ਓਟਵਾ : ਨਾਈਕੀ ਵੱਲੋਂ ਸਥਾਈ ਤੌਰ ਉੱਤੇ ਹਾਕੀ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਸਪਾਂਸਰਸ਼ਿਪ ਖ਼ਤਮ ਕਰ ਦਿੱਤੀ ਗਈ ਹੈ। ਕਥਿਤ ਜਿਨਸੀ ਹਮਲਿਆਂ ਤੇ ਅਜਿਹੇ ਮਾਮਲਿਆਂ ਨੂੰ ਨਿਪਟਾਉਣ ਲਈ ਦਿੱਤੀ ਗਈ ਮਾਲੀ ਮਦਦ ਦੇ ਚੱਲਦਿਆਂ ਪਹਿਲਾਂ ਨਾਈਕੀ ਵੱਲੋਂ ਕੁੱਝ ਸਮੇਂ ਲਈ ਹਾਕੀ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਸਪਾਂਸਰਸ਼ਿਪ ਉੱਤੇ ਰੋਕ ਲਾਈ ਸੀ। ਨਾਈਕੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਹੁਣ ਨਾਈਕੀ ਹਾਕੀ ਕੈਨੇਡਾ ਦੀ ਸਪਾਂਸਰ ਨਹੀਂ ਰਹਿ ਗਈ ਹੈ। ਇਹ ਵੀ ਆਖਿਆ ਗਿਆ ਕਿ ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਨਾਲ ਭਾਈਵਾਲੀ ਦੇ ਚੱਲਦਿਆਂ ਕੰਪਨੀ ਹਾਕੀ ਕੈਨੇਡਾ ਦੇ ਖਿਡਾਰੀਆਂ ਨੂੰ ਆਨ-ਆਈਸ ਪ੍ਰੋਡਕਟ ਮੁਹੱਈਆ ਕਰਵਾਉਣੇ ਜਾਰੀ ਰੱਖੇਗੀ ਪਰ ਫੈਡਰੇਸ਼ਨ ਨਾਲ ਸਾਡੀ ਵਿਅਕਤੀਗਤ ਭਾਈਵਾਲੀ ਖ਼ਤਮ ਕੀਤੀ ਜਾ ਰਹੀ ਹੈ। ਪਿਛਲੇ ਸਾਲ ਹਾਕੀ ਕੈਨੇਡਾ ਵੱਲੋਂ ਇਹ ਸਵੀਕਾਰੇ ਜਾਣ ਕਿ ਉਨ੍ਹਾਂ ਨੇ ਆਪਣੇ ਰਿਜ਼ਰਵ ਰੱਖੇ ਫੰਡਾਂ ਨੂੰ ਜਿਨਸੀ ਹਮਲਿਆਂ ਨਾਲ ਸਬੰਧਤ ਮਾਮਲਿਆਂ ਨੂੰ ਸੁਲਝਾਉਣ ਵਾਸਤੇ ਵਰਤਿਆ, ਟਿੰਮ ਹੌਰਟਨਜ਼, ਬੈਂਕ ਆਫ ਨੋਵਾ ਸਕੋਸ਼ੀਆ, ਸ਼ੈਵਰਲੇ ਕੈਨੇਡਾ ਤੇ ਟੈਲਸ ਦੀ ਤਰਜ਼ ਉੱਤੇ ਨਾਈਕੀ ਨੇ ਵੀ ਕੁੱਝ ਸਮੇਂ ਲਈ ਆਪਣੀ ਸਪਾਂਸਰਸ਼ਿਪ ਮੁਲਤਵੀ ਕਰ ਦਿੱਤੀ ਸੀ।