਸਾਰ ਹਨ।
ਪੰਜਾਬ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਅਤੇ ਭਾਜਪਾ ਗਠਜੋੜ ਦਰਮਿਆਨ ਚਹੁੰ ਕੋਣਾ ਮੁਕਾਬਲਾ ਹੋਵੇਗਾ। ਇਸ ਵਾਰ ਭਗਵੰਤ ਮਾਨ ਵਰਗੇ ਆਗੂਆਂ ਦਾ ਉਤਸ਼ਾਹ ਸਿਖਰ ‘ਤੇ ਹੈ ਤੇ ਕੈਪਟਨ ਅਮਰਿੰਦਰ ਵਰਗੇ ਸੀਨੀਅਰ ਆਗੂਆਂ ਦੀ ਦਹਾੜ ਗਾਇਬ ਹੀ ਦਿਸੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਹਾੜ ਚੋਣ ਰੈਲੀਆਂ ਤੇ ਪ੍ਰਚਾਰ ਵਿਚ ਸੁਣੀ ਨਹੀਂ ਗਈ। ਰੈਲੀਆਂ ਵਿਚ ਉਹ ਪੰਜਾਬ ਦੇ ਸਰਹੱਦੀ ਸੂਬਾ ਹੋਣ ਦਾ ਮੁੱਦਾ ਚੁੱਕ ਕੇ ਸੁਰੱਖਿਆ ਦੀ ਗੱਲ ਕਰਦੇ ਹਨ। ਇਸ ਵਾਰ ਉਨ੍ਹਾਂ ਦਾ ਅੰਦਾਜ਼ ਵੱਖਰਾ ਰਿਹਾ। ਸੂਬੇ ਦੇ ਵੋਟਰ ਉਨ੍ਹਾਂ ਨੂੰ ‘ਖੂੰਡਾ ਖੜਕਾਉਣ’ ਵਾਲੇ ਸਿਆਸਤਦਾਨ ਵਜੋਂ ਵੇਖਦੇ ਹਨ। ਇਸ ਵਾਰ ਉਨ੍ਹਾਂ ਦੇ ਭਾਸ਼ਣਾਂ ਵਿਚ ਉਹ ਧਾਰ ਨਜ਼ਰ ਨਹੀਂ ਆਈ। ਕੈਪਟਨ ਪਿਛਲੀਆਂ ਚੋਣਾਂ ਵਿਚ ਆਪਣੇ ਧਾਰਦਾਰ ਭਾਸ਼ਣਾਂ ਸਦਕਾ ਲੋਕਾਂ ਵਿਚ ਭਰੋਸਾ ਬਣਾ ਗਏ ਸਨ ਅਤੇ 117 ਵਿੱਚੋਂ 77 ਸੀਟਾਂ ਜਿੱਤਣ ਪਿੱਛੇ ਇਹੀ ਢੰਗ ਕੰਮ ਕਰ ਰਿਹਾ ਸੀ।
ਇਸ ਵਾਰ ਕੈਪਟਨ ਨੇ ਸਿਰਫ ਅਕਸ ਨਹੀਂ ਬਦਲਿਆ ਸਗੋਂ ਕਈ ਸਟਾਰ ਪ੍ਰਚਾਰਕ ਅਕਸ ਬਦਲਦੇ ਨਜ਼ਰ ਆ ਰਹੇ ਹਨ। ਇਨ੍ਹਾਂ ਵਿੱਚੋਂ ਇਕ ਆਮ ਆਦਮੀ ਪਾਰਟੀ ਦਾ ਉਮੀਦਵਾਰ ਭਗਵੰਤ ਮਾਨ ਹੈ। ਭਗਵੰਤ ਅਕਸਰ ਰੈਲੀਆਂ ਵਿਚ ਕਾਮੇਡੀ ਢੰਗ ਨਾਲ ਵਿਅੰਗ ਕਰ ਕੇ ਵਿਰੋਧੀਆਂ ਨੂੰ ਢਾਹੁੰਦੇ ਰਹੇ ਹਨ। 2014 ਦੀਆਂ ਸੰਸਦੀ ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਤਾਸ਼ ਦੇ ਪੱਤਿਆਂ ਦੇ ਨਾਂ ‘ਤੇ ਵਿਰੋਧੀਆਂ ਦੇ ਨਾਂ ਰੱਖੇ ਸਨ। ਉਹ ਵਿਸ਼ੇਸ਼ ਅੰਦਾਜ਼ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਅਹੁਦੇਦਾਰਾਂ ‘ਤੇ ਵਾਰ ਕਰਦੇ ਸਨ। ਉਨ੍ਹਾਂ ਦਾ ਅਕਸ ਕਾਮੇਡੀਅਨ ਆਗੂ ਦਾ ਬਣ ਗਿਆ ਸੀ। ਫਿਰ ਜਦੋਂ ਪਾਰਟੀ ਨੇ ਮੁੱਖ ਮੰਤਰੀ ਚਿਹਰਾ ਬਣਾਇਆ ਤਾਂ ਉਨ੍ਹਾਂ ਨੇ ਅੰਦਾਜ਼ ਬਦਲ ਦਿੱਤਾ।
ਪਿਛਲੇ ਦਿਨੀਂ ਜਦੋਂ ਉਹ ਧੂਰੀ ਵਿਧਾਨ ਸਭਾ ਦੇ 21 ਪਿੰਡਾਂ ‘ਚ ਰੋਡ ਸ਼ੋਅ ਕਰ ਰਹੇ ਸਨ ਤਾਂ ਈਸੜਾ ਪਿੰਡ ਦੇ ਲੋਕਾਂ ਨੂੰ ਕਿਹਾ, ”ਇਸ ਵਾਰ ਆਪਣੀ ਕਿਸਮਤ ਖ਼ੁਦ ਲਿਖ ਲੈਣਾ, ਇਹ ਕਲਮ ਕਿਸੇ ਹੋਰ ਨੂੰ ਨਾ ਦੇਣਾ।” ਉਹ ਲੋਕਾਂ ਨੂੰ ਇਹ ਦੱਸਣਾ ਵੀ ਨਹੀਂ ਭੁੱਲਦੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਾਲੀ ਦੇ ਪੁੱਤ ਤੋਂ 3 ਮਹੀਨਿਆਂ ਦੌਰਾਨ 10 ਕਰੋੜ ਰੁਪਏ ਮਿਲੇ ਹਨ। ਜੇ ਪੰਜ ਸਾਲ ਰਹਿ ਜਾਂਦੇ ਤਾਂ ਵੇਖ ਲਓ, ਕਿੰਨੇ ਨਿਕਲਣੇ ਸਨ।
ਨਵਜੋਤ ਸਿੱਧੂ ਨੂੰ ਜਦੋਂ ਸਪੱਸ਼ਟ ਹੋ ਗਿਆ ਕਿ ਉਹ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਨਹੀਂ ਹਨ ਤਾਂ ਉਹ ਚੁੱਪ ਕਰ ਗਏ। 2017 ਦੀਆਂ ਚੋਣਾਂ ਵਿਚ ਸਿਰਫ਼ ਦਸ ਦਿਨਾਂ ਵਿਚ 70 ਰੈਲੀਆਂ ਕਰਨ ਵਾਲੇ ਸਿੱਧੂ ਲੰਘੇ 15 ਦਿਨਾਂ ਵਿਚ ਆਪਣੇ ਹਲਕੇ ਵਿਚ ਸੀਮਤ ਹੋ ਕੇ ਰਹਿ ਗਏ। ਉਹ ਉਦੋਂ ਹੀ ਘਰੋਂ ਨਿਕਲਦੇ ਹਨ ਜਦੋਂ ਕੋਈ ਵੱਡਾ ਲੀਡਰ ਆਇਆ ਹੋਵੇ। ਧੂਰੀ ਵਿਚ ਪ੍ਰਿਅੰਕਾ ਗਾਂਧੀ ਦੀ ਰੈਲੀ ਵਿਚ ਉਹ ਆਏ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਨਾਂਹ ਕਰ ਦਿੱਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …