ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਆਪਣੇ ਘਰ ਦਾ ਸੁਪਨਾ ਵੇਖਣ ਵਾਲਿਆਂ ਲਈ ਚੰਗੀ ਖਬਰ ਆਈ ਹੈ। ਕੈਨੇਡਾ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਆ ਰਹੀ ਹੈ। ਮਕਾਨਾਂ ਦੀਆਂ ਔਸਤ ਕੀਮਤਾਂ ਸਾਢੇ 5 ਫੀਸਦੀ ਤੱਕ ਹੇਠਾਂ ਚਲੀਆਂ ਗਈਆਂ ਹਨ। ਇਸ ਗਿਰਾਵਟ ਮਗਰੋਂ ਮਕਾਨਾਂ ਦੀ ਔਸਤ ਕੀਮਤ 4 ਲੱਖ 33 ਹਜ਼ਾਰ ਡਾਲਰ ‘ਤੇ ਆ ਗਈ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀੲੈਸ਼ਨ ਨੇ ਪਿਛਲੇ ਦੋ ਮਹੀਨਿਆਂ ਦੇ ਅੰਕੜਿਆਂ ‘ਤੇ ਅਧਾਰਿਤ ਇਹ ਜਾਣਕਾਰੀ ਉਪਲਬਧ ਕਰਵਾਈ ਹੈ। ਕੈਨੇਡਾ ਰੀਅਲ ਅਸਟੇਟ ਐਸੋਸੀਏਸ਼ਨ ਮੁਤਾਬਕ ਇਸ ਸਾਲ ਜਨਵਰੀ ਵਿਚ ਮਕਾਨ ਦੀ ਵਿਕਰੀ ਦਸੰਬਰ ਦੇ ਮੁਕਾਬਲੇ ਵੱਧ ਰਹੀ ਹੈ, ਪਰ ਜਨਵਰੀ 2018 ਦੇ ਮੁਕਾਬਲੇ ਇਹ ਵਿਕਰੀ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਸਖਤ ਮੌਰਗੇਜ਼ ਨਿਯਮਾਂ ਨੇ ਹਮੇਸ਼ਾ ਗਰਮਾਹਟ ਵਿਚ ਰਹਿਣ ਵਾਲੇ ਕੈਨੇਡੀਅਨ ਰੀਅਲ ਅਸਟੇਟ ਬਜ਼ਾਰ ਨੂੰ ਠੰਡਾ ਪਾਉਣ ਦਾ ਕੰਮ ਕੀਤਾ ਹੈ। ਇਸੇ ਕਾਰਨ ਹੀ ਮਕਾਨਾਂ ਦੀ ਵਿਕਰੀ ਘਟੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਬਾਰਥ ਸੁਕਾਓ ਨੇ ਕਿਹਾ ਕਿ ਘਰ ਖਰੀਦਣ ਦੇ ਚਾਹਵਾਨ ਲੋਕ ਅਜੇ ਤੱਕ ਲੰਘੇ ਵਰ੍ਹੇ ਲਾਗੂ ਕੀਤੇ ਗਏ ਮਾਰਗੇਜ਼ ਨਿਯਮਾਂ ਮੁਤਾਬਕ ਖੁਦ ਨੂੰ ਢਾਲ ਨਹੀਂ ਸਕੇ।
ਐਸੋਸੀਏਸ਼ਨ ਮੁਤਾਬਕ ਇਸ ਸਾਲ ਜਨਵਰੀ ਵਿਚ ਕੁੱਲ 23 ਹਜ਼ਾਰ 968 ਜਾਇਦਾਦਾਂ ਵਿਕੀਆਂ, ਪਰ ਜਨਵਰੀ 2018 ਵਿਚ ਤਕਰੀਬਨ 25 ਹਜ਼ਾਰ ਜਾਇਦਾਦਾਂ ਦੀ ਵਿਕਰੀ ਹੋਈ ਹੈ। ਕੈਨੇਡਾ ਦੇ ਲਗਭਗ ਹਰ ਖੇਤਰ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਕਟੌਤੀ ਨਜ਼ਰ ਆਈ, ਪਰ ਟੋਰਾਂਟੋ ਅਤੇ ਵੈਨਕੂਵਰ ਵਰਗੇ ਰੀਅਲ ਅਸਟੇਟ ਬਾਜ਼ਾਰਾਂ ਵਿਚ ਪਹਿਲਾਂ ਹੀ ਕੀਮਤਾਂ ਜ਼ਿਆਦਾ ਹੋਣ ਕਾਰਨ ਔਸਤ ਅੰਕੜਾ ਗੁੰਮਰਾਹਕੁੰਨ ਮਹਿਸੂਸ ਹੋ ਸਕਦਾ ਹੈ। ਗਰੇਟਰ ਵੈਨਕੂਵਰ ਮਕਾਨਾਂ ਦੀਆਂ ਕੀਮਤਾਂ ਲਗਭਗ 5 ਫੀਸਦੀ ਤੱਕ ਹੇਠਾਂ ਆਈਆਂ ਜਦੋਂ ਕਿ ਕੈਲਗਰੀ, ਐਡਮਿੰਟਨ, ਰਿਜ਼ਾਇਨਾ ਅਤੇ ਸਸਕਾਟੂਨ ਵਿਚ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਵੈਨਕੂਵਰ ਆਈਲੈਂਡ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੀਮਤਾਂ ਵਿਚ 9 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨਟਾਰੀਓ ਦੇ ਗੂਇਲਫ, ਔਟਾਵਾ ਅਤੇ ਨਿਆਗਰਾ ਖੇਤਰ ਵਿਚ ਮਕਾਨਾਂ ਦੀਆਂ ਕੀਮਤਾਂ ਵਿਚ ਤਕਰੀਬਨ 7 ਫੀਸਦੀ ਵਾਧਾ ਹੋਇਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …